ਸੈਂਕੜੇ ਕਰੋੜੀ ਨਸ਼ਾ ਫ਼ੈਕਟਰੀ ਮਾਮਲਾ : ਅੰਡਰਗਰਾਊਂਡ ਕੋਠੀ ਮਾਲਕ ਦੀ ਹੋਈ ‘ਅਚਨਚੇਤ ਐਂਟਰੀ’!

ਸੈਂਕੜੇ ਕਰੋੜੀ ਨਸ਼ਾ ਫ਼ੈਕਟਰੀ ਮਾਮਲਾ : ਅੰਡਰਗਰਾਊਂਡ ਕੋਠੀ ਮਾਲਕ ਦੀ ਹੋਈ ‘ਅਚਨਚੇਤ ਐਂਟਰੀ’!

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਸੁਲਤਾਨਵਿੰਡ ਵਿਖੇ ਫੜੀ ਗਈ ਸੈਂਕੜੇ ਕਰੌੜੀ ਨਸ਼ਾ ਫ਼ੈਕਟਰੀ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਐਸਟੀਐਫ਼ ਨੂੰ ਖ਼ੂਬ ਪਸੀਨਾ ਵਹਾਉਣਾ ਪੈ ਰਿਹਾ ਹੈ। ਇਸ ਮਾਮਲੇ ਦੇ ਤਾਰ ਵੱਡੇ ਸਿਆਸੀ ਆਗੂਆਂ ਨਾਲ ਜੁੜੇ ਹੋਣ ਦੇ ਸ਼ੰਕਿਆਂ ਦਰਮਿਆਨ ਐਸਟੀਐਫ਼ ਨੂੰ ਵਧੇਰੇ ਸਾਵਧਾਨੀ ਵਰਤਣੀ ਪੈ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਇਸ ਮਾਮਲੇ ਦੇ ਤਾਰ ਅਕਾਲੀ ਆਗੂ ਅਨਵਰ ਮਸੀਹ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ ਸਨ। ਕਿਉਂਕਿ ਜਿਸ ਕੋਠੀ ਵਿਚ ਇਹ ਫ਼ੈਕਟਰੀ ਚੱਲ ਰਹੀ ਸੀ, ਉਹ ਅਨਵਰ ਮਸੀਹ ਨਾਂ ਦੇ ਇਸ ਅਕਾਲੀ ਆਗੂ ਦੀ ਹੈ। ਇਸੇ ਅਧਾਰ ‘ਤੇ ਐਸਟੀਐਫ ਵਲੋਂ ਅਨਵਰ ਮਸੀਹ ਨੂੰ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ ਗਿਆ। ਭਾਵੇਂ ਸ਼ੁਰੂਆਤ ‘ਚ ਅਨਵਰ ਮਸੀਹ ਨੇ ਮੀਡੀਆ ਸਾਹਮਣੇ ਇਹ ਕੋਠੀ ਕਿਰਾਏ ‘ਤੇ ਦਿਤੀ ਹੋਣ ਦਾ ਹਵਾਲਾ ਦਿੰਦਿਆਂ ਖੁਦ ਨੂੰ ਬੇਕਸੂਰ ਦਸਿਆ ਸੀ। ਪਰ ਐਸਟੀਐਫ਼ ਦੇ ਨੋਟਿਸ ਤੋਂ ਬਾਅਦ ਉਹ ਅਚਾਨਕ ਰੂਪੋਸ਼ ਹੋ ਗਏ ਸਨ। ਐਸਟੀਐਫ਼ ਵਲੋਂ ਅਨਵਰ ਮਸੀਹ ਨਾਲ ਸੰਪਰਕ ਕਰਨ ਲਈ ਵਾਰ ਵਾਰ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਜਦੋਂ ਐਸਟੀਐਫ਼ ਵਲੋਂ ਅਨਵਰ ਮਸੀਹ ਨੂੰ ਮੁੜ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਹ ਅਪਣੇ ਸਮਰਥਕਾਂ ਸਮੇਤ ਅੰਮ੍ਰਿਤਸਰ ਸਥਿਤ ਐਸਟੀਐਫ਼ ਦਫ਼ਤਰ ਵਿਚ ਬਿਆਨ ਦਰਜ ਕਰਵਾਉਣ ਲਈ ਪਹੁੰਚ ਗਿਆ। ਕਾਬਲੇਗੌਰ ਹੈ ਕਿ ਅਨਵਰ ਮਸੀਹ ਮਸੀਹ ਲੰਮਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਹਨ। ਉਹ ਪੰਜਾਬ ਕ੍ਰਿਸ਼ਚੀਅਨ ਫ਼ਰੰਟ ਦਾ ਆਗੂ ਹੈ। ਪਿਛਲੀ ਅਕਾਲੀ ਸਰਕਾਰ ਵੇਲੇ ਉਹ ਐਸਐਸ ਕੋਰਟ ਦੇ ਮੈਂਬਰ ਵਜੋਂ ਸਰਗਰਮ ਰਿਹਾ ਹੈ। ਹੁਣ ਅਨਵਰ ਮਸੀਹ ਦੀ ਮਾਲਕੀ ਵਾਲੀ ਕੋਠੀ ਵਿਚ ਨਸ਼ਾ ਫੈਕਟਰੀ ਮਿਲਣ ਤੋਂ ਬਾਅਦ ਐਸਟੀਐਫ਼ ਨੇ ਉਨ੍ਹਾਂ ਨੂੰ ਪੁਛਗਿੱਛ ਲਈ ਬੁਲਾਇਆ ਸੀ। ਐਸਟੀਐਫ਼ ਅਨਵਰ ਮਸੀਹ ਤੋਂ ਸੁਖਵਿੰਦਰ ਸਿੰਘ ਨੂੰ ਕੋਠੀ ਕਿਰਾਏ ‘ਤੇ ਦੇਣ ਅਤੇ ਉਨ੍ਹਾਂ ਵਿਚਾਲੇ ਸੰਪਰਕ ਕਿਸ ਤਰ੍ਹਾਂ ਹੋਇਆ? ਵਰਗੇ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੀ ਹੈ। ਅਨਵਰ ਮਸੀਹ ਵਲੋਂ ਕੋਠੀ ਕਿਰਾਏ ‘ਤੇ ਦੇਣ ਸਮੇਂ ਰੈਂਟ ਐਗਰੀਮੈਂਟ ਨਾ ਕਰਨਾ ਅਤੇ ਕੋਠੀ ਵਿਚ ਚੱਲ ਰਹੇ ਇੰਨੇ ਵੱਡੇ ਨਸ਼ਾ ਕਾਰੋਬਾਰ ਬਾਰੇ ਉਸ ਦੀ ਅਨਜਾਣਤਾ ਜਿਹੇ ਸਵਾਲਾਂ ਦੇ ਜਵਾਬ ਜਾਨਣ ਲਈ ਐਸਟੀਐਫ਼ ਵਲੋਂ ਅਨਵਰ ਮਸੀਹ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।

You must be logged in to post a comment Login