ਸੌਦਾ ਸਾਧ ਕੇਸ: ਨਿਆਂ ਪਾਲਿਕਾ ਤੋਂ ਨਿਆਂ ਦੀ ਆਸ ਬੱਝੀ

ਸੌਦਾ ਸਾਧ ਕੇਸ: ਨਿਆਂ ਪਾਲਿਕਾ ਤੋਂ ਨਿਆਂ ਦੀ ਆਸ ਬੱਝੀ
  • ਜਤਿੰਦਰ ਪਨੂੰ

ਯੂਨੀਵਰਸਿਟੀ ਵਿਚ ਪੜ੍ਹਨ ਜਾਣਾ ਮੇਰੇ ਨਸੀਬ ਵਿਚ ਨਹੀਂ ਸੀ, ਪਰ ਹੁਣ ਕਦੇ-ਕਦੇ ਸੱਦੇ ਉਤੇ ਜਾਣ ਲਈ ਸਬੱਬ ਬਣ ਜਾਂਦਾ ਹੈ। ਇਹੋ ਜਿਹੇ ਇੱਕ ਮੌਕੇ ਪੁਲੀਟੀਕਲ ਸਾਇੰਸ ਦੇ ਇੱਕ ਵਿਦਿਆਰਥੀ ਨੇ ਸਵਾਲ ਪੁੱਛਿਆ ਸੀ ਕਿ ਦੁਸਹਿਰਾ ਧਾਰਮਿਕ ਉਤਸਵ ਹੁੰਦਾ ਹੈ, ਉਥੇ ਰਾਵਣ ਦੇ ਬੁੱਤ ਨੂੰ ਅੱਗ ਲਾਉਣ ਲਈ ਰਾਜਸੀ ਆਗੂ ਕਿਉਂ ਸੱਦੇ ਜਾਂਦੇ ਹਨ? ਮੈਂ ਉਸ ਨੂੰ ਕਿਹਾ ਸੀ ਕਿ ਉਹ ਸੱਦੇ ਉਤੇ ਜਾਂਦੇ ਹਨ, ਪਰ ਨਾ ਵੀ ਸੱਦੇ ਜਾਣ ਤਾਂ ਦੁਸਹਿਰੇ ਦਾ ਜਿੰਨਾ ਮਹੱਤਵ ਭਾਰਤੀ ਰਾਜਨੀਤੀ ਨਾਲ ਹੈ, ਓਨਾ ਸ਼ਾਇਦ ਧਾਰਮਿਕ ਪੱਖੋਂ ਨਹੀਂ ਹੋਵੇਗਾ। ਗੱਲ ਸਪੱਸ਼ਟ ਕਰਨ ਲਈ ਮੈਂ ਕਿਹਾ ਸੀ ਕਿ ਕਲਾਕਾਰਾਂ ਤੇ ਮਜ਼ਦੂਰਾਂ ਨੂੰ ਲਾ ਕੇ ਕਈ ਦਿਨਾਂ ਵਿਚ ਬੁੱਤ ਤਿਆਰ ਕਰਵਾਇਆ ਜਾਂਦਾ ਤੇ ਫਿਰ ਕਮੇਟੀ ਮੈਂਬਰ ਦੂਰ ਖੜ੍ਹੋ ਕੇ ਵੇਖਣ ਪਿਛੋਂ ਉਸ ਦੀ ਸ਼ਲਾਘਾ ਲਈ ਕਹਿੰਦੇ ਹਨ, ਹੁਣ ਵਾਹਵਾ ਡਰਾਉਣਾ ਜਾਪਦਾ ਹੈ। ਦੋ ਕੁ ਦਿਨ ਬਾਅਦ ਉਸ ਖੁਦ ਹੀ ਤਿਆਰ ਕਰਵਾਏ ਹੋਏ ਤੇ ਵਾਹਵਾ ਡਰਾਉਣੇ ਜਾਪਦੇ ਬੁੱਤ ਨੂੰ ਕਿਸੇ ਸਿਆਸੀ ਆਗੂ ਕੋਲੋਂ ਅੱਗ ਲਵਾ ਕੇ ਕਿਹਾ ਜਾਂਦਾ ਹੈ ਕਿ ‘ਇਸ ਰਸਮ ਨਾਲ ਬਦੀ ਉਤੇ ਨੇਕੀ ਦੀ ਜਿੱਤ’ ਹੋਈ ਹੈ। ਭਾਰਤੀ ਰਾਜਨੀਤੀ ਆਏ ਦਿਨ ਅਜਿਹੇ ਉਚੇ ਡਰਾਉਣੇ ਕੱਦ ਦੇ ਬੁੱਤ ਘੜਦੀ ਤੇ ਫਿਰ ਨੇਕੀ ਦੀ ਜਿੱਤ ਦਾ ਸ਼ੋਸ਼ਾ ਛੱਡਦੀ ਰਹਿੰਦੀ ਹੈ। ਅਸਲ ਵਿਚ ਇਸ ਕੰਮ ਵਿਚ ਭਾਰਤ ਦੀ ਰਾਜਨੀਤੀ ਬੜੀ ਮਾਹਰ ਹੋ ਚੁਕੀ ਹੈ ਤੇ ਏਨੀ ਸਫਾਈ ਨਾਲ ਇਹੋ ਜਿਹਾ ਕੰਮ ਕਰਦੀ ਹੈ ਕਿ ਚੌਕ ਵਿਚ ਖੜ੍ਹੇ ਜਾਦੂ ਦਾ ਝੁਰਲੂ ਘੁੰਮਾਉਣ ਵਾਲੇ ਜਾਦੂਗਰ ਨੂੰ ਵੀ ਮਾਤ ਪਾ ਸਕਦੀ ਹੈ। ਇਹ ਕਹਾਣੀ ਇਸ ਵਕਤ ਸਾਨੂੰ ਸਿਰਸੇ ਦੇ ਡੇਰਾ ਸੱਚਾ ਸੌਦਾ ਵਾਲੇ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਅਤੇ ਉਸ ਤੋਂ ਪਹਿਲਾਂ ਦਾ ਕਿੱਸਾ ਸਮਝਾਉਣ ਲਈ ਦੱਸਣੀ ਪਈ ਹੈ। ਦੇਸ਼ ਆਜ਼ਾਦ ਹੋਣ ਤੋਂ ਇੱਕ ਸਾਲ ਪਿੱਛੋਂ ਡੇਰਾ ਸੱਚਾ ਸੌਦਾ ਸਿਰਸੇ ਵਿਚ ਬਾਬਾ ਮਸਤਾਨਾ ਬਲੋਚਸਤਾਨੀ ਨੇ ਸ਼ੁਰੂ ਕੀਤਾ ਸੀ। ਉਸ ਦਾ ਅਸਲ ਨਾਂ ਖੇਮਾ ਮੱਲ ਸੀ, ਪਰ ਰਾਧਾ ਸਵਾਮੀ ਬਿਆਸ ਦੇ ਬਾਬਾ ਸਾਵਣ ਸਿੰਘ ਨੇ ਮਸਤਾਨਾ ਬਲੋਚਸਤਾਨੀ ਰੱਖ ਦਿੱਤਾ। ਬਾਬਾ ਮਸਤਾਨਾ ਤੋਂ ਬਾਅਦ ਇਸ ਡੇਰੇ ਦਾ ਮੁਖੀ ਸ਼ਾਹ ਸਤਨਾਮ ਬਣਿਆ ਤੇ ਉਸ ਦੇ ਬਾਅਦ ਗੁਰਮੀਤ ਰਾਮ ਰਹੀਮ ਸਿੰਘ ਦੀ ਵਾਰੀ ਆ ਗਈ। ਗੁਰਮੀਤ ਰਾਮ ਰਹੀਮ ਦੇ ਬਚਪਨ ਦੇ ਨਾਂ ਬਾਰੇ ਕਈ ਚਰਚੇ ਸੁਣਨ ਨੂੰ ਮਿਲੇ ਹਨ। ਅਸਲੀ ਨਾਂ ਕੀ ਸੀ, ਇਸ ਦਾ ਕੋਈ ਪੱਕਾ ਪਤਾ ਨਹੀਂ ਲੱਗਦਾ। ਜਾਣਨ ਵਾਲੀ ਵੱਡੀ ਗੱਲ ਇਹ ਹੈ ਕਿ ਇਸ ਬੰਦੇ ਦੇ ਡੇਰਾ ਮੁਖੀ ਬਣਨ ਤੋਂ ਪਹਿਲਾਂ ਇਸ ਡੇਰੇ ਬਾਰੇ ਕਦੇ ਕੋਈ ਵਿਵਾਦ ਨਹੀਂ ਸੀ ਛਿੜ ਸਕਿਆ ਤੇ ਉਦੋਂ ਤੱਕ ਇਸ ਡੇਰੇ ਉਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਵੋਟਾਂ ਦੇ ਸੌਦੇ ਮਾਰਨ ਦਾ ਦੋਸ਼ ਵੀ ਨਹੀਂ ਸੀ ਲੱਗਦਾ।
ਸਾਲ 1998 ਦੀਆਂ ਪਾਰਲੀਮੈਂਟ ਚੋਣਾਂ ਤੋਂ ਕੁਝ ਦਿਨ ਪਿੱਛੋਂ ਜਦੋਂ ਅਸੀਂ ਇਸ ਡੇਰੇ ਦੇ ਖਿਲਾਫ ਪਹਿਲਾ ਲੇਖ ਲਿਖਿਆ, ਜਿਹੜਾ ਉਦੋਂ ਤੱਕ ਇਸ ਡੇਰੇ ਵਿਰੁਧ ਕਿਸੇ ਰੋਜ਼ਾਨਾ ਅਖਬਾਰ ਵਿਚ ਛਪਿਆ ਪਹਿਲਾ ਲੇਖ ਸੀ, ਉਦੋਂ ਡੇਰੇ ਦੀ ਕਮੇਟੀ ਸਿਰਸੇ ਤੋਂ ਚੱਲ ਕੇ ਸਾਡੇ ਦਫਤਰ ਧਮਕੀ ਦੇਣ ਆਈ ਸੀ। ਕੁਝ ਦਿਨ ਪਿੱਛੋਂ ਜਦੋਂ ਮੈਂ ਇੱਕ ਸਮਾਗਮ ਵਾਸਤੇ ਸਿਰਸੇ ਜਾਣਾ ਸੀ ਤਾਂ ਮੈਨੂੰ ਪੱਤਰਕਾਰ ਛਤਰਪਤੀ ਦਾ ਫੋਨ ਆਇਆ ਕਿ ਸਿਰਸੇ ਆਓ ਤਾਂ ਮੈਨੂੰ ਮਿਲਣ ਦਾ ਵਕਤ ਜ਼ਰੂਰ ਦੇ ਦਿਓ। ਮੈਂ ਉਸ ਨੂੰ ਨਹੀਂ ਸੀ ਜਾਣਦਾ, ਉਦੋਂ ਮੇਲ ਹੋਇਆ ਸੀ। ਡੇਰੇ ਦੇ ਗਵਾਂਢ ਵੱਸਣ ਵਾਲੇ ਲੋਕਾਂ ਦੇ ਦੁੱਖ ਵੀ ਸੁਣੇ ਸਨ। ਛਤਰਪਤੀ ਨੇ ਜੋ ਕੁਝ ਦੱਸਿਆ, ਉਹ ਹੈਰਾਨੀ ਦੀਆਂ ਸਭ ਹੱਦਾਂ ਟੱਪ ਜਾਣ ਵਾਲਾ ਸੀ। ਮੈਨੂੰ ਅਫਸੋਸ ਹੈ ਕਿ ਸੱਚ ਦੀ ਪਹਿਰੇਦਾਰੀ ਕਰਨ ਵਾਲੇ ਉਸ ਵਿਅਕਤੀ ਨੂੰ ਫਿਰ ਕਦੀ ਮਿਲਣ ਦਾ ਸਬੱਬ ਨਹੀਂ ਬਣ ਸਕਿਆ, ਉਸ ਦਾ ਕਤਲ ਹੋ ਗਿਆ ਸੀ ਤੇ ਕਤਲ ਕਰਵਾਉਣ ਦਾ ਦੋਸ਼ ਇਸੇ ਡੇਰਾ ਮੁਖੀ ਉਤੇ ਲੱਗਦਾ ਸੀ।
ਹੁਣ ਜਿਸ ਕੇਸ ਵਿਚ ਡੇਰਾ ਮੁਖੀ ਨੂੰ ਸਜ਼ਾ ਹੋਈ ਹੈ, ਇਸ ਦਾ ਮੁੱਢ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਉਦੋਂ ਦੇ ਭਾਰਤ ਦੇ ਮੁੱਖ ਜੱਜ ਨੂੰ ਇੱਕ ਸਾਧਵੀ ਵੱਲੋਂ ਲਿਖੀ ਗਈ ਚਿੱਠੀ ਤੋਂ ਬੱਝਾ ਸੀ। ਚੰਡੀਗੜ੍ਹ ਤੋਂ ਛਪਦੇ ਅਖਬਾਰ ‘ਦੇਸ਼ ਸੇਵਕ’ ਨੇ ਉਹ ਚਿੱਠੀ ਜਦੋਂ ਛਾਪੀ ਤਾਂ ਸਰਕਾਰ ਤੇ ਜਾਂਚ ਏਜੰਸੀਆਂ ਨੇ ਜਾਂਚ ਕਰਨ ਦੀ ਲੋੜ ਨਹੀਂ ਸੀ ਸਮਝੀ, ਪਰ ਛਪ ਜਾਣ ਨਾਲ ਚਰਚਾ ਵਿਚ ਆਈ ਚਿੱਠੀ ਜਦੋਂ ਹਾਈ ਕੋਰਟ ਜਾ ਪਹੁੰਚੀ ਅਤੇ ਸੀ. ਬੀ.ਆਈ. ਜਾਂਚ ਦਾ ਹੁਕਮ ਹੋ ਗਿਆ ਤਾਂ ਉਹੋ ਚਿੱਠੀ ਡੇਰਾ ਮੁਖੀ ਨੂੰ ਜੇਲ੍ਹ ਲੈ ਗਈ। ‘ਸਮੁੰਦਰ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਪਾਉਣ’ ਦੇ ਮੁਹਾਵਰੇ ਵਾਂਗ ਪੱਤਰਕਾਰ ਛਤਰਪਤੀ ਸਿਰਸੇ ਵਿਚ ਬੈਠਾ ਵੀ ਇਸ ਬਾਰੇ ਬਹੁਤ ਪਹਿਲਾਂ ਤੋਂ ਲਿਖੀ ਜਾਂਦਾ ਸੀ, ਪਰ ਛੋਟਾ ਸ਼ਹਿਰ ਤੇ ਛੋਟਾ ਪਰਚਾ ਹੋਣ ਕਰ ਕੇ ਕੋਈ ਧਿਆਨ ਨਹੀਂ ਸੀ ਦਿੰਦਾ। ਧਮਕੀਆਂ ਦੀ ਪ੍ਰਵਾਹ ਤਾਂ ਉਸ ਨੇ ਨਹੀਂ ਸੀ ਕੀਤੀ, ਪਰ ਪ੍ਰਸ਼ਾਸਨ ਤੇ ਪੁਲਿਸ ਨੂੰ ਸੂਚਨਾ ਦਿੰਦਾ ਰਿਹਾ ਸੀ, ਫਿਰ ਵੀ ਉਸ ਦੀ ਸੁਰੱਖਿਆ ਲਈ ਕੋਈ ਚਿੰਤਾ ਨਹੀਂ ਕੀਤੀ ਗਈ। ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਕਈ ਦਿਨ ਹਸਪਤਾਲ ਪਿਆ ਵੀ ਬਿਆਨ ਦਰਜ ਕਰਾਉਣ ਲਈ ਹਾੜੇ ਕੱਢਦਾ ਰਿਹਾ, ਪਰ ਡੇਰਾ ਮੁਖੀ ਦੇ ਦਬਾਅ ਹੇਠ ਉਦੋਂ ਦੀ ਸਰਕਾਰ ਨੇ ਪੁਲਿਸ ਦੀ ਨੱਥ ਖਿੱਚ ਕੇ ਫੜੀ ਹੋਈ ਸੀ। ਸਰਕਾਰ ਉਦੋਂ ਓਮ ਪ੍ਰਕਾਸ਼ ਚੌਟਾਲਾ ਦੀ ਸੀ, ਜਿਸ ਨੇ ਉਸ ਤੋਂ ਚੋਣਾਂ ਵਿਚ ਇਸ ਡੇਰੇ ਤੋਂ ਵੋਟਾਂ ਦਾ ਪਰਾਗਾ ਹਾਸਲ ਕੀਤਾ ਹੋਇਆ ਸੀ ਤੇ ਚੌਟਾਲੇ ਦੇ ਕਹੇ ਉਤੇ ਇਹ ਡੇਰਾ ਪੰਜਾਬ ਵਿਚ ਅਕਾਲੀਆਂ ਦੀ ਮਦਦ ਵੀ ਕਰ ਚੁਕਾ ਸੀ। ਚੌਟਾਲੇ ਅਤੇ ਅਕਾਲੀਆਂ ਤੋਂ ਪਹਿਲਾਂ ਉਹ ਕਾਂਗਰਸ ਦੀ ਤੇ ਪਿੱਛੋਂ ਭਾਜਪਾ ਦੀ ਮਦਦ ਵੀ ਕਰਦਾ ਰਿਹਾ ਹੈ। ਉਸ ਤੋਂ ਵੋਟਾਂ ਦੀ ਖੈਰ ਲੈਣ ਕਾਰਨ ਸਾਰੇ ਸਿਆਸੀ ਆਗੂ ਕਾਣੇ ਹੋਏ ਪਏ ਸਨ। ਗੁਰਮੀਤ ਰਾਮ ਰਹੀਮ ਸਿੰਘ ਦੇ ਪੁੱਠੇ ਕਾਰਿਆਂ ਦੀ ਕੁੱਲ ਕਥਾ ਇਸ ਵੇਲੇ ਕਰਨ ਦੀ ਸਾਨੂੰ ਲੋੜ ਇਸ ਕਰ ਕੇ ਨਹੀਂ ਕਿ ਲੀਰਾਂ ਦਾ ਇਹ ਖਿੱਦੋ ਹੁਣ ਬਥੇਰਾ ਖਿੱਲਰ ਚੁਕਾ ਹੈ। ਹਰਿਆਣੇ ਦੀ ਮੌਜੂਦਾ ਸਰਕਾਰ ਤੇ ਇਸ ਦੇ ਮੁੱਖ ਮੰਤਰੀ ਦੀ ਉਸ ਡੇਰਾ ਮੁਖੀ ਨਾਲ ਅਹਿਸਾਨ ਪੁਗਾਊ ਸਾਂਝ ਦੀ ਗੱਲ ਇਸ ਵੇਲੇ ਜਾਣ ਲੈਣੀ ਵੱਧ ਜ਼ਰੂਰੀ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਤੱਕ ਉਹ ਭਾਜਪਾ ਦੇ ਪੱਖ ਵਿਚ ਨਿਭਣ ਨੂੰ ਤਿਆਰ ਨਹੀਂ ਸੀ ਹੋਇਆ, ਪਰ ਜਦੋਂ ਕੇਂਦਰ ਦੀ ਸਰਕਾਰ ਬਦਲੀ ਅਤੇ ਇਹ ਸਮਝਾ ਦਿੱਤਾ ਗਿਆ ਕਿ ਮਦਦ ਤੇਰੇ ਤੋਂ ਮੰਗੀ ਨਹੀਂ ਜਾ ਰਹੀ, ਤੈਨੂੰ ਕਰਨੀ ਪੈਣੀ ਹੈ, ਵਰਨਾ ਜੇਲ੍ਹ ਵਿਚ ਜਾਵੇਂਗਾ ਤਾਂ ਉਹ ਭਾਜਪਾ ਦੀ ਮਦਦ ਕਰਨ ਨੂੰ ਮੰਨ ਗਿਆ। ਹਰਿਆਣੇ ਵਿਚ ਭਾਜਪਾ ਦੀ ਨਿਰੋਲ ਸਰਕਾਰ ਪਹਿਲੀ ਵਾਰ ਬਣਨ ਪਿੱਛੋਂ ਸਾਰੇ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਚੇਚਾ ਇਸ ਡੇਰੇ ਵਿਚ ਪੁੱਜਾ ਤੇ ਡੇਰਾ ਮੁਖੀ ਦੇ ਚਰਨਾਂ ਵਿਚ ਵਾਰੋ-ਵਾਰੀ ਸਿਰ ਰੱਖ-ਰੱਖ ਕੇ ਸਭਨਾਂ ਨੇ ਉਸ ਦਾ ਧੰਨਵਾਦ ਕੀਤਾ ਸੀ।
ਹਰ ਸਾਲ ਆਜ਼ਾਦੀ ਵਾਲੇ ਦਿਨ ਇਸ ਡੇਰਾ ਮੁਖੀ ਦਾ ਜਨਮ ਦਿਨ ਹੁੰਦਾ ਹੈ ਤੇ ਉਹ ਦਿਨ ਰਾਜਾਂ ਵਿਚ ਮੰਤਰੀਆਂ ਲਈ ਝੰਡਾ ਝੁਲਾਉਣ ਦੀ ਜਿੰਮੇਵਾਰੀ ਕਾਰਨ ਬੜਾ ਰੁਝੇਵੇਂ ਵਾਲਾ ਹੁੰਦਾ ਹੈ। ਇਸ ਦੇ ਬਾਵਜੂਦ ਇਸ ਵਾਰੀ ਹਰਿਆਣਾ ਸਰਕਾਰ ਦਾ ਦੂਜੇ ਨੰਬਰ ਦਾ ਮੰਤਰੀ, ਇੱਕ ਹੋਰ ਮੰਤਰੀ ਨੂੰ ਨਾਲ ਲੈ ਕੇ ਬਾਬੇ ਦਾ ਜਨਮ ਦਿਨ ਮਨਾਉਣ ਉਦੋਂ ਪੁੱਜਾ, ਜਦੋਂ ਬਾਬੇ ਦੇ ਖਿਲਾਫ ਕੇਸ ਵਿਚ ਹੁਕਮ ਦੀ ਤਾਰੀਖ ਐਲਾਨੀ ਜਾ ਚੁਕੀ ਸੀ। ਉਨ੍ਹਾਂ ਨੇ ਉਸ ਮੌਕੇ ਉਸ ਡੇਰੇ ਲਈ ਅੱਧਾ ਕਰੋੜ ਮਾਇਆ ਦਾ ਗੱਫਾ ਵੀ ਉਲੱਦਿਆ ਸੀ। ਫਿਰ ਜਦੋਂ ਡੇਰਾ ਮੁਖੀ ਨੇ ਪੰਚਕੂਲੇ ਹਾਜ਼ਰ ਹੋਣਾ ਸੀ, ਉਸ ਦੇ ਜਿਹੜੇ ਹਮਾਇਤੀ ਲੱਖਾਂ ਦੀ ਗਿਣਤੀ ਵਿਚ ਉਥੇ ਅਗੇਤੇ ਭੇਜੇ ਜਾ ਰਹੇ ਸਨ, ਉਨ੍ਹਾਂ ਦੇ ਰਾਸ਼ਨ-ਪਾਣੀ ਤੇ ਹੋਰ ਸਾਰੇ ਪ੍ਰਬੰਧ ਦੀ ਜਿੰਮੇਵਾਰੀ ਹਰਿਆਣੇ ਦਾ ਉਹੋ ਮੰਤਰੀ ਸੰਭਾਲ ਰਿਹਾ ਸੀ, ਜਿਹੜਾ ਕੁੱਲ ਨੌਂ ਦਿਨ ਪਹਿਲਾਂ ਬਾਬੇ ਦੇ ਜਨਮ ਦਿਨ ਮੌਕੇ ਸਿਰਸੇ ਗਿਆ ਸੀ।
ਹਰਿਆਣਾ ਸਰਕਾਰ ਨੇ ਇਸ ਦੌਰਾਨ ਨਿਆਂ ਪਾਲਿਕਾ ਨੂੰ ਵੀ ਧੋਖਾ ਦੇਣ ਦਾ ਯਤਨ ਕੀਤਾ। ਪਹਿਲਾਂ ਦਫਾ ਇੱਕ ਸੌ ਚੁਤਾਲੀ ਲਾਉਣ ਦੀ ਸੂਚਨਾ ਦਿੱਤੀ, ਜਦੋਂ ਹਾਲੇ ਲਾਈ ਨਹੀਂ ਸੀ। ਫਿਰ ਇੱਕ ਸੌ ਚੁਤਾਲੀ ਦੇ ਹੁਕਮ ਜਾਰੀ ਕੀਤੇ ਤਾਂ ਇਸ ਹੁਕਮ ਵਿਚ ਚਾਰ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦਾ ਜ਼ਿਕਰ ਨਹੀਂ ਸੀ ਕੀਤਾ। ਅਗਲੇ ਦਿਨ ਅਦਾਲਤ ਨੇ ਇਸ ਦਾ ਕਾਰਨ ਪੁੱਛਿਆ ਤਾਂ ਇਸ ਨੂੰ ਕਲੈਰੀਕਲ ਮਿਸਟੇਕ ਕਹਿ ਦਿੱਤਾ ਗਿਆ। ਹਾਈ ਕੋਰਟ ਤੱਕ ਸਭ ਥਾਂ ਇਹ ਦੱਸਿਆ ਗਿਆ ਕਿ ਫੌਜ ਤਾਇਨਾਤ ਕੀਤੀ ਗਈ ਹੈ, ਪਰ ਫੌਜ ਸਿਰਫ ਸੱਦੀ ਗਈ, ਸਥਿਤੀ ਸੰਭਾਲਣ ਵਾਸਤੇ ਨਹੀਂ ਲਾਈ ਗਈ। ਪੰਚਕੂਲੇ ਸ਼ਹਿਰ ਵਿਚ ਅੱਗਾਂ ਲੱਗਣ ਤੇ ਦੋ ਦਰਜਨ ਤੋਂ ਵੱਧ ਮੌਤਾਂ ਹੋ ਜਾਣ ਪਿੱਛੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਕਹਿਣ ਵਿਚ ਝਿਜਕ ਨਹੀਂ ਵਿਖਾਈ ਕਿ ਇਹ ਡੇਰਾ ਸਮੱਰਥਕਾਂ ਦਾ ਕੰਮ ਨਹੀਂ, ਉਨ੍ਹਾਂ ਵਿਚ ਆਣ ਵੜੇ ਗੈਰ ਸਮਾਜੀ ਗੁੰਡਿਆਂ ਦਾ ਕਾਰਾ ਹੋਵੇਗਾ।
ਇਹੋ ਮੁੱਖ ਮੰਤਰੀ ਇਸ ਤੋਂ ਪਹਿਲਾਂ ‘ਸੰਤ’ ਰਾਮਪਾਲ ਦੇ ਡੇਰੇ ਉਤੇ ਕਾਰਵਾਈ ਕਰਨ ਵੇਲੇ ਵੀ ਨਿਆਂ ਪਾਲਿਕਾ ਨੂੰ ਗੁੰਮਰਾਹ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਗੈਰ ਜਿੰਮੇਵਾਰ ਅਗਵਾਈ ਕਰਦਾ ਰਿਹਾ ਸੀ। ਜਾਟ ਐਜੀਟੇਸ਼ਨ ਦੇ ਵਕਤ ਵੀ ਹਰ ਤਰ੍ਹਾਂ ਦੀ ਗੁੰਡਾਗਰਦੀ ਤੇ ਹਰਿਆਣਾ ਵਿਚੋਂ ਲੰਘ ਰਹੀਆਂ ਔਰਤਾਂ ਨੂੰ ਅਗਵਾ ਕਰ ਕੇ ਬਲਾਤਕਾਰ ਕਰਨ ਦੀਆਂ ਘਟਨਾਵਾਂ ਨੂੰ ਛੁਪਾਉਣ ਵਾਲੀ ਸਰਕਾਰੀ ਮਸ਼ੀਨਰੀ ਨੂੰ ਥਾਪੜਾ ਇਹੋ ਮੁੱਖ ਮੰਤਰੀ ਦਿੰਦਾ ਰਿਹਾ ਸੀ। ਇਸ ਵਾਰ ਸਿਰਸੇ ਵਾਲੇ ਸਾਧ ਦੇ ਮਾਮਲੇ ਵਿਚ ਉਸ ਨੇ ਫਿਰ ਗੈਰ ਜਿੰਮੇਵਾਰੀ ਵਿਖਾਈ ਹੈ। ਪੰਚਕੂਲੇ ਵਿਚ ਇਸ ਡੇਰਾ ਮੁਖੀ ਦੀ ਪੇਸ਼ੀ ਕਰਨ ਤੋਂ ਪਹਿਲਾਂ ਜਿਵੇਂ ਉਸ ਨੂੰ ਸਿਰਸੇ ਡੇਰੇ ਤੋਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਕਾਫਲਿਆਂ ਤੋਂ ਵੱਡੇ ਕਾਰਾਂ ਦੇ ਕਾਫਲੇ ਨਾਲ ਲਿਆਂਦਾ ਗਿਆ, ਉਸ ਤੋਂ ਸਾਫ ਦਿਸਦਾ ਸੀ ਕਿ ਉਸ ਨੂੰ ਸਰਕਾਰੀ ਸਰਪ੍ਰਸਤੀ ਦੀ ਸਿਖਰ ਹੈ। ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਸ ਨੂੰ ਰੋਹਤਕ ਜੇਲ੍ਹ ਵਿਚ ਵੀ ਸਭ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਇਸ ਮੁੱਦੇ ਉਤੇ ਰਾਜਨੀਤੀ ਹੋ ਰਹੀ ਹੈ। ਕਾਂਗਰਸੀ ਆਗੂ ਭਾਜਪਾ ਨੂੰ ਦੋਸ਼ ਦੇ ਰਹੇ ਹਨ। ਪਹਿਲਾਂ ਦਸ ਸਾਲ ਜਦੋਂ ਉਸੇ ਰਾਜ ਵਿਚ ਕਾਂਗਰਸ ਦੀ ਸਰਕਾਰ ਸੀ, ਇਸ ਬਾਬੇ ਦੀ ਸਰਪ੍ਰਸਤੀ ਉਨ੍ਹਾਂ ਵੀ ਕੀਤੀ ਸੀ ਅਤੇ ਬਾਬੇ ਦੇ ਖਿਲਾਫ ਸ਼ਿਕਾਇਤ ਕਰਨ ਵਾਲਿਆਂ ਨੂੰ ਸੁਰੱਖਿਆ ਨਹੀਂ ਸੀ ਦਿੱਤੀ। ਅਕਾਲੀ ਆਗੂ ਹੁਣ ਉਸ ਬਾਬੇ ਵਿਰੁਧ ਬੋਲਦੇ ਹਨ, ਪਰ ਅੱਜ ਤੋਂ ਦੋ ਸਾਲ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੰਬਈ ਵਿਚ ਇੱਕ ਫਿਲਮ ਸਟਾਰ ਦੇ ਘਰ ਬੈਠ ਕੇ ਸੱਚੇ ਸੌਦੇ ਵਾਲਿਆਂ ਨਾਲ ਗੁੱਝੀ ਸੌਦੇਬਾਜ਼ੀ ਕੀਤੀ ਤੇ ਫਿਰ ਅਕਾਲ ਤਖਤ ਦੇ ਜਥੇਦਾਰ ਦੀ ਅਗਵਾਈ ਹੇਠ ਏਸੇ ਡੇਰਾ ਮੁਖੀ ਨੂੰ ਅਣਮੰਗੀ ਮੁਆਫੀ ਮਿਲ ਗਈ ਸੀ। ਭਾਜਪਾ ਆਗੂ ਤੇ ਮੁੱਖ ਮੰਤਰੀ ਖੱਟਰ ਦਾ ਕਿਰਦਾਰ ਅਸੀਂ ਪਿੱਛੇ ਲਿਖ ਆਏ ਹਾਂ। ਹੁਣ ਸਭ ਤੋਂ ਉਚੀ ਸੁਰ ਵਿਚ ਹਰਿਆਣਾ ਦੀ ਇਨੈਲੋ ਪਾਰਟੀ ਦੇ ਆਗੂ ਬੋਲ ਰਹੇ ਹਨ, ਪਰ ਜਦੋਂ ਇਸੇ ਡੇਰੇ ਨਾਲ ਜੁੜੇ ਕਾਤਲਾਂ ਨੇ ਪੱਤਰਕਾਰ ਛਤਰਪਤੀ ਨੂੰ ਗੋਲੀਆਂ ਮਾਰੀਆਂ ਤੇ ਅਠਾਈ ਦਿਨ ਉਹ ਜ਼ਖਮੀ ਹੋਇਆ ਹਸਪਤਾਲ ਵਿਚ ਪਿਆ ਇਹ ਕੂਕਾਂ ਮਾਰਦਾ ਰਿਹਾ ਕਿ ਜਾਨ ਮੇਰੀ ਬਚਣੀ ਨਹੀਂ, ਪੁਲਿਸ ਭੇਜ ਕੇ ਮੇਰਾ ਬਿਆਨ ਹੀ ਰਿਕਾਰਡ ਕਰਵਾ ਲਓ, ਪੁਲਿਸ ਨੇ ਬਿਆਨ ਰਿਕਾਰਡ ਨਹੀਂ ਸੀ ਕੀਤਾ। ਉਦੋਂ ਹਰਿਆਣੇ ਦਾ ਮੁੱਖ ਮੰਤਰੀ ਇਸੇ ਇਨੈਲੋ ਦਾ ਮੁਖੀ ਓਮ ਪ੍ਰਕਾਸ਼ ਚੌਟਾਲਾ ਸੀ, ਜਿਹੜਾ ਹੁਣ ਭ੍ਰਿਸ਼ਟਾਚਾਰ ਦੇ ਕੇਸ ਵਿਚ ਲੱਗੇ ਦੋਸ਼ ਸਾਬਤ ਹੋ ਜਾਣ ਪਿੱਛੋਂ ਤਿਹਾੜ ਜੇਲ੍ਹ ਵਿਚ ਦਸ ਸਾਲ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਸਾਫ ਹੈ ਕਿ ਭਾਰਤ ਦੇ ਰਾਜਸੀ ਲੀਡਰਾਂ ਵਿਚੋਂ ਸਿਰਸਾ ਡੇਰੇ ਦੇ ਮੁਖੀ ਦੇ ਕੇਸ ਵਿਚ ਨਿੰਦਣ-ਸਲਾਹੁਣ ਵਾਲਾ ਕੋਈ ਨਹੀਂ ਦਿਸ ਰਿਹਾ। ਫਿਰ ਵੀ 28 ਅਗਸਤ ਦੇ ਦਿਨ ਬਦੀ ਉਤੇ ਨੇਕੀ ਦੀ ਜਿੱਤ ਹੋਈ ਹੈ। ਫਰਕ ਸਿਰਫ ਏਨਾ ਪਿਆ ਹੈ ਕਿ ਇਸ ਜਿੱਤ ਦਾ ਸਿਹਰਾ ਕਿਸੇ ਰਾਵਣ ਦੇ ਬੁੱਤ ਨੂੰ ਚੁਆਤੀ ਲਾਉਣ ਵਾਲੇ ਸਿਆਸੀ ਆਗੂ ਨੂੰ ਨਹੀਂ, ਦੇਸ਼ ਦੀ ਨਿਆਂ ਪਾਲਿਕਾ ਨੂੰ ਮਿਲੇਗਾ। ਬਿਆਨ ਉਤੇ ਡਟ ਗਈਆਂ ਦੋ ਸਾਧਵੀਆਂ ਨੂੰ ਵੀ ਦਾਦ ਦੇਣੀ ਬਣਦੀ ਹੈ। ਸੀ. ਬੀ. ਆਈ. ਅਫਸਰਾਂ ਨੇ ਵੀ ਸੱਚ ਲੱਭ ਕੇ ਪੇਸ਼ ਕਰਨ ਵਿਚ ਕਸਰ ਨਹੀਂ ਛੱਡੀ, ਪਰ ਇਸ ਦੌਰਾਨ ਜਿਹੜਾ ਰੋਲ ਸਬੰਧਤ ਜੱਜ ਨੇ ਨਿਭਾਇਆ ਅਤੇ ਉਸ ਜੱਜ ਲਈ ਮਿਸਾਲੀ ਸਰਪ੍ਰਸਤੀ ਹਾਈ ਕੋਰਟ ਨੇ ਦਿੱਤੀ ਹੈ, ਉਸ ਨੇ ਦੇਸ਼ ਦੇ ਲੋਕਾਂ ਦੇ ਡੋਲਦੇ ਵਿਸ਼ਵਾਸ ਨੂੰ ਮੁੜ ਪੱਕਾ ਕਰਨ ਦਾ ਕੰਮ ਕੀਤਾ ਹੈ। ਰਾਵਣ ਸਿਰਜ ਕੇ ਉਸ ਨੂੰ ‘ਵਾਹਵਾ ਡਰਾਉਣਾ ਜਿਹਾ ਜਾਪਦਾ’ ਕਹਿ ਕੇ ਖੁਸ਼ ਹੋਣ ਵਾਲੇ ਸਿਆਸੀ ਆਗੂ ਇਸ ਵਾਰੀ ਠਿੱਠ ਹੋ ਗਏ ਹੋਣਗੇ।

You must be logged in to post a comment Login