ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਕੈਪਟਨ ਨੇ ਕੇਂਦਰ ਤੋਂ ਮੰਗੇ 2150 ਕਰੋੜ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਕੈਪਟਨ ਨੇ ਕੇਂਦਰ ਤੋਂ ਮੰਗੇ 2150 ਕਰੋੜ ਰੁਪਏ

ਸੁਲਤਾਨਪੁਰ ਲੋਧੀ  – ਸੁਲਤਾਨਪੁਰ ਲੋਧੀ ‘ਚ 2019 ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਤ ਸਮਾਜ ਨਾਲ ਮੀਟਿੰਗ ਕੀਤੀ ਗਈ। ਸੰਤ ਸਮਾਜ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 11 ਮੈਂਬਰੀ ਕਮੇਟੀ ਬਣਾਈ ਗਈ ਹੈ ਕਿ ਜੋ ਕਿ ਆਪਣੇ ਸੁਝਾਅ ਦੇਵੇਗੀ। ਇਸ ਦੇ ਨਾਲ ਹੀ ਕੈਪਟਨ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰ ਸਰਕਾਰ ਤੋਂ 2150 ਕਰੋੜ ਰੁਪਏ ਦੀ ਮੰਗ ਕੀਤੀ ਹੈ। 2019 ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਲਈ ਪੰਜਾਬ ਸਰਕਾਰ ਨੇ ਹੁਣ ਤੋਂ ਹੀ ਕਮਰ ਕੱਸ ਲਈ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਅਤੇ ਸੰਤਾਂ ਦੀ ਸੁਵਿਧਾ ਦੇ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ ‘ਤੇ ਮਨਾਉਣ ਲਈ ਇਤਿਹਾਸਕ ਸਥਾਨਾਂ ਦਾ ਵਿਕਾਸ ਕਰਵਾਇਆ ਜਾਵੇਗਾ। ਵਿਕਾਸ ਕਾਰਜਾਂ ਦੀ ਸ਼ੁਰੂਆਤ ਇਸੇ ਸਾਲ ਨਵੰਬਰ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ 500 ਬੈੱਡਾਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਖੋਲ੍ਹਿਆ ਜਾਵੇਗਾ, ਜਦਕਿ ਇਤਿਹਾਸਕ ਸ਼ਹਿਰ ਅੰਮ੍ਰਿਤਸਰ ‘ਚ ਗੁਰੂ ਜੀ ਦੇ ਨਾਂ ‘ਤੇ ਨੈਸ਼ਨਲ ਇੰਸਟੀਚਿਊਟ ਆਫ ਇੰਟਰਫੇਥ ਸਟੱਡੀਜ਼ ਅਤੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ‘ਚ 200 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਪਿੰਡ ‘ਪਿੰਡ ਬਾਬੇ ਨਾਨਕ ਦਾ’ ਦੀ ਸਥਾਪਨਾ ਤੋਂ ਇਲਾਵਾ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਤੋਂ ਇਲਾਵਾ 456 ਕਰੋੜ ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਖਰਚ ਕੀਤੇ ਜਾਣਗੇ। 155 ਕਰੋੜ ਡੇਰਾ ਬਾਬਾ ਨਾਨਕ ਅਤੇ ਬਟਾਲਾ ਲਈ 203 ਕਰੋੜ ਦੇ ਰੁਪਏ ਖਰਚ ਕਰਨ ਦੀ ਯੋਜਨਾ ਹੈ। ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਸੜਕਾਂ ਦੇ ਨਾਂ ਰੱਖਣ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਸਬੰਧ ‘ਚ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉੱਪ ਕੁਲਪਤੀ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ‘ਚ ਇਤਿਹਾਸ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧਾਂ ਨੂੰ ਮੈਂਬਰ ਲਿਆ ਗਿਆ ਹੈ।
ਡਾ. ਮਨਮੋਹਨ ਦੀ ਅਗਵਾਈ ‘ਚ 36 ਮੈਂਬਰੀ ਕਮੇਟੀ ਦਾ ਗਠਨ
ਕੈਪਟਨ ਨੇ ਕਿਹਾ ਕਿ ਸਮਾਗਮ ਦੀ ਨਿਗਰਾਨੀ ਲਈ ਪ੍ਰਧਾਨ ਮੰਤਰੀ ਨੇ ਇਕ ਕਮੇਟੀ ਬਣਾਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ‘ਚ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਅਤੇ ਐਕਸ਼ਨ ਪ੍ਰੋਗਰਾਮ ਬਣਾਉਣ ਲਈ ਇਕ 36 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।
ਬਰਗਾੜੀ ਕਾਂਡ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਮਿਲ ਸਜ਼ਾ ਸੰਤ ਸਮਾਜ
ਬਾਬਾ ਸਰਬਜੋਤ ਸਿੰਘ  ਬੇਦੀ ਸਮੇਤ ਸੰਤ ਸਮਾਜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਬਰਗਾੜੀ ਕਾਂਡ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕੈਪਟਨ ਨੇ ਸੰਤ ਸਮਾਜ ਨੂੰ ਭਰੋਸਾ ਦਿੱਤਾ ਕਿ ਵਿਧਾਨ ਸਭਾ ‘ਚ ਬਰਗਾੜੀ ਅਤੇ ਦੋਸ਼ੀਆਂ ਖਿਲਾਫ ਇਤਿਹਾਸਕ ਪ੍ਰਸਤਾਵ ਪਾਸ ਕੀਤਾ ਗਿਆ ਹੈ। ਮੀਟਿੰਗ ਦੌਰਾਨ  ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਨਰਿੰਦਰ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਆਦਿ ਹਾਜ਼ਾਰ ਸਨ।

You must be logged in to post a comment Login