ਸ੍ਰੀ ਦਰਬਾਰ ਸਾਹਿਬ ਨੂੰ ਬ੍ਰਾਂਡ ਬਣਾ ਕੇ ਵੇਚੇ ਜਾ ਰਹੇ ਨੇ ਚਾਵਲ ਤੇ ਆਟਾ ਕੈਨੇਡਾ-ਅਮਰੀਕਾ ’ਚ

ਸ੍ਰੀ ਦਰਬਾਰ ਸਾਹਿਬ ਨੂੰ ਬ੍ਰਾਂਡ ਬਣਾ ਕੇ ਵੇਚੇ ਜਾ ਰਹੇ ਨੇ ਚਾਵਲ ਤੇ ਆਟਾ ਕੈਨੇਡਾ-ਅਮਰੀਕਾ ’ਚ

ਨਵੀਂ ਦਿੱਲੀ : ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ਕੈਨੇਡਾ ਅਤੇ ਅਮਰੀਕਾ ਵਿਚ ਵਿਕ ਰਹੇ ਪੈਕਟ ਬੰਦ ਆਟਾ ਅਤੇ ਬਾਸਮਤੀ ਚਾਵਲ ਦੇ ਪੈਕਟਾਂ ਨੂੰ ਲੈ ਕੇ ਸਿੱਖਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਵਿਸ਼ੇ ’ਤੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਪੱਤਰ ਲਿਖ ਕੇ ਵਾਲਮਾਰਟ ਅਤੇ ਕੌਸਕੋ ਹੋਲਸੇਲ ਕਾਰਪੋਰੇਸ਼ਨ ਜਿਵੇਂ ਵੱਡੇ ਰਿਟੇਲ ਵੇਅਰ ਹਾਊਸਾਂ ਨੂੰ ਇਸ ਸਬੰਧੀ ਉਨ੍ਹਾਂ ਦੀ ਸ਼ਿਕਾਇਤ ਭੇਜਣ ਦੀ ਅਪੀਲ ਕੀਤੀ ਹੈ।ਜੀ.ਕੇ. ਨੇ ਵਿਦੇਸ਼ ਮੰਤਰੀ ਨੂੰ ਜਾਣਕਾਰੀ ਦਿਤੀ ਹੈ ਕਿ ਕੌਸਕੋ ਹੋਲਸੇਲ ਕਾਰਪੋਰੇਸ਼ਨ ਅਤੇ ਵਾਲਮਾਰਟ ਵਰਗੀ ਬਹੁਰਾਸ਼ਟਰੀ ਕੰਪਨੀਆਂ ਅਮਰੀਕਾ, ਕੈਨੇਡਾ, ਇੰਗਲੈਂਡ, ਮੈਕਸੀਕੋ, ਦਖਣੀ ਕੋਰੀਆ, ਤਾਇਵਾਨ, ਜਾਪਾਨ, ਆਸਟ੍ਰੇਲੀਆ, ਆਈਸਲੈਂਡ ਜਿਵੇਂ ਦੇਸ਼ਾਂ ਵਿਚ ਗੁਦਾਮ ਕਲੱਬਾਂ ਦੀ ਇਕ ਲੜੀ ਸੰਚਾਲਤ ਕਰਦੇ ਹਨ। ਕੈਨੇਡਾ ਦੇ ਸਪਸ਼ਟ ਸਰੋਤਾਂ ਤੋਂ ਸਾਨੂੰ ਇਹ ਪਤਾ ਲੱਗਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਛਬੀ ਦੀ ਵਰਤੋਂ ਕਰ ਕੇ ਲੈਂਡ ਸਿਗਨੇਚਰ ਰਵਾਇਤੀ ਬਾਸਮਤੀ ਚਾਵਲ ਅਤੇ ਗੋਲਡਨ ਟੈਂਪਲ ਆਟੇ ਦੇ ਪੈਕੇਜਿੰਗ ਪੈਕਟਾਂ ’ਤੇ ਕੀਤਾ ਜਾ ਰਿਹਾ ਹੈ ਜਿਸ ’ਤੇ ਪੂਰੇ ਸਿੱਖਾਂ ਨੂੰ ਗੰਭੀਰ ਨਾਰਾਜ਼ਗੀ ਹੈ ਅਤੇ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਜੀ.ਕੇ. ਨੇ ਕਿਹਾ ਕਿ ਇਸ ਲਈ ਪਵਿੱਤਰ ਸਥਾਨ ਦੀ ਤਸਵੀਰ ਦਾ ਇਸਤੇਮਾਲ ਵਪਾਰਕ ਬਰਾਂਡ ਨੂੰ ਪ੍ਰਮੋਟ ਕਰਨ ਲਈ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਨਾਲ ਇਸ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਨਾ ਕੇਵਲ ਅਪਮਾਨਜਨਕ ਹੈ, ਸਗੋਂ ਅਜਿਹੇ ਪੈਕਟ ਵੱਖ-ਵੱਖ ਹੱਥਾਂ ਤੋਂ ਹੋ ਕੇ ਗੁਜਰਦੇ ਹੋਏ ਅੰਤ ਵਿਚ ਕੂੜੇਦਾਨ ਵਿਚ ਚਲੇ ਜਾਂਦੇ ਹਨ ਜਿਸ ਵਜ੍ਹਾ ਨਾਲ ਪਵਿੱਤਰ ਸਥਾਨ ਦੀ ਬੇਇੱਜ਼ਤੀ ਹੁੰਦੀ ਹੈ। ਜੀ.ਕੇ. ਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਬਹੁਰਾਸ਼ਟਰੀ ਕੰਪਨੀਆਂ ਵਿਰੁਧ ਤੁਰਤ ਕਾਰਵਾਈ ਕਰਨ ਲਈ ਸਬੰਧਤ ਦੇਸ਼ਾਂ ਅਤੇ ਉਨ੍ਹਾਂ ਦੇ ਦੂਤਾਵਾਸਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸ਼ਰਧਾ ਦੇ ਬਾਰੇ ਜਾਣਕਾਰੀ ਦੇ ਕੇ ਵਪਾਰਕ ਉਤਪਾਦਾਂ ’ਤੇ ਹੋ ਰਹੇ ਤਸਵੀਰ ਪ੍ਰਕਾਸ਼ਨ ਨੂੰ ਤੁਰਤ ਰੋਕਿਆ ਜਾਵੇ।

You must be logged in to post a comment Login