ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਾਈਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਾਈਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ

ਅੰਮ੍ਰਿਤਸਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਵ-ਨਿਯੁਕਤ ਮੁੱਖ ਜੱਜ (ਚੀਫ ਜਸਟਿਸ) ਕ੍ਰਿਸ਼ਨਾ ਮੁਰਾਰੀ ਆਪਣੀ ਧਰਮਪਤਨੀ ਰੂਪਮ ਸ਼੍ਰੀਵਾਸਤਵ ਨਾਲ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਦਰਸ਼ਨ ਕਰਨ ਪੁੱਜੇ। ਬਾਅਦ ਵਿਚ ਸ਼ਹੀਦੀ ਸਮਾਰਕ ਜਲ੍ਹਿਆਂ ਵਾਲਾ ਬਾਗ ਵਿਚ ਪਹੁੰਚ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨਾ ਮੁਰਾਰੀ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਪੀੜਤ ਨੂੰ ਛੇਤੀ ਤੋਂ ਛੇਤੀ ਨਿਆਂ ਦਿਵਾਉਣਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ। ਉਨ੍ਹਾ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿਚ ਸਾਡਾ ਸਮਾਜ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ, ਅਜਿਹੇ ਮਾਮਲਿਆਂ ਦੀ ਜਲਦ ਸੁਣਵਾਈ ਕਰਨ ਲਈ ਵਿਵਸਥਾ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਮਾਣਯੋਗ ਚੀਫ ਜਸਟੀਸ ਆਪਣੀ ਧਰਮਪਤਨੀ ਦੇ ਨਾਲ ਸਵੇਰੇ ਕਰੀਬ 3.30 ਵਜੇ ਸ੍ਰੀ ਹਰਿਮੰਦਿਰ ਸਾਹਿਬ ਪੁੱਜ ਕੇ ਪਾਲਕੀ ਸਾਹਿਬ ਦੀ ਸੇਵਾ ਕੀਤੀ ਤੇ ਸੰਗਤ ਨਾਲ ਬੈਠ ਕੇ ਹੁਕਮਨਾਮੇ ਦਾ ਸਿਮਰਨ ਵੀ ਕੀਤਾ। ਉਨ੍ਹਾਂ ਨਾਲ ਹਾਈਕੋਰਟ ਦੇ ਰਜਿਸਟਰਾਰ ਜਨਰਲ ਅਰੁਣ ਕੁਮਾਰ ਤਿਆਗੀ, ਜ਼ਿਲਾ ਅਤੇ ਸੈਸ਼ਨ ਜੱਜ ਕਰਮਜੀਤ ਸਿੰਘ ਕੰਗ ਅਤੇ ਹੋਰ ਕਈ ਉੱਚ ਜੱਜ ਮੌਜੂਦ ਸਨ। ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੂਚਨਾ ਕੇਂਦਰ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਡਾ. ਰੂਪ ਸਿੰਘ, ਮੀਤ ਸਕੱਤਰ ਸੁਲੱਖਣ ਸਿੰਘ, ਮੈਨੇਜਰ ਮੁਖਤਾਰ ਸਿੰਘ ਦੇ ਇਲਾਵਾ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਉਨ੍ਹਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਉਪਰੰਤ ਮਾਣਯੋਗ ਚੀਫ ਜਸਟੀਸ ਕ੍ਰਿਸ਼ਨਾ ਮੁਰਾਰੀ ਅਤੇ ਉਨ੍ਹਾ ਦੀ ਧਰਮਪਤਨੀ ਨੇ ਸ੍ਰੀ ਦੁਰਗਿਆਣਾ ਮੰਦਿਰ ਵਿਚ ਵੀ ਮੱਥਾ ਟੇਕਿਆ।

You must be logged in to post a comment Login