ਸੰਗਤਾਂ ਨੂੰ ਬਾਬੇ ਨਾਨਕ ਦੇ ਘਰ ਦੇ ਦੀਦਾਰ ਕਰਨ ਤੋਂ ਮੀਂਹ ਵੀ ਨਾ ਰੋਕ ਸਕਿਆ

ਸੰਗਤਾਂ ਨੂੰ ਬਾਬੇ ਨਾਨਕ ਦੇ ਘਰ ਦੇ ਦੀਦਾਰ ਕਰਨ ਤੋਂ ਮੀਂਹ ਵੀ ਨਾ ਰੋਕ ਸਕਿਆ

ਗੁਰਦਾਸਪੁਰ : ਭਾਰੀ ਮੀਂਹ ਦੇ ਬਾਵਜੂਦ ਡੇਰਾ ਬਾਬਾ ਨਾਨਕ ਤੋਂ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਅੰਦਰ ਲਾਮਿਸਾਲ ਉਤਸ਼ਾਹ ਪਾਇਆ ਜਾ ਰਿਹਾ ਹੈ। ਬਾਰਿਸ਼ ਵੀ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਰੋਕ ਨਹੀਂ ਸਕੀ।ਜ਼ਿਕਰਯੋਗ ਹੈ ਕਿ ਬੀਤੀ ਸਾਰੀ ਰਾਤ ਹੁੰਦੀ ਬਾਰਿਸ਼ ਨਾਲ ਠੰਢ ਵੀ ਵਧਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅਨੇਕਾਂ ਸ਼ਰਧਾਲੂ ਜ਼ੀਰੋ ਲਾਈਨ ਤੋਂ ਪੈਦਲ ਹੀ ਲਾਂਘੇ ਰਾਹੀਂ ਕਰਤਾਰਪੁਰ ਪੁੱਜ ਗਏ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਗੀ ਇਮਾਰਤ ਹੋਰ ਵੀ ਆਕਰਸ਼ਕ ਤੇ ਸੁੰਦਰ ਦਿਖਾਈ ਦੇ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਿਸ ਖੂਹ ਤੋਂ ਟਿੰਡਾਂ ਤੋਂ ਖਿੱਚ ਕੇ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਸੀ, ਉਸ ਦੀ ਮੁਰੰਮਤ ਦਾ ਕੰਮ ਪੂਰੇ ਜ਼ੋਰਾਂ ‘ਤੇ ਚਲ ਰਿਹਾ ਹੈ। ਨਵੀਨੀਕਰਨ ਕੀਤੇ ਜਾਣ ਕਾਰਨ ਖੂਹਦੀਆਂ ਟਿੰਡਾਂ ਨੂੰ ਬਿਜਲੀ ਨਾਲ ਚਲਾਇਆ ਜਾ ਰਿਹਾ ਹੈ ਅਤੇ ਸ਼ਰਧਾਲੂ ਜਲ ਕੱਢਣ ਲਈ ਇਸ ਨੂੰ ਵਾਰ ਵਾਰ ਚਲਾ ਰਹੇ ਹਨ। ਮੌਕੇ ‘ਤੇ ਕੰਮ ਕਰ ਰਹੇ ਮਿਸਤਰੀਆਂ ਨੇ ਦੱਸਿਆ ਕਿ ਖੂਹ ਵਿਚੋਂ ਪਾਣੀ ਕੱਢਣ ਵਿਚ ਕਾਫੀ ਸਮੱਸਿਆ ਆ ਰਹੀ ਸੀ ਅਤੇ ਇਸ ਕਾਰਨ ਮੁਰੰਮਤ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਖੂਹ ਵਿਚੋਂ ਵੱਡੀ ਗਿਣਤੀ ਵਿਚ ਖਾਲੀ ਬੋਤਲਾਂ ਨਿਕਲੀਆਂ ਹਨ। ਜਾਣਕਾਰੀ ਅਨੁਸਾਰ ਲਾਂਘਾ ਖੁੱਲ੍ਹਣ ਤੋਂ ਬਾਅਦ ਇਮੀਗਰੇਸ਼ਨ ਦੇ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਰਸਦ ਪਾਕਿਸਤਾਨ ਲਿਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਪਰ ਹੁਣ ਸ਼ਰਧਾਲੂਆਂ ਦੀ ਮੰਗ ‘ਤੇ ਸੰਗਤਾਂ ਨੂੰ ਲੰਗਰ ਆਦਿ ਵਾਸਤੇ ਰਸਦ ਭੇਜਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਆਮ ਕਰ ਕੇ ਤਾਂ ਸੰਗਤਾਂ ਪਾਕਿਸਤਾਨ ਅਪਣੇ ਨਾਲ ਟਮਾਟਰ ਅਤੇ ਦਾਲਾਂ ਲਿਜਾ ਰਹੇ ਹਨ।

You must be logged in to post a comment Login