ਸੰਸਾਰ ਦੀ ਅਸਾਵੀਂ ਜੰਗ ਸ੍ਰੀ ਚਮਕੌਰ ਸਾਹਿਬ

ਸੰਸਾਰ ਦੀ ਅਸਾਵੀਂ ਜੰਗ ਸ੍ਰੀ ਚਮਕੌਰ ਸਾਹਿਬ

ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿਦ ਸਿੰਘ ਜੀ ਦੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਪੜਪੋਤੇ ਸਨ। ਚੜ੍ਹਦੀ ਉਮਰ ਵਿਚ ਨੌਜੁਆਨ ਹੁੰਦਿਆਂ ਹੀ ਅਪਣੀ ਲਿਆਕਤ, ਸਿਆਣਪ, ਦਲੇਰੀ ਤੇ ਸੂਰਬੀਰਤਾ ਦੇ ਉਹ ਜੌਹਰ ਵਿਖਾਏ ਕਿ ਦੁਨੀਆਂ ਵਿਚ ਅਮਿੱਟ ਯਾਦਾਂ ਛੱਡ ਗਏ। ਸੰਸਾਰ ਦੀ ਸੱਭ ਤੋਂ ਵੱਡੀ ਅਸਾਵੀਂ ਜੰਗ ਜੋ ਰੋਪੜ ਤੋਂ ਥੋੜੀ ਦੂਰ ਪੱਛਮ ਵਲ ਚਮੌਕਰ ਦੀ ਕੱਚੀ ਗੜ੍ਹੀ ਵਿਖੇ ਲੜੀ ਗਈ। ਇਸ ਜੰਗ ਵਿਚ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾ ਕੇ ਸੰਸਾਰ ਨੂੰ ਇਕ ਨਵੀਂ ਸੇਧ ਦਿਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੋਹਾਂ ਭਰਾਵਾਂ ਵਿਚੋਂ ਵੱਡੇ ਸਨ, ਜਿਨ੍ਹਾਂ ਦੀ ਉਮਰ ਉਸ ਸਮੇਂ 17 ਸਾਲ ਦੇ ਕਰੀਬ ਸੀ ਤੇ ਛੋਟੇ ਵੀਰ ਜੁਝਾਰ ਸਿੰਘ ਦੀ ਉਮਰ ਕਰੀਬ 14 ਸਾਲ ਦੀ ਸੀ ਪਰ ਤੀਰ ਅੰਦਾਜ਼ੀ, ਨੇਜ਼ਾਬਾਜ਼ੀ ਤੇ ਤਲਵਾਰ ਚਲਾਉਣ ਵਿਚ ਨਿਪੁੰਨਤਾ, ਵੱਡੇ-ਵੱਡੇ ਯੋਧਿਆਂ ਤੋਂ ਕਿਤੇ ਅੱਗੇ ਦੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ 26 ਜਨਵਰੀ 1687 ਈ. ਦੇ ਦਿਨ ਪਾਉਂਟਾ ਸਾਹਿਬ ਵਿਖੇ ਹੋਇਆ। ਉਨ੍ਹਾਂ ਦਿਨਾਂ ਵਿਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦਾ ਯੁੱਧ ਜਿੱਤਿਆ ਸੀ ਜਿਸ ਕਰ ਕੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰਖਿਆ ਗਿਆ। ਜਵਾਨ ਹੁੰਦਿਆਂ ਹੀ ਅਜੀਤ ਸਿੰਘ ਜੀ ਨੇ ਸ਼ਸਤਰ ਵਿਦਿਆ ਵਿਚ ਨਿਪੁੰਨਤਾ ਹਾਸਲ ਕਰ ਲਈ। ਘੁੜਸਵਾਰੀ ਤੇ ਬੰਦੂਕ ਚਲਾਉਣ ਵਿਚ ਉਹ ਬੜੇ ਮਾਹਰ ਸਨ।
12 ਸਾਲ ਦੀ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਇਕ ਜਥੇ ਦੀ ਅਗਵਾਈ ਕਰ ਕੇ ਅਨੰਦਪੁਰ ਸਾਹਿਬ ਦੇ ਨੇੜੇ ਦੇ ਪਿੰਡ ਨੂਹ ਵਿਖੇ ਰੰਘੜਾਂ ਨੂੰ ਸਜ਼ਾ ਦਿਤੀ ਕਿਉਂਕਿ ਇਹ ਰੰਘੜ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਲੁੱਟਦੇ ਰਹਿੰਦੇ ਸਨ। ਇਸੇ ਤਰ੍ਹਾਂ ਸਿੰਘਾਂ ਦੀ ਅਗਵਾਈ ਕਰਦੇ ਹੋਏ 29 ਅਗੱਸਤ 1700 ਈ. ਨੂੰ ਤਾਰਾਗੜ੍ਹ ਕਿੱਲ੍ਹੇ ਉਤੇ ਪਹਾੜੀ ਰਾਜਿਆਂ ਵਲੋਂ ਹਮਲਾ ਕਰਨ ਸਮੇਂ, ਅਕਤੂਬਰ 1700 ਈ. ਵਿਚ ਨਿਰਮੋਹਗੜ੍ਹ ਉਤੇ ਹਮਲਾ ਕਰਨ ਸਮੇਂ, ਉਨ੍ਹਾਂ ਨੇ ਅਪਣੀ ਤਲਵਾਰ ਦੇ ਜੌਹਰ ਵਿਖਾਏ ਤੇ ਹਮਲਾਵਰਾਂ ਨੂੰ ਮਾਰ ਭਜਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ 15 ਮਾਰਚ 1700 ਈ. ਵਾਲੇ ਦਿਨ ਬਜਰੂੜ ਦੇ ਰੰਘੜਾਂ ਨੂੰ ਸਜ਼ਾ ਦਿਤੀ। ਇਸੇ ਤਰ੍ਹਾਂ 7 ਮਾਰਚ 1703 ਈ. ਵਿਚ ਭਾਈ ਉਦੈ ਸਿੰਘ ਨਾਲ 100 ਸਿੰਘਾਂ ਦੀ ਅਗਵਾਈ ਕਰ ਕੇ ਪਿੰਡ ਬੰਸੀਕਲਾਂ ਦੇ ਚੌਧਰੀ ਰੰਘੜਾਂ ਕੋਲੋਂ ਦਵਾਰਕਾ ਦਾਸ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲਿਆਂਦਾ ਤੇ ਗੁਰੂ ਦਸਮੇਸ਼ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਇਸੇ ਤਰ੍ਹਾਂ ਜੇ ਅਸੀ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 14 ਮਾਰਚ, 1691 ਈ. ਨੂੰ ਮਾਤਾ ਜੀਤ ਕੌਰ ਜੀ (ਮਾਤਾ ਜੀਤੋ ਜੀ) ਦੀ ਕੁੱਖੋਂ ਅਨੰਦਪੁਰ ਸਾਹਿਬ ਵਿਖੇ ਹੋਇਆ। ਛੋਟੀ ਉਮਰ ਵਿਚ ਹੀ ਆਪ ਜੀ ਨੂੰ ਲਗਭਗ ਸਾਰੀਆਂ ਬਾਣੀਆਂ ਯਾਦ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਂਗ ਆਪ ਵੀ ਘੁੜਸਵਾਰੀ ਤੇ ਤਲਵਾਰਬਾਜ਼ੀ ਵਿਚ ਨਿਪੁੰਨ ਸਨ। ਦੋਵੇਂ ਵੀਰ ਬਚਪਨ ਵਿਚ ਖੇਡਦੇ, ਸ਼ਾਸਤਰ ਵਿਦਿਆ ਹਾਸਲ ਕਰਦੇ ਗੁਰਬਾਣੀ ਨਾਲ ਪਿਆਰ ਕਰ ਕੇ, ਜਵਾਨੀ ਦੀ ਦਹਿਲੀਜ਼ ਤਕ ਪਹੁੰਚ ਗਏ। ਪਰ ਸਮੇਂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਜਦੋਂ 6 ਪੋਹ ਸੰਮਤ 1761 (20 ਦਸੰਬਰ ਸੰਨ 1704 ਈ.) ਨੂੰ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਅੱਧੀ ਕੁ ਰਾਤ ਰਹਿੰਦਿਆਂ ਛਡਿਆ ਤਾਂ ਆਪ ਦੋਵੇਂ ਵੀਰ ਤੇ ਦੂਜਾ ਸਾਰਾ ਪ੍ਰਵਾਰ ਗੁਰੂ ਜੀ ਨਾਲ ਰੋਪੜ ਵਲ ਵੱਧ ਰਹੇ ਸਨ ਕਿ ਦੁਸ਼ਮਣਾਂ ਨੇ ਹਨੇਰੇ ਅਤੇ ਵਰ੍ਹਦੇ ਮੀਂਹ ਵਿਚ ਅਪਣੀਆਂ ਸਾਰੀਆਂ ਕਸਮਾਂ ਤੋੜ ਕੇ ਹਮਲਾ ਕਰ ਦਿਤਾ ਤੇ ਸਰਸਾ ਨਦੀ ਦੇ ਕੰਢੇ ਉਤੇ ਘਮਸਾਨ ਦਾ ਯੁਧ ਹੋਇਆ ਜਿਸ ਕਾਰਨ ਗੁਰੂ ਪ੍ਰਵਾਰ ਵੱਖ-ਵੱਖ ਹੋ ਗਿਆ ਤੇ ਪੂਰੇ ਪ੍ਰਵਾਰ ਦਾ ਵਿਛੋੜਾ ਪੈ ਗਿਆ। ਗੁਰੂ ਮਾਤਾਵਾਂ ਨੂੰ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵਲ ਭੇਜ ਦਿਤਾ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ, ਗੰਗੂ ਬ੍ਰਾਹਮਣ ਨਾਲ ਪਿੰਡ ਸਹੇੜੀ ਪਹੁੰਚ ਗਏ। ਦੋਵੇਂ ਵੱਡੇ ਵੀਰ ਸਾਹਿਬਜ਼ਾਦਾ ਜੁਝਾਰ ਸਿੰਘ, ਗੁਰੂ ਜੀ ਚਮਕੌਰ ਵਲ ਚੱਲ ਪਏ। ਇਕ ਜਥੇ ਦੇ 100 ਸਿੰਘਾਂ ਦੀ ਅਗਵਾਈ ਭਾਈ ਬਚਿੱਤਰ ਸਿੰਘ ਕਰ ਰਹੇ ਸਨ, ਜਿਨ੍ਹਾਂ ਨੂੰ ਪਿੰਡ ਮਲਕਪੁਰ ਦੇ ਰੰਘੜਾਂ ਨੇ ਲੜਾਈ ਵਿਚ ਜ਼ਖ਼ਮੀ ਕਰ ਦਿਤਾ ਸੀ ਤੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਨ। ਪਰ ਪਿਛੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਥਾ ਆ ਰਿਹਾ ਸੀ ਜਿਨ੍ਹਾਂ ਨੇ ਭਾਈ ਮਦਨ ਸਿੰਘ ਦੀ ਮਦਦ ਨਾਲ ਜ਼ਖ਼ਮੀ ਬਚਿੱਤਰ ਸਿੰਘ ਜੀ ਨੂੰ ਕੋਟਲਾ ਨਿਹੰਗ ਵਿਖੇ ਨਿਹੰਗ ਖ਼ਾਨ ਦੇ ਘਰ ਪਹੁੰਚਾਇਆ ਅਤੇ ਨਿਹੰਗ ਖ਼ਾਨ ਦੀ ਬੇਟੀ ਮੁਮਤਾਜ ਨੇ ਉਨ੍ਹਾਂ ਦੀ ਬੜੀ ਸੇਵਾ ਕੀਤੀ ਪਰ ਜ਼ਖ਼ਮ ਡੂੰਘੇ ਹੋਣ ਕਾਰਨ ਉਹ ਬਚ ਨਾ ਸਕੇ। ਗੁਰੂ ਸਾਹਿਬ ਦੋਵੇਂ ਵੱਡੇ ਸਾਹਿਬਜ਼ਾਦਿਆਂ ਤੇ 40 ਹੋਰ ਸਿੰਘਾਂ ਦੇ ਨਾਲ 21 ਦਸੰਬਰ, 7 ਪੋਹ ਦੀ ਰਾਤ ਨੂੰ ਚਮਕੌਰ ਪੁੱਜੇ ਤੇ ਇਕ ਕੱਚੀ ਗੜ੍ਹੀ ਵਿਚ ਅਪਣਾ ਟਿਕਾਣਾ ਬਣਾ ਲਿਆ।
ਪਰ ਜਲਦੀ ਹੀ ਮੁਗ਼ਲ ਤਕ ਇਹ ਗੱਲ ਪਹੁੰਚ ਗਈ ਕਿ ਸਿੱਖਾਂ ਦੇ ਗੁਰੂ ਚਮਕੌਰ ਦੀ ਕੱਚੀ ਗੜ੍ਹੀ ਵਿਚ ਬਿਰਾਜਮਾਨ ਹਨ। ਮੁਗ਼ਲਾਂ ਦੀ ਦਸ ਲੱਖ ਫ਼ੌਜ ਨੇ ਚਮਕੌਰ ਦੀ ਗੜ੍ਹੀ ਨੂੰ ਘੇਰ ਲਿਆ। ਗੜ੍ਹੀ ਦੀਆਂ ਕੰਧਾਂ ਗਾਰੇ ਦੀਆਂ ਬਣੀਆਂ ਹੋਈਆਂ ਸਨ। ਪਰ ਗੁਰੂ ਜੀ ਨੇ ਉੱਚੀ ਥਾਂ ਬੈਠ ਆਪ ਯੁਧ ਦੀ ਅਗਵਾਈ ਕੀਤੀ ਅਤੇ ਲੱਖਾਂ ਦੇ ਟਿੱਡੀਦਲ ਨੂੰ ਗੜ੍ਹੀ ਦੇ ਨੇੜੇ ਨਹੀਂ ਢੁਕਣ ਦਿਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੜ੍ਹੀ ਵਿਚੋਂ ਨਿਕਲ ਕੇ ਦੁਸ਼ਮਣਾਂ ਦਾ ਆਹਮੋ ਸਾਹਮਣੇ ਹੋ ਕੇ ਮੁਕਾਬਲਾ ਕੀਤਾ ਤੇ ਖ਼ੂਬ ਸੂਰਬੀਰਤਾ ਦੇ ਜੌਹਰ ਵਿਖਾਏ ਤੇ ਬਹੁਤ ਸਾਰੇ ਮੁਗ਼ਲ ਸਿਪਾਹੀਆਂ ਨੂੰ ਮਾਰ ਕੇ ਅੰਤ ਵਿਚ ਆਪ ਵੀ 22 ਦਸੰਬਰ ਸੰਨ 1704 ਈ. ਨੂੰ ਸ਼ਹੀਦੀ ਜਾਮ ਪੀ ਗਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਜੰਗੇ ਮੈਦਾਨ ਵਿਚ ਕੁੱਦ ਪਏ ਤੇ ਹਜ਼ਾਰਾਂ ਦੁਸ਼ਮਣਾਂ ਨੂੰ ਅਪਣੀ ਬਾਲ ਉਮਰ ਦਾ ਜੋਸ਼ ਵਿਖਾਉਂਦੇ ਹੋਏ ਮੌਤ ਦੇ ਘਾਟ ਉਤਾਰ ਦਿਤਾ। ਦਸਮ ਪਿਤਾ ਜੀ ਦੋਵੇਂ ਸਾਹਿਬਜ਼ਾਦਿਆਂ ਨੂੰ ਲੜਦਿਆਂ ਤੇ ਸ਼ਹੀਦੀ ਪਾਉਂਦਿਆਂ ਅਪਣੇ ਅੱਖੀਂ ਵੇਖ ਰਹੇ ਸਨ। ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਨੇ ਅਕਾਲ ਪੁਰਖ ਦਾ ਧਨਵਾਦ ਕੀਤਾ। ਡਾ. ਹਰਜਿੰਦਰ ਸਿੰਘ ਦਲਗੀਰ ਨੇ ਭੱਟ ਵਹੀ ਮੁਲਤਾਨੀ ਸਿੰਧੀ ਦੇ ਹਵਾਲੇ ਨਾਲ ਜੁਝਾਰ ਸਿੰਘ ਦੀ ਸ਼ਹੀਦੀ ਨੂੰ ਇਸ ਤਰ੍ਹਾਂ ਵਰਨਣ ਕੀਤਾ ਹੈ :
”ਜੁਝਾਰ ਸਿੰਘ ਬੇਟਾ ਸ੍ਰੀ ਗੁਰੂ ਗੋਬਿੰਦ ਜੀ, ਮਹੱਲ ਦਸਮੇਂ ਕਾ ਸਤਰਾਂ ਸੈ ਬਾਸਠ, ਪੋਖ ਮਾਸੇ ਸੁਦੀ ਤੀਜ, ਵੀਰਵਾਰ ਦਿਹੁੰ ਭਾਈ ਅਨਕ ਸਿੰਘ ਕਿਰਪਾ ਸਿੰਘ ਬੇਟਾ ਅੜੂ ਰਾਮ ਕਾ, ਭਾਈ ਸਨਮੁਖ ਸਿੰਘ ਬੇਟਾ ਅੜੂ ਰਾਮ ਕਾ, ਪੋਤੇ ਨਰੈਣ ਦਾਸ ਕੇ, ਮੁੰਝਾਲ ਦੱਤ ਬ੍ਰਾਹਮਣ, ਮੁਕਾਮ ਚਮਕੌਰ, ਪਰਗਣਾ ਰੋਪੜ, ਤੁਰਕ ਫ਼ੌਜ ਗੈਲ, ਸਾਮ੍ਹੇ ਮਾਥੇ ਜੂਝ ਕੇ ਸ਼ਹਾਦਤਾਂ ਪਾਇ ਗਏ। ਆਗੇ ਗੁਰੂ ਕੀ ਗਤਿ ਗੁਰੂ ਜਾਣੇ।” (ਭੱਟ ਵਹੀ ਮੁਲਤਾਨੀ ਸਿੰਧੀ) ਇਸ ਤਰ੍ਹਾਂ ਅਸੀ ਵੇਖਦੇ ਹਾਂ ਕਿ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਵਿਖੇ ਇਕ ਅਦੁਤੀ ਲੜਾਈ ਲੜਦੇ ਹੋਏ ਸ਼ਹੀਦੀਆਂ ਪਾ ਕੇ ਜਿੱਥੇ ਸੰਸਾਰ ਵਿਚ ਸੂਰਬੀਰਤਾ ਦੀ ਮਿਸਾਲ ਪੇਸ਼ ਕੀਤੀ ਉਥੇ ਹੀ ਸੰਸਾਰ ਵਿਚ ਸਿੱਖੀ ਦਾ ਮਾਣ ਵੀ ਵਧਾਇਆ।

ਬਹਾਦਰ ਸਿੰਘ ਗੋਸਲ

ਸੰਪਰਕ : 98764-52223

You must be logged in to post a comment Login