ਸੱਜਣ ਫਾਂਸੀ ਦਾ ਹੱਕਦਾਰ, ਜਗਦੀਸ਼ ਟਾਈਟਲਰ ਨੂੰ ਵੀ ਮਿਲੇ ਸਖ਼ਤ ਸਜ਼ਾ: ਭਾਈ ਲੌਂਗੋਵਾਲ

ਸੱਜਣ ਫਾਂਸੀ ਦਾ ਹੱਕਦਾਰ, ਜਗਦੀਸ਼ ਟਾਈਟਲਰ ਨੂੰ ਵੀ ਮਿਲੇ ਸਖ਼ਤ ਸਜ਼ਾ: ਭਾਈ ਲੌਂਗੋਵਾਲ

ਅੰਮ੍ਰਿਤਸਰ : ਨਵੰਬਰ 1984 ਵਿਚ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ 34 ਸਾਲ ਬਾਅਦ ਆਇਆ ਇਹ ਫੈਸਲਾ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਕੁਝ ਹੱਦ ਤਕ ਰਾਹਤ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਉਮਰ ਕੈਦ ਦਾ ਨਹੀਂ ਸਗੋਂ ਫਾਂਸੀ ਦੀ ਸਜ਼ਾ ਦਾ ਹੱਕਦਾਰ ਸੀ ਪਰੰਤੂ ਨਿਆਂਪਾਲਕਾ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਉਸ ਦੇ ਗੁਨਾਹਾਂ ਨੂੰ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਸਮੇਤ ਸਿੱਖ ਕਤਲੇਆਮ ਦੇ ਹੋਰਨਾਂ ਬਹੁਤ ਸਾਰੇ ਦੋਸ਼ੀ ਕਾਨੂੰਨ ਦੀ ਗ੍ਰਿਫਤ ’ਚੋਂ ਹਾਲੇ ਬਾਹਰ ਹਨ। ਉਨ੍ਹਾਂ ਜਗਦੀਸ਼ ਟਾਈਟਲਰ ਸਮੇਤ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਵੀ ਕਰੜੀਆਂ ਸਜ਼ਾਵਾਂ ਦੇਣ ਦੀ ਵਕਾਲਤ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਨੇ 1984 ਅੰਦਰ ਸਿੱਖਾਂ ਦਾ ਕਤਲੇਆਮ ਕਾਂਗਰਸ ਵੱਲੋਂ ਕੀਤਾ ਗਿਆ ਮਨੁੱਖਤਾ ਮਾਰੂ ਕਾਰਾ ਸੀ, ਜਿਸ ਨੇ ਸਮੁੱਚੇ ਵਿਸ਼ਵ ਨੂੰ ਹਲੂਣ ਕੇ ਰੱਖ ਦਿੱਤਾ। ਉਨ੍ਹਾਂ ਦੁੱਖ ਨਾਲ ਕਿਹਾ ਕਿ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਵੱਲੋਂ ਸਿੱਖ ਕਤਲੇਆਮ ਕਰਵਾਉਣ ਤੋਂ ਬਾਅਦ ਇਸ ਦੇ ਦੋਸ਼ੀਆਂ ਨੂੰ ਜਿਥੇ ਲਗਾਤਾਰ ਬਚਾਇਆ ਜਾਂਦਾ ਰਿਹਾ, ਉਥੇ ਹੀ ਸਿੱਖਾਂ ਨੂੰ ਹੋਰ ਚਿੜਾਉਣ ਅਤੇ ਉਨ੍ਹਾਂ ਅੱਲ੍ਹੇ ਜ਼ਖਮਾਂ ਨੂੰ ਕੁਰੇਦਣ ਲਈ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਸਮੇਤ ਹੋਰ ਅਨੇਕਾਂ ਦੋਸ਼ੀਆਂ ਨੂੰ ਉੱਚੇ ਅਹੁਦੇ ਦੇ ਕੇ ਨਿਵਾਜਿਆ ਗਿਆ।

You must be logged in to post a comment Login