ਸੱਭਿਆਚਾਰ ਨਾਲ ਜੋੜਦਾ ਹੈ ਲੋਹੜੀ ਦਾ ਤਿਉਹਾਰ

ਸੱਭਿਆਚਾਰ ਨਾਲ ਜੋੜਦਾ ਹੈ ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ ਸਾਰੇ ਹੀ ਭਾਰਤ ਵਿਚ ਮੌਸਮੀ ਉਤਸਵ ਵਜੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ਸਬੰਧੀ ਕਈ ਕਥਾਵਾਂ ਪ੍ਰਚਲਿਤ ਹਨ। ਇਹ ਕਥਾਵਾਂ ਇਤਿਹਾਸ ਨਾਲੋਂ ਮਿਥਿਹਾਸ ਦੇ ਵਧੇਰੇ ਨੇੜੇ ਲਗਦੀਆਂ ਹਨ। ਇਨ੍ਹਾਂ ਚੋਂ ਇਕ ਕਥਾ ਦੁੱਲੇ ਭੱਟੀ ਦੀ ਵੀ ਹੈ। ਸਾਂਝੇ ਪੰਜਾਬ ਦਾ ਮਹਾਨ ਲੋਕ ਨਾਇਕ ਦੁੱਲਾ ਭੱਟੀ ਰਾਜਪੂਤ ਬਰਾਦਰੀ ਨਾਲ ਸਬੰਧ ਰੱਖਦਾ ਸੀ। ਉਹ ਬਹਾਦਰ ਤੇ ਅਣਖੀਲਾ, ਗ਼ਰੀਬਾਂ ਤੇ ਮਜ਼ਲੂਮਾਂ ਦਾ ਮਿੱਤਰ, ਜ਼ਾਲਮ ਹਕੂਮਤ ਤੇ ਲੋਟੂ ਸ਼ਾਹੂਕਾਰਾਂ ਦਾ ਵੈਰੀ ਸੀ। ਉਹ ਮਹਾਨ ਯੋਧਾ ਅਮੀਰਾਂ ਨੂੰ ਲੁੱਟਦਾ ਤੇ ਗ਼ਰੀਬਾਂ ਦੀ ਮਦਦ ਕਰਦਾ ਸੀ। ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸਨ- ਸੁੰਦਰੀ ਤੇ ਮੁੰਦਰੀ। ਦੁੱਲੇ ਨੇ ਇਨ੍ਹਾਂ ਦੋਵਾਂ ਲੜਕੀਆਂ ਦੀ ਸ਼ਾਦੀ ਆਪ ਕਰਵਾਈ ਅਤੇ ਮੌਕੇ ‘ਤੇ ਜੋ ਸਰਦਾ-ਬਣਦਾ ਸੀ, ਉਨ੍ਹਾਂ ਦੀ ਝੋਲੀ ‘ਚ ਪਾਇਆ। ਇਹ ਸ਼ਾਦੀ ਰਾਤ ਦੇ ਸਮੇਂ ਲੱਕੜਾਂ ਬਾਲ ਕੇ ਅਗਨੀ ਦੇ ਦੁਆਲੇ ਕੀਤੀ ਗਈ ਸੀ। ਇਕ ਬਾਪ ਦਾ ਫਰਜ਼ ਨਿਭਾਉਂਦੇ ਹੋਏ ਦੁੱਲੇ ਨੇ ਉਨ੍ਹਾਂ ਦੋਹਾਂ ਦੀ ਝੋਲੀ ਵਿਚ ਸ਼ੱਕਰ ਪਾਈ। ਇਸੇ ਹੀ ਸਬੰਧ ‘ਚ ਅੱਜ ਵੀ ਗੀਤ ਪ੍ਰਚਲਤ ਹੈ : ਸੁੰਦਰ ਮੁੰਦਰੀਏ, ਹੋ। ਤੇਰਾ ਕੌਣ ਵਿਚਾਰਾ, ਹੋ। ਦੁੱਲਾ ਭੱਟੀ ਵਾਲਾ, ਹੋ। ਦੁੱਲੇ ਦੀ ਧੀ ਵਿਆਹੀ, ਹੋ। ਝੋਲੀ ਸ਼ੱਕਰ ਪਾਈ, ਹੋ। ਲੋਹੜੀ ਦਾ ਤਿਉਹਾਰ ਸਰਦੀਆਂ ਦਾ ਤਿਉਹਾਰ ਹੈ। ਹਾਲਾਂਕਿ ਇਹ ਭਰ ਸਰਦੀ ਵਿਚ ਆਉਂਦਾ ਹੈ, ਪਰ ਲੋਕ ਇਹੀ ਸੋਚਦੇ ਹਨ ਕਿ ਜ਼ਿਆਦਾ ਠੰਢ ਦਾ ਜ਼ੋਰ ਲੰਘ ਗਿਆ ਹੈ, ਭਾਵ ਮਾਘੀ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦੋ-ਤਿੰਨ ਮਹੀਨਿਆਂ ਵਿਚ ਨਵਾਂ ਖ਼ੂਨ ਬਣਦਾ ਹੈ, ਭਾਵ ਪੁੰਗਰਨ ਰੁੱਤ ਸ਼ੁਰੂ ਹੋ ਜਾਂਦੀ ਹੈ। ਲੋਹੜੀ ਦੇ ਤਿਉਹਾਰ ਮੌਕੇ ਲੋਕ ਆਪਣੇ ਘਰਾਂ ਦੇ ਬਾਹਰ ਭਾਵ ਖੁੱਲ੍ਹੀ ਜਗ੍ਹਾ (ਸੱਥਾਂ) ‘ਤੇ ਇਕੱਠੇ ਹੋ ਕੇ ਲੋਹੜੀ (ਧੂਣੀ) ਬਾਲਦੇ ਨੇ, ਜਿਸ ਵਿਚ ਗੋਹੇ ਦੀਆਂ ਪਾਥੀਆਂ, ਛੋਟੀਆਂ-ਛੋਟੀਆਂ ਪੱਚਰਾਂ, ਲੱਕੜ ਦੇ ਮੁੱਢ ਆਦਿ ਜਲਾਏ ਜਾਂਦੇ ਹਨ। ਇਸ ਮੌਕੇ ‘ਤੇ ਲੋਕ ਮੂੰਗਫਲੀ, ਤਿਲ, ਰਿਉੜੀਆਂ, ਚਿੜਵੜੇ, ਗ਼ਚਕ, ਭੁੱਗਾ, ਤਿਲਚੌਲੀ, ਮੱਕੀ ਦੇ ਫੁੱਲੇ-ਭੁੱਜੇ ਦਾਣੇ, ਗੁੜ, ਫ਼ਲ, ਆਦਿ ਬੜੇ ਹੀ ਚਾਅ ਨਾਲ ਖਾਂਦੇ ਅਤੇ ਤਿਲ, ਰਿਉੜੀਆਂ, ਚਿੜਵੜੇ ਆਦਿ ਧੂਣੀ ਵਿਚ ਪਾ ਕੇ ਸੇਕ ਦਾ ਲੁਤਫ਼ ਲੈਂਦੇ ਹਨ। ਸੱਭਿਆਚਾਰ ਨਾਲ ਸਬੰਧਤ ਸਮਾਗਮ ਦੇਰ ਰਾਤ ਤੱਕ ਚਲਦੇ ਰਹਿੰਦੇ ਹਨ ਤੇ ਲੋਕ ਆਪਣਾਪਨ ਮਹਿਸੂਸ ਕਰਦੇ ਹਨ। ਪਰਿਵਾਰਾਂ ਦੇ ਪਰਿਵਾਰ ਅਗਨੀ ਦੇ ਆਲੇ-ਦੁਆਲੇ ਬੈਠ ਜਾਂਦੇ ਅਤੇ ਉਹ ਗੀਤ, ਟੱਪੇ, ਬੋਲੀਆਂ ਆਦਿ ਪਾਉਂਦੇ ਹਨ। ਹਰ ਚਿਹਰਾ ਗੁਲਾਬ ਵਾਂਗ ਖਿੜ ਜਾਂਦਾ ਹੈ। ਰਿਸ਼ਤਿਆਂ ਦੀ ਖੁਸ਼ਬੂ, ਮੋਹ-ਮਮਤਾ ਅਤੇ ਪਿਆਰ ਦਾ ਨਜ਼ਾਰਾ ਤਾਂ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਬੱਚੇ ਲੋਹੜੀ ਮੰਗਦੇ ਤੇ ਖੁਸ਼ੀ ਦੇ ਗੀਤ ਗਾਉਂਦੇ ਹਨ : ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ। ਖੋਲ੍ਹ ਮਾਈ ਕੁੰਡਾ, ਜੀਵੇ ਤੇਰਾ ਮੁੰਡਾ। ਆਮ ਤੌਰ ‘ਤੇ ਲੋਹੜੀ ਦੀ ਧੂਣੀ ਉਸ ਘਰ ਵੱਲੋਂ ਬਾਲੀ ਜਾਂਦੀ ਹੈ, ਜਿਨ੍ਹਾਂ ਦੇ ਘਰ ਨਵੇਂ ਬੱਚੇ ਨੇ ਜਨਮ ਲਿਆ ਹੋਵੇ (ਭਾਵੇਂ ਉਹ ਬੇਟਾ ਜਾਂ ਬੇਟੀ ਹੋਵੇ) ਜਾਂ ਵਿਆਹ ਦੀ ਸ਼ਹਿਨਾਈ ਵੱਜੀ ਹੋਵੇ, ਆਦਿ। ਇਹ ਖੁਸ਼ੀਆਂ ਤੇ ਮਲ੍ਹਾਰਾਂ ਦਾ ਤਿਉਹਾਰ ਹੈ। ਇਸ ਦਿਨ ਲੋਕ ਸਬੱਬ ਨਾਲ ਇਕੱਠੇ ਹੁੰਦੇ ਹਨ ਅਤੇ ਅਗਨੀ ਨੂੰ ਨਮਸਕਾਰ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਧੂਣੀ ‘ਤੇ ਪੈਰ ਸੇਕਣਾ ਮਨ੍ਹਾ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਮਨੌਤਾਂ ਇਸ ਤਿਉਹਾਰ ਨਾਲ ਜੁੜੀਆਂ ਹੋਈਆਂ ਹਨ। ਇਸ ਦਿਨ ਲੋਕ ਲੋਹੜੀ ਮਾਤਾ ਨੂੰ ਮੱਥਾ ਟੇਕਦੇ ਅਤੇ ਆਪਣੀ ਇੱਛਾ-ਪੂਰਤੀ ਦੀ ਕਾਮਨਾ ਕਰਦੇ ਹਨ, ਜਿਵੇਂ ਨਵੇਂ ਵਿਆਹੇ ਜੋੜੇ ਸੰਤਾਨ ਦੀ ਮੰਗ ਕਰਦੇ ਹਨ ਅਤੇ ਕੁਆਰੇ ਆਪਣੇ ਵਿਆਹ ਜਲਦੀ ਹੋਣ ਦੀ ਕਾਮਨਾ ਕਰਦੇ ਨੇ। ਲੋਹੜੀ ਦੇ ਦੂਸਰੇ ਦਿਨ ‘ਮਾਘੀ ਦਾ ਤਿਉਹਾਰ’ ਵੀ ਖ਼ੂਬ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੇ ਦੌਰ ਵਿਚ ਲੋਕ ‘ਕੁੜੀਆਂ ਦੀ ਲੋਹੜੀ’ ਵੀ ਓਨੇ ਹੀ ਚਾਵਾਂ ਨਾਲ ਪਾਉਂਦੇ ਨੇ, ਜਿੰਨੀ ਮੁੰਡਿਆਂ ਦੀ। ਕੁੜੀਆਂ ਦੀ ਲੋਹੜੀ ਪਾਉਣ ਨਾਲ ਲੋਕਾਂ ‘ਚ ਬੜੀ ਤੇਜ਼ੀ ਨਾਲ ਜਾਗਰੂਕਤਾ ਆ ਰਹੀ ਹੈ। ਉਹ ਕਿਹੜਾ ਖੇਤਰ ਹੈ ਜਿੱਥੇ ਅੱਜ ਦੀ ਔਰਤ ਨਾ ਪਹੁੰਚੀ ਹੋਵੇ। ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ। ਇਹ ਸਾਨੂੰ ਸੱਭਿਆਚਾਰ ਨਾਲ ਜੋੜਦਾ ਹੀ ਨਹੀਂ, ਸਗੋਂ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਵੀ ਕਰਦਾ ਹੈ। ਅੱਜ ਲੋੜ ਹੈ ਦੁੱਲੇ ਜਿਹੇ ਸੂਰਬੀਰਾਂ ਦੀ ਤਾਂ ਜੋ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

By Dalveer Singh

You must be logged in to post a comment Login