ਹਾਏ ਕੁਰਸੀ ਗਈ ਓਏ!

ਹਾਏ ਕੁਰਸੀ ਗਈ ਓਏ!

ਇਹ ਸਤਰਾਂ ਲਿਖਣ ਲਈ ਬੇਸ਼ਕ ਸਬੱਬ ਤਾਂ ਬਣ ਗਈ ਪੰਜਾਬ ਤੋਂ ਛਪਦੀਆਂ ਪੰਜਾਬੀ ਦੀਆਂ ਅਖਬਾਰਾਂ ਵਿਚ ਛਪੀ ਇਕ ਮਹੱਤਵਪੂਰਨ ਖਬਰ, ਪਰ ਅਜਿਹੇ ਭਾਣੇ ਤਾਂ ਸਾਡੇ ਦੇਸ਼ ਦੀ ਰਾਜਨੀਤੀ ਵਿਚ ਗਾਹੇ-ਬਗਾਹੇ ਵਾਪਰਦੇ ਹੀ ਰਹਿੰਦੇ ਹਨ। ਬੱਸ ਜ਼ਰਾ ਚੋਣਾਂ ਦੇ ਨੇੜੇ-ਤੇੜੇ ਜਾ ਕੇ ਇਨ੍ਹਾਂ ਕੌਤਕਾਂ ਦੀ ਗਿਣਤੀ ਜ਼ਰੂਰ ਵਧਣ ਲਗਦੀ ਹੈ। ਅਖਬਾਰੀ ਸ਼ਬਦਾਵਲੀ ਵਿਚ ਇਨ੍ਹਾਂ ਨੂੰ ‘ਪਟਾਕਾ’, ‘ਝਟਕਾ’ ਜਾਂ ‘ਧਮਾਕਾ’ ਜਿਹੇ ਸਨਸਨੀਖੇਜ ਨਾਂ ਦੇ ਦਿੱਤੇ ਜਾਂਦੇ ਹਨ ਤਾਂ ਕਿ ਪਾਠਕ ਹੋਰ ਸਾਰੀ ਅਖਬਾਰ ਛੱਡ ਕੇ ਪਹਿਲਾਂ ਇਨ੍ਹਾਂ, ਭਾਫਾਂ ਛੱਡ ਰਹੀਆਂ ਖਬਰਾਂ ਵੱਲ ਝਪਟ ਕੇ ਪੈਣ।
ਸਤਾਈ ਜੁਲਾਈ ਦੀ ਇਹ ਧਮਾਕਾਖੇਜ ਖਬਰ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਰਾਜ ਸਭਾ ਦੀ ਮੈਂਬਰੀ ਛੱਡ ਕੇ ‘ਪਟਾਕਾ’ ਪਾਉਣ ਵਾਲੇ ਸ੍ਰੀ ਨਵਜੋਤ ਸਿੰਘ ਸਿੱਧੂ ਦੇ ਕਦਮ ਚਿੰਨ੍ਹਾਂ ‘ਤੇ ਚੱਲਦਿਆਂ ਇਕ ਹੋਰ ‘ਭਾਜਪਾਈ ਸਿੱਖ’ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਵੀ ਆਪਣੀ ਪਾਰਟੀ ਨੂੰ ਇਕ ਹੋਰ ‘ਝਟਕਾ’ ਦੇਣ ਜਾ ਰਹੇ ਹਨ; ਭਾਵ, ਉਨ੍ਹਾਂ ਨੇ ਵੀ ਪਾਰਟੀ ਤਿਆਗਣ ਲਈ ਕਮਰ ਕੱਸ ਲਈ ਹੈ। ਖਬਰ ਮੁਤਾਬਕ ਪ੍ਰੈਸ ਕਾਨਫਰੰਸ ਵਿਚ ਸ੍ਰੀ ਗਰੇਵਾਲ ਨੇ ਉਹੀ ਮੁਹਾਰਨੀ ਦੁਹਰਾਈ ਹੈ ਜੋ ਕੁਝ ਦਿਨ ਪਹਿਲਾਂ ਸ੍ਰੀ ਸਿੱਧੂ ਨੇ ਪੜ੍ਹੀ ਸੀ। ਸ੍ਰੀ ਗਰੇਵਾਲ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਅਕਾਲੀਆਂ ਦੀ ਹੀ ਲੋੜ ਹੈ, ਜਿਹੜੇ (ਅਕਾਲੀ) ਰੇਤ, ਬਜਰੀ, ਟਰਾਂਸਪੋਰਟ, ਕੇਬਲ, ਡਰੱਗ ਅਤੇ ਮੀਡੀਆ ਉਤੇ ਅਜਾਰੇਦਾਰੀ ਕਾਇਮ ਕਰ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਿਰਫ ਇਕੋ ਫਿਰਕੇ ਦੀ ਹੀ ਪਾਰਟੀ ਬਣ ਕੇ ਰਹਿ ਗਈ ਹੈ। ਹੁਣ ਇਸ ਨੂੰ ਘੱਟਗਿਣਤੀਆਂ, ਖਾਸ ਕਰ ਕੇ ਕਿਸੇ ਸਿੱਖ ਦੀ ਕੋਈ ਲੋੜ ਨਹੀਂ ਹੈ। ਪੰਜਾਬ ਵਿਚ ਭਾਜਪਾ ਨੂੰ ਲੋੜ ਹੈ, ਸਿਰਫ ਤੇ ਸਿਰਫ ਕੁਰਸੀ ਦੀ, ਜੋ ਪੰਜਾਬ ਦੀ ਜਨਤਾ ਦਾ ਲਹੂ ਨਿਚੋੜਨ ਵਾਲੇ ਅਕਾਲੀਆਂ ਦੇ ਪ੍ਰਭਾਵ ਥੱਲੇ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ੍ਰੀ ਗਰੇਵਾਲ ਨੇ ਭਾਜਪਾ ਉਤੇ ਦੂਸ਼ਣ ਲਾਉਂਦਿਆਂ, ਉਸ ਪਾਰਟੀ ਦੇ ਖਾਸੇ ਬਾਬਤ ਸਿਰੇ ਦੀ ਗੱਲ ਇਥੋਂ ਤੱਕ ਕਹਿ ਦਿੱਤੀ ਕਿ ਇਹ ਭਗਵੀਂ ਪਾਰਟੀ ਸਿੱਖਾਂ ਨੂੰ ਬਰਦਾਸ਼ਤ ਹੀ ਨਹੀਂ ਕਰਦੀ।
ਜਿਵੇਂ ਲੰਮਾ ਅਰਸਾ ਰੁਸੇਵੇਂ ਕਾਰਨ ਚੁੱਪ ਵੱਟੀ ਰੱਖਣ ਵਾਲੇ ਸ੍ਰੀ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਤਾਂ ਵੱਡੇ ਮਾਣ ਨਾਲ ਗ੍ਰਹਿਣ ਕਰ ਲਈ, ਪਰ ਕੇਂਦਰੀ ਵਜ਼ਾਰਤ ਦੇ ਵਾਧੇ ਮੌਕੇ ਸਹੁੰ ਚੁੱਕਣ ਵਾਲੇ ਨਵੇਂ ਵਜ਼ੀਰਾਂ ਦੀ ਸੂਚੀ ਵਿਚ ਉਨ੍ਹਾਂ (ਸਿੱਧੂ) ਦਾ ਨਾਂ ਨਾ ਹੋਣ ਕਰ ਕੇ, ਉਨ੍ਹਾਂ ਨੂੰ ਉਸੇ ਵੇਲੇ ਮਹਿਸੂਸ ਹੋ ਗਿਆ ਕਿ ‘ਮੋਦੀ ਲਹਿਰ’ ਵਿਚ ਤਾਂ ਸਿੱਧੂ ‘ਡੁੱਬ’ ਹੀ ਗਿਆ ਹੈ। ਇਵੇਂ ਹੀ 27 ਜੁਲਾਈ ਵਾਲੀ ਖਬਰ ਦੇ ‘ਨਾਇਕ’ ਸ੍ਰੀ ਗਰੇਵਾਲ ਤਿੱਖੇ ਤੇਵਰ ਦਿਖਾਉਂਦਿਆਂ ਨਿੱਜੀ ਰੋਣਾ ਬਿਆਨਦੇ ਹੋਏ ਆਖਦੇ ਹਨ:
“ਜਦ ਮੈਂ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਵੱਲੋਂ ਤਿਆਰ ਕੀਤੀ ਨਵੇਂ ਅਹੁਦੇਦਾਰਾਂ ਦੀ ਸੂਚੀ ਵਿਚੋਂ ਪੰਜਾਬ ਭਾਜਪਾ ਦੇ ਕਿਸਾਨ ਸੈਲ ਦੇ ਪ੍ਰਧਾਨ ਵਜੋਂ ਆਪਣਾ ਨਾਂ ਗਾਇਬ ਦੇਖਿਆ, ਮੈਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਸ੍ਰੀ ਸਾਂਪਲਾ ਨੇ ਅਕਾਲੀਆਂ ਦੇ ਪ੍ਰਭਾਵ ਥੱਲੇ ਆ ਕੇ ਹੀ ਮੇਰੀ ‘ਛੁੱਟੀ’ ਕੀਤੀ ਹੈ।”
ਉਂਜ, ਖਬਰ ਅਨੁਸਾਰ ਸ੍ਰੀ ਗਰੇਵਾਲ ਨੇ ਆਪਣੇ ਵੱਲੋਂ ਲਏ ਇਸ ‘ਅਚਨਚੇਤੀ ਫੈਸਲੇ’ ਉਤੇ ਪੁਰਾਣੇ ਰੋਸ ਦਾ ‘ਮੁਲੰਮਾ’ ਚੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਇਹ ਵੀ ਕਹਿ ਦਿੱਤਾ ਕਿ ਉਹ ਤਾਂ ਨੌਂ ਸਾਲਾਂ ਤੋਂ ਪੰਜਾਬ ਭਾਜਪਾ ਕਿਸਾਨ ਸੈਲ ਦੇ ਪ੍ਰਧਾਨ ਵਜੋਂ ਸੇਵਾ ਕਰਦੇ ਹੋਏ ਪਾਰਟੀ ਨੂੰ ਖਬਰਦਾਰ ਕਰਦੇ ਆਏ ਹਨ।
ਸਾਡੇ ਦੇਸ਼ ਦੇ ਜੱਗੋਂ ਤੇਰ੍ਹਵੇਂ ਲੋਕ-ਰਾਜੀ ਸਿਸਟਮ ਵਿਚ ਇਹੋ ਜਿਹੇ ‘ਪਟਾਕੇ-ਧਮਾਕੇ-ਝਟਕੇ’ ਹੁੰਦੇ ਹੀ ਰਹਿਣੇ ਹਨ। ਅਜੇ ਪੰਜਾਬ ਦਾ ਚੋਣ ਅਮਲ ਸ਼ੁਰੂ ਹੋਣ ਵੇਲੇ ਪਾਰਟੀਆਂ ਵੱਲੋਂ ਉਮੀਦਵਾਰਾਂ ਦੀਆਂ ਟਿਕਟ-ਸੂਚੀਆਂ ਜਾਰੀ ਹੋਣ ਮੌਕੇ, ਖੌਰੇ ਕਿਹਦਾ ਕਿਹਦਾ, ਕਿਹੜੀ ਕਿਹੜੀ ਪਾਰਟੀ ਵਿਚ ‘ਦਮ ਘੁੱਟ ਹੋਣ’ ਲੱਗ ਪੈਣਾ? ਕੀ ਜਾਣੀਏਂ ਕਿਸ ਪਾਰਟੀ ਵਿਚ ਕਿੰਨੇ ਕੁ ਪਟਾਕੇ ਪੈਣਗੇ! ਸਾਰੀ ਉਮਰ ਮਲਾਈਦਾਰ ਅਹੁਦਿਆਂ ‘ਤੇ ਕੁੱਪ ਵਾਂਗ ਢਿੱਡ ਭਰ ਕੇ ਪਤਾ ਨਹੀਂ ਕਿਹੜੇ ਕਿਹੜੇ ਭੱਦਰਪੁਰਸ਼ ਨੂੰ ਪੰਜਾਬ ਦਾ ‘ਹੇਜ’ ਜਾਗ ਪੈਣਾ ਤੇ ਉਸ ਨੇ ‘ਬਿਨਾ ਸ਼ਰਤ ਹਮਾਇਤ’ ਦਾ ਗੀਤ ਗਾਉਂਦਿਆਂ ਕਿਧਰ ਜਾ ਵੜਨਾ ਹੈ? ਭਵਿੱਖ ਦੇ ਗਰਭ ਵਿਚ ਪਈਆਂ ਇਨ੍ਹਾਂ ਅਗੇਤੀਆਂ ਸੰਭਾਵਨਾਵਾਂ ਨੂੰ ‘ਉਡੀਕ ਸੂਚੀ’ ਵਿਚ ਰੱਖ ਕੇ, ਆਪਾਂ ਹਥਲੀ ਲਿਖਤ ਉਤੇ ਕਟਾਖਸ਼ ਕਰਦੀਆਂ ਦੋ ਮਿਸਾਲਾਂ ਪੜ੍ਹ-ਸੁਣ ਲਈਏ:
ਸ਼ੇਖ ਸਾਅਦੀ ਦੀਆਂ ਲਿਖਤਾਂ ਵਿਚ ਜ਼ਿਕਰ ਆਉਂਦਾ ਹੈ ਕਿ ਮੂੰਹ ਦੇ ਤੇਜ਼, ਤਿੱਖੇ ਤੇ ਨੁਕੀਲੇ ਦੰਦ ਭੁਰਨ ਅਤੇ ਬੁਢਾਪੇ ਕਾਰਨ ਸਰੀਰ ਨਿਰਬਲ ਹੋਣ ਕਾਰਨ ਜੰਗਲ ਦਾ ਕੋਈ ਖੂਨ ਬਘਿਆੜ ਇਹ ਐਲਾਨ ਕਰੇ ਕਿ ਲਓ ਬਈ ਜਾਨਵਰ ਦੋਸਤੋ! ਹੁਣ ਮੈਂ ਸ਼ਿਕਾਰ ਦਾ ਤਿਆਗ ਕਰ ਦਿੱਤਾ ਹੈ, ਤਾਂ ਉਸ ਨੂੰ ਪੁੱਛਿਆ ਜਾ ਸਕਦਾ ਹੈ ਕਿ ਤੇਰਾ ਇਹ ਤਿਆਗ ਨਹੀਂ, ਬੇਵਸੀ ਹੈ; ਹੁਣ ਤਾਂ ਤੂੰ ਤਿਆਗ ਦਾ ਨਾਟਕ ਕਰ ਰਿਹੈਂ। ਸ਼ਿਕਾਰ ਦੇ ਤਿਆਗ ਦਾ ਚੇਤਾ ਉਦੋਂ ਨਹੀਂ ਆਇਆ ਜਦ ਤੂੰ ਸਾਹਮਣੇ ਦਿਖਾਈ ਦਿੰਦੇ ਹਰ ਹਿਰਨ-ਬੱਕਰੀ ਆਦਿ ਜਾਨਵਰਾਂ ਨੂੰ ਧੌਣੋਂ ਫੜ ਕੇ ਪਲਾਂ ਛਿਣਾਂ ਵਿਚ ਉਨ੍ਹਾਂ ਦੀ ਅਲਖ ਮੁਕਾ ਛੱਡਦਾ ਸੈਂ। ਬੁੱਢੜ, ਲਾਚਾਰ ਬਘਿਆੜ ਦੇ ਇਸ ਐਲਾਨ ਦਾ ਮਖੌਲ ਹੀ ਉਡਾਇਆ ਜਾ ਸਕਦਾ ਹੈ!
ਦੂਸਰੀ ਮਿਸਾਲ ਵਕੀਲ ਦੋਸਤ ਪਾਸੋਂ ਸੁਣੀ ਹੋਈ ਹੈ। ਕਹਿੰਦੇ, ਕਿਸੇ ਔਰਤ ਨੇ ਥਾਣੇ ਰਪਟ ਦਰਜ ਕਰਵਾਈ ਕਿ ਫਲਾਣੇ ਬੰਦੇ ਨੇ ਉਹਦੇ ਨਾਲ ਜ਼ੋਰ-ਜ਼ਬਰਦਸਤੀ ਕਰਦਿਆਂ ਉਹਦੀ ਇੱਜ਼ਤ ਲੁੱਟ ਲਈ ਹੈ। ਕੇਸ ਅਦਾਲਤ ਵਿਚ ਚਲਾ ਗਿਆ। ਜਿਰ੍ਹਾ ਮੌਕੇ ਵਿਰੋਧੀ ਵਕੀਲ ਨੇ ਉਸ ਔਰਤ ਨੂੰ ਉਪਰੋਥਲੀ ਕਈ ਤਰ੍ਹਾਂ ਦੇ ਸਵਾਲ ਕਰ ਕਰ ਕੇ ਉਲਝਾ ਲਿਆ। ਬੌਂਦਲੀ ਹੋਈ ਨੂੰ ਵਕੀਲ ਨੇ ਪੁੱਛਿਆ ਕਿ ਬੀਬਾ, ਜਦ ਤੇਰੀ ਉਸ ਬੰਦੇ ਨਾਲ ਪਹਿਲਾਂ ਕੋਈ ਜਾਣ-ਪਛਾਣ ਹੀ ਨਹੀਂ ਸੀ, ਤਾਂ ਐਡਾ ਦੁਖਦਾਈ ਹਾਦਸਾ ਵਾਪਰਨ ਦੀ ਨੌਬਤ ਕਿਉਂ ਤੇ ਕਿਵੇਂ ਆ ਗਈ?… ਆਖਰ ਤੈਨੂੰ ਕਦੋਂ ਮਹਿਸੂਸ ਹੋਇਆ ਕਿ ‘ਮੈਂ ਲੁੱਟੀ ਪੁੱਟੀ ਗਈ ਹਾਂ?’
“ਹੱਦ ਹੋ ਗਈ ਵਕੀਲ ਸਾਹਿਬ!” ਬਹਿਸ ਦੌਰਾਨ ਬੌਂਦਲੀ ਹੋਈ ਉਸ ਔਰਤ ਦੇ ਮੂੰਹੋਂ ਸਹਿਵਨ ਹੀ ਅਸਲੀਅਤ ਨਿਕਲ ਗਈ, ..ਜਦੋਂ ਇਹ ਬਿਨਾਂ ਕੋਈ ਪੈਸਾ-ਧੇਲਾ ਦਿੱਤਿਆਂ ਮੇਰੇ ਕਮਰੇ ਵਿਚੋਂ ਬਾਹਰ ਨੂੰ ਤੁਰ ਪਿਆ, ਮੈਂ ਉਦੋਂ ਹੀ ਰੌਲਾ ਪਾ ਦਿੱਤਾ ਸੀ ਕਿ ਲੋਕੋ, ਮੇਰੀ ਇੱਜ਼ਤ ਲੁੱਟੀ ਗਈ ਐ!”
ਇਥੇ ਪ੍ਰਸਿੱਧ ਸ਼ਾਇਰ ਸ੍ਰੀ ਚਮਨ ਹਰਿਗੋਬਿੰਦਪੁਰੀ ਦਾ ‘ਬੈਂਤ’ ਲਿਖਣਾ ਕੁਥਾਂਹ ਨਹੀਂ ਹੋਵੇਗਾ:
ਕੁਰਸੀ, ਮੇਜ਼ ਤੋਂ ਹੁੰਦੀ ਏ ਭਾਵੇਂ ਛੋਟੀ
ਪਰ ਟੌਹਰ ਮੇਜ਼ ਤੋਂ ਬਹੁਤਾ ਰਖਾਏ ਕੁਰਸੀ।
ਕੁਰਸੀ ਵਾਸਤੇ ਸਾਰਾ ਜਹਾਨ ਤਰਸੇ
ਭਾਲੂ ਵਾਂਗਰਾਂ ਨਾਚ ਨਚਾਏ ਕੁਰਸੀ।
ਬੰਦਾ ਬੰਦੇ ਨੂੰ ‘ਬੰਦਾ’ ਨਹੀਂ ਨਜ਼ਰ ਆਉਂਦਾ
ਇਥੋਂ ਤੀਕਰਾਂ ਨਸ਼ਾ ਚੜ੍ਹਾਏ ਕੁਰਸੀ।
ਇਸ ਦੇ ਅਹੁਦੇ ਦੀ ਕੀਮਤ ਉਹੀਓ ਜਾਣਦਾ ਏ
ਜਿਥੇ ਥੱਲਿਓਂ ਇਹ ਖਿਸਕ ਜਾਏ ਕੁਰਸੀ।
ਲੱਥੇ ਅਹੁਦਿਓਂ ਕਿਸੇ ਵਜ਼ੀਰ ਤਾਈਂ
ਪੁੱਛੋਂ ਹਾਲ ਕੀ ਹੈ?
ਆਖੂ, ਹਾਏ ਕੁਰਸੀ, ਮੇਰੀ ਹਾਏ ਕੁਰਸੀ।

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

You must be logged in to post a comment Login