ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਜਲੰਧਰ- ਬੀਤੇ ਦਿਨੀਂ ਅੰਤਰ-ਰਾਸ਼ਟਰੀ ਪੱਧਰ ਦੀ ਹਾਕੀ ਖੇਡਣ ਤੋਂ ਸੰਨਿਆਸ ਲੈਣ ਉਪਰੰਤ ਵੀਰਵਾਰ ਨੂੰ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਕਿਹਾ ਉਹ ਹਰਿਆਣੇ ‘ਚ ਹਾਕੀ ਖੇਡ ਦੀ ਕੋਚਿੰਗ ਕਰਨ ਦੀ ਡਿਊਟੀ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜਕਾਰਤਾ-ਇੰਡੋਨੇਸ਼ੀਆ ‘ਚ ਪਿਛਲੇ ਹਫਤੇ ਖਤਮ ਹੋਈਆਂ 18ਵੀਂ ਏਸ਼ੀਆ ਖੇਡਾਂ ਦੀ ਹਾਕੀ ਸੈਮੀਫਾਈਨਲ ਮੈਚ ‘ਚ ਸਰਦਾਰ ਸਿੰਘ ਦੀ ਸਰਦਾਰੀ ‘ਚ ਭਾਰਤੀ ਟੀਮ ਮੇਜ਼ਬਾਨ ਇੰਡੋਨੇਸ਼ੀਆ ਤੋਂ ਹਾਰ ਗਈ ਸੀ ਤੇ ਮਹਿਜ਼ ਕਾਂਸੀ ਦਾ ਤਮਗਾ ਜਿੱਤ ਸਕੀ ਸੀ। ਸਰਦਾਰ ਸਿੰਘ ਨੇ ਕਿਹਾ ਮੈਨੂੰ ਹਾਕੀ ਛੱਡਣ ਦਾ ਕੋਈ ਗਮ ਨਹੀਂ ਹੈ, ਮੇਰੇ ‘ਤੇ ਕਿਸੇ ਦਾ ਦਬਾਅ ਨਹੀਂ ਸੀ ਤੇ ਨਾ ਹੀ ਮੈਂ ਹਾਰਨ ਦੀ ਆਲੋਚਨਾ ਤੋਂ ਡਰਿਆ ਸੀ। ਸਰਦਾਰ ਨੇ ਕਿਹਾ ਵਿਦੇਸ਼ੀ ਕੋਚ ਨਿਯੁਕਤ ਕਰਨ ਨਾਲ ਹਾਕੀ ਖਿਡਾਰੀਆਂ ਨੂੰ ਖੇਡ ਦੇ ਦਾਅ- ਪੇਚ ਦੱਸਣ ਵਾਲੇ ਗੋਰੇ ਕੋਚ ਦੀ ਜ਼ੁਬਾਨ ਸਮਝਣ ‘ਚ ਮੁਸ਼ਕਲ ਜ਼ਰੂਰ ਆਉਂਦੀ ਹੈ ਜਿਸ ਕਾਰਨ ਆਪਣੇ ਦੇਸ਼ ਦੇ ਹਾਕੀ ਕੋਚ ਹੀ ਨਿਯੁਕਤ ਕਰਨੇ ਚਾਹੀਦੇ ਹਨ। ਸਰਦਾਰ ਸਿੰਘ ਦਾ ਇਹ ਵੀ ਕਹਿਣਾ ਸੀ ਕਿ ਅੰਤਰਰਾਸ਼ਟਰੀ ਮੈਚਾਂ ‘ਚ ਟੀਮ ਦੇ ਖਿਡਾਰੀਆਂ ਨੂੰ ਮਾਨਸਿਕ ਸੰਤੁਲਨ ਰੱਖਣ ‘ਤੇ ਜੋਸ਼ ਦੀ ਭਾਵਨਾ ਕਾਇਮ ਰੱਖਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।

You must be logged in to post a comment Login