ਹਿਮਾਚਲ ‘ਚ ਮੀਂਹ ਨੇ ਲਈ 8 ਲੋਕਾਂ ਦੀ ਜਾਨ

ਹਿਮਾਚਲ ‘ਚ ਮੀਂਹ ਨੇ ਲਈ 8 ਲੋਕਾਂ ਦੀ ਜਾਨ

ਸ਼ਿਮਲਾ : ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਮੀਂਹ ਕਾਰਨ ਵੱਖ-ਵੱਖ ਹਾਦਸਿਆਂ ‘ਚ ਹਿਮਾਚਲ ਪ੍ਰਦੇਸ਼ ‘ਚ 8 ਲੋਕਾਂ ਦੀ ਮੌਤ ਹੋ ਗਈ। ਕਈ ਜ਼ਿਲ੍ਹਿਆਂ ‘ਚ ਹੜ੍ਹ ਕਾਰਨ ਪਿੰਡਾਂ ਦਾ ਸੰਪਰਕ ਟੁੱਟ ਗਿਆ। ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ 343 ਰਸਤੇ ਅਤੇ ਕੌਮੀ ਸੜਕਾਂ ‘ਤੇ ਆਵਾਜਾਈ ਬੰਦ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਉੱਤਰਾਖੰਡ ਅਤੇ ਰਾਜਸਥਾਨ ਦੇ ਕਈ ਹਿੱਸਿਆਂ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਿਮਲਾ ਦੇ ਆਰਟੀਓ ਦਫ਼ਤਰ ਨੇੜੇ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਘਟਨਾ ‘ਚ ਇਕ ਹੋਰ ਵਿਅਕਤੀ ਦੇ ਮਲਬੇ ‘ਚ ਦੱਬੇ ਹੋਣ ਦੀ ਖ਼ਬਰ ਹੈ। ਉਥੇ ਹੀ ਮੀਂਹ ਕਾਰਨ ਇਕ ਉਸਾਰੀ ਅਧੀਨ ਮਕਾਨ ਦੀ ਕੰਧ ਡਿੱਗ ਗਈ, ਜਿਸ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਮਜ਼ਦੂਰ ਦੀ ਪਛਾਣ ਸ਼ਾਹ ਆਲਮ ਵਜੋਂ ਹੋਈ ਹੈ, ਜੋ ਬਿਹਾਰ ਦੇ ਕਿਸ਼ਨਗੰਜ ਦਾ ਰਹਿਣ ਵਾਲਾ ਸੀ। ਕੁੱਲੂ ਜ਼ਿਲ੍ਹੇ ਦੇ ਰੋਹਰੂ ‘ਚ ਢਿੱਗਾਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ। ਮੀਂਹ ਕਾਰਨ ਡਿੱਗੇ ਇਕ ਦਰੱਖਤ ਦੀ ਲਪੇਟ ‘ਚ ਆਉਣ ਕਾਰਨ ਦੋ ਨੇਪਾਲੀ ਨਾਗਰਿਕ ਮਾਰੇ ਗਏ। ਚੰਬਾ ‘ਚ ਹੜ੍ਹ ਦੇ ਪਾਣੀ ‘ਚ ਰੁੜ੍ਹ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਐਤਵਾਰ ਨੂੰ ਕਿੰਨੌਰ ਜ਼ਿਲ੍ਹੇ ਦੇ ਰਿੱਬਾ ਇਲਾਕੇ ‘ਚ ਮੀਂਹ ਕਾਰਨ ਢਿੱਗਾਂ ਡਿਗਣ ਮਗਰੋਂ ਕੌਮੀ ਸੜਕ ਨੰਬਰ-5 ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਢਿੱਗਾਂ ਡਿੱਗਣ ਕਰ ਕੇ 323 ਸੜਕਾਂ ‘ਤੇ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੈ। ਸੜਕਾਂ ‘ਤੇ ਲੰਮੇ ਜਾਮ ਲੱਗੇ ਹੋਏ ਹਨ। ਕਾਂਗੜਾ ਜ਼ਿਲ੍ਹੇ ‘ਚ ਹੁਣ ਤਕ ਸੱਭ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ 118 ਐਮਐਮ ਮੀਂਹ ਪੈਣ ਦੀ ਗੱਲ ਆਖੀ ਗਈ ਹੈ।

You must be logged in to post a comment Login