ਹਿਮਾਚਲ ‘ਚ 117 ਸਾਲ ਬਾਅਦ ਅਜਿਹੀ ਬਾਰਿਸ਼, 18 ਦੀ ਮੌਤ

ਹਿਮਾਚਲ ‘ਚ 117 ਸਾਲ ਬਾਅਦ ਅਜਿਹੀ ਬਾਰਿਸ਼, 18 ਦੀ ਮੌਤ

ਨਵੀਂ ਦਿੱਲੀ- ਹਿਮਚਾਲ ਪ੍ਰਦੇਸ਼ ਵਿਚ ਪਿਛਲੇ 12 ਘੰਟਿਆਂ ਤੋਂ ਜਾਰੀ ਮੀਂਹ ਨੇ ਭਾਰੀ ਤਬਾਹੀ ਮਚਾਈ। ਸੂਬਾਈ ਮੁੱਖ ਦਫਤਰ ਤੋਂ ਮਿਲੀ ਸੂਚਨਾ ਅਨੁਸਾਰ ਸੋਲਨ ਜ਼ਿਲੇ ਵਿਚ 8, ਮੰਡੀ ਵਿਚ 4, ਹਮੀਰਪੁਰ ਅਤੇ ਕਾਂਗੜਾ ਜ਼ਿਲਿਆਂ ਵਿਚ 2-2, ਬਿਲਾਸਪੁਰ ਅਤੇ ਊਨਾ ਵਿਚ 1-1 ਵਿਅਕਤੀ ਦੀ ਜਾਨ ਚਲੀ ਗਈ। ਕਿਨੌਰ ਜ਼ਿਲੇ ਦੀ ਸਾਂਗਲਾ ਘਾਟੀ ਵਿਚ ਢਿੱਗਾਂ ਡਿੱਗਣ ਦੌਰਾਨ ਰਸਤਾ ਬੰਦ ਹੋਣ ਨਾਲ 100 ਸੈਲਾਨੀ ਅਤੇ 15 ਵਾਹਨ ਫਸ ਗਏ ਹਨ ਅਤੇ ਇਕ ਪੁਲ ਵੀ ਰੁੜ੍ਹ ਗਿਆ ਹੈ।
ਭਾਰੀ ਮੀਂਹ ਦੇ ਅਲਰਟ ਨੂੰ ਵੇਖਦੇ ਹੋਏ ਸਰਕਾਰ ਨੇ 10 ਜ਼ਿਲਿਆਂ ‘ਚ ਮੰਗਲਵਾਰ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ-ਕਾਲਜ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਢਿੱਗਾਂ ਤੇ ਚੱਟਾਨਾਂ ਡਿੱਗਣ ਨਾਲ 4-ਨੈਸ਼ਨਲ ਹਾਈਵੇ ਅਤੇ ਸੈਂਕੜੇ ਲਿੰਕ ਸੜਕਾਂ ਬੰਦ ਰਹੀਆਂ।
ਕਾਂਗੜਾ ਜ਼ਿਲੇ ਵਿਚ 3 ਵਾਹਨ, ਜਦਕਿ ਮੰਡੀ ਦੇ ਪੰਡੋਹ ਬੰਨ੍ਹ ਵਿਚ ਇਕ ਜੀਪ ਰੁੜ੍ਹ ਗਈ। ਕੁੱਲੂ ਜ਼ਿਲੇ ਦੇ ਮਣੀਕਰਨ ਕਟਾਗਲਾ ਅਤੇ ਮੌਹਲ ‘ਚ ਬੱਦਲ ਫਟਣ ਨਾਲ ਭੂੰਤਰ ਬਾਜ਼ਾਰ ਪਾਣੀ ਨਾਲ ਭਰ ਗਿਆ ਅਤੇ 3 ਪਰਿਵਾਰ ਲਾਪਤਾ ਹੋ ਗਏ। ਓਧਰ ਖੋਖਣ ਨਾਲੇ ਵਿਚ ਵੀ ਜ਼ਬਰਦਸਤ ਹੜ੍ਹ ਆਇਆ ਹੈ। ਪੱਦਰ ‘ਚ ਮਨਾਲੀ-ਅੰਮ੍ਰਿਤਸਰ ਬੱਸ ਮਲਬੇ ਵਿਚ ਧਸ ਗਈ। ਓਧਰ ਗ੍ਰਹਿ ਮੰਤਰਾਲੇ ਦੇ ਨੈਸ਼ਨਲ ਐਮਰਜੈਂਸੀ ਰਿਸਪਾਂਸ ਸੈਂਟਰ (ਐੱਨ. ਈ. ਆਰ. ਸੀ.) ਦੇ ਮੁਤਾਬਕ ਹੜ੍ਹਾਂ ਅਤੇ ਮੀਂਹ ਨਾਲ 7 ਸੂਬਿਆਂ ਕੇਰਲ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਆਸਾਮ ਅਤੇ ਨਾਗਾਲੈਂਡ ‘ਚ ਹੁਣ ਤੱਕ 774 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ 16 ਸੂਬਿਆਂ ਵਿਚ 2 ਦਿਨ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

You must be logged in to post a comment Login