ਹੁਕਮਨਾਮਿਆਂ ਵਾਲੇ ਪੁਜਾਰੀ ਉਦੋਂ ਕਿਥੇ ਚਲੇ ਜਾਂਦੇ ਨੇ…?

ਹੁਕਮਨਾਮਿਆਂ ਵਾਲੇ ਪੁਜਾਰੀ ਉਦੋਂ ਕਿਥੇ ਚਲੇ ਜਾਂਦੇ ਨੇ…?

ਬੀਤੀ 27 ਜਨਵਰੀ 2012 ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸੌਦਾ ਸਾਧ ਵਿਰੁਧ ਚੱਲ ਰਹੇ ਕੇਸ ਨੂੰ ਖ਼ਾਰਜ ਕਰਨ ਲਈ ਸੈਸ਼ਨ ਕੋਰਟ ਬਠਿੰਡਾ ਵਿਚ ਹਲਫ਼ਨਾਮਾ ਦੇ ਦਿਤਾ ਜਿਸ ਕਾਰਨ ਸਿੱਖ ਮਾਨਸਕ ਤੌਰ ‘ਤੇ ਝੰਜੋੜੇ ਗਏ। ਸਿਰਫ਼ ਵੋਟਾਂ ਲੈਣ ਖ਼ਾਤਰ ਬਾਦਲ ਸਰਕਾਰ ਨੇ ਇਹ ਸੱਭ ਕੁੱਝ ਕੀਤਾ। ਜਥੇਦਾਰ ਜੀ! ਦੱਸੋਗੇ ਕਿ ਇਸ ਸੱਭ ਦੇ ਬਾਵਜੂਦ ਤੁਹਾਡੀ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਗਏ? ਕਿਉਂ ਬਾਦਲ ਵਿਰੁਧ ਹੁਕਮਨਾਮਾ ਜਾਰੀ ਨਾ ਹੋਇਆ?

ਇਸ ਦੇ ਉਲਟ ਸਿੱਖ ਵਿਦਵਾਨ ਸ੍ਰ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ੍ਰ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਆਦਿ ਵਿਰੁਧ ਹੁਕਮਨਾਮਾ ਜਾਰੀ ਕਰਨ ਲਗਿਆਂ ਤੁਹਾਡੀ ਕਲਮ ਬਹੁਤ ਛੇਤੀ ਉਠ ਪੈਂਦੀ ਹੈ? ਜਥੇਦਾਰ ਜੀ, ਕੀ ਤੁਸੀਂ ਉਕਤ ਸਵਾਲਾਂ ਦੇ ਜਵਾਬ ਦੇ ਸਕੋਗੇ?²
ਸਿੱਖ ਪੰਥ ਦੀ ਧੌਣ ਉੱਤੇ ਜਦੋਂ ਦੇ, ਕੇਸਾਧਾਰੀ ਬ੍ਰਾਹਮਣ ਰੂਪੀ ਜਥੇਦਾਰ, ਸਵਾਰੀ ਕਰਨ ਵਿਚ ਸਫ਼ਲ ਹੋਏ ਹਨ (ਸਿਆਸੀ ਲੋਕਾਂ ਦੀ ਮਿਹਰ ਸਦਕਾ), ਉਦੋਂ ਤੋਂ ਉਨ੍ਹਾਂ ਨੇ ਕਈ ਗੁਰਮੁਖਾਂ ਤੇ ਭਲੇ ਪੁਰਸ਼ਾਂ, ਪੰਥ ਦੇ ਹੀਰਿਆਂ ਨੂੰ ਝੰਬਿਆ ਹੈ, ਜ਼ਲੀਲ ਕੀਤਾ ਹੈ ਤੇ ‘ਛੇਕਿਆ’ ਵੀ ਹੈ। ਉਨ੍ਹਾਂ ਕੋਲ ‘ਹੁਕਮਨਾਮਾ’ ਨਾਂ ਦਾ ਪੁਜਾਰੀਵਾਦੀ ਹਥਿਆਰ ਹੈ ਜਿਸ ਦੀ ਉਨ੍ਹਾਂ ਰੱਜ ਕੇ ਵਰਤੋਂ ਕੀਤੀ ਪਰ ਕਦੇ ਇਸ ਨੂੰ ਉਥੇ ਨਹੀਂ ਵਰਤਿਆ ਜਿਥੇ ਇਸ ਦੀ ਵਰਤੋਂ ਕਰਿਆਂ, ਮਨੁੱਖਤਾ ਦਾ ਕੋਈ ਭਲਾ ਵੀ ਹੋ ਸਕਦਾ ਸੀ। ਸਿੱਖ ਪੰਥ ਉੱਤੇ ਆਈਆਂ ਕਈ ਮੁਸੀਬਤਾਂ ਸਮੇਂ ਇਹ ਜਥੇਦਾਰ ਕਿਧਰੇ ਵਿਖਾਈ ਨਾ ਦਿਤੇ। ਜੇਕਰ ਇਨ੍ਹਾਂ ਵਿਚ ਰਾਈ ਮਾਤਰ ਵੀ ਸਿੱਖੀ ਹੈ ਤਾਂ ਅਸੀ ਪੁੱਛਣ ਦਾ ਹੱਕ ਰਖਦੇ ਹਾਂ –

1. ਬਹੁ ਗਿਣਤੀ ਗੁਰਦਵਾਰਿਆਂ ਤੇ ਡੇਰਿਆਂ ਵਿਚ ਧਾਗੇ-ਤਵੀਤ, ਜੰਤਰ-ਮੰਤਰ ਆਦਿ ਪਖੰਡ ਕੰਮਾਂ ਵਿਰੁਧ ਕਦੀ ਹੁਕਮਨਾਮਾ ਜਾਰੀ ਕਿਉੁਂ ਨਹੀਂ ਹੋਇਆ?
2. ਬਹੁਤੇ ਗੁਰਦਵਾਰਿਆਂ ਵਿਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਤੋਂ ਉਲਟ ਕਾਰਜ ਹੋ ਰਹੇ ਹਨ। ਉਨ੍ਹਾਂ ਵਿਰੁਧ ਕਦੇ ਹੁਕਮਨਾਮਾ ਜਾਰੀ ਕਿਉਂ ਨਹੀਂ ਹੋਇਆ?

3. ਸੰਨ 1984 ਤੋਂ ਲੈ ਕੇ 1994 ਤਕ ਪੰਜਾਬ ਵਿਚ ਸਿੱਖ ਸ਼ਕਲਾਂ ਵਾਲੇ ਸਿੱਖਾਂ ਦੇ ਘਰ ਲੁਟਦੇ ਰਹੇ, ਬਲਾਤਕਾਰ ਕਰਦੇ ਰਹੇ, ਕਤਲ ਕਰਦੇ ਰਹੇ। ਉਨ੍ਹਾਂ ਵਿਰੁਧ ਕਿਉੁਂ ਹੁਕਮਨਾਮਾ ਜਾਰੀ ਨਾ ਹੋਇਆ?

4. ਅਜੀਤ ਸਿੰਘ ਸੰਧੂ ਨਾਂ ਦਾ ਪੁਲਿਸ ਅਫ਼ਸਰ ਸਿੱਖ ਗੱਭਰੂਆਂ ਨੂੰ ਅਸਹਿ-ਤਸੀਹੇ ਦਿੰਦਾ ਰਿਹਾ। ਉਨ੍ਹਾਂ ਦੇ ਪ੍ਰਵਾਰਾਂ ਤੋਂ ਵੱਡੀਆਂ ਰਕਮਾਂ ਵਸੂਲਦਾ ਰਿਹਾ। ਨੌਜੁਆਨਾਂ ਨੂੰ ਕਤਲ ਕਰ ਕੇ ਦਰਿਆ ਵਿਚ ਸੁਟਦਾ ਰਿਹਾ। ਕਿਸੇ ਜਥੇਦਾਰ ਦੀ ਕਿਉਂ ਜ਼ੁਬਾਨ ਨਾ ਖੁੱਲ੍ਹੀ?

5. ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੇ ਵੱਡੇ ਪੁਲਿਸ ਅਫ਼ਸਰ ਕੇ.ਪੀ.ਐਸ. ਗਿੱਲ ਨੇ ਅਪਣੇ ਰਾਜ ਕਾਲ ਵਿਚ ਲਗਪਗ ਦੋ ਲੱਖ ਨੌਜੁਆਨਾਂ ਨੂੰ ਕਤਲ ਕਰ ਦਿਤਾ। ਪੰਥ ਵਿਚੋਂ ਛੇਕਣ ਵਾਲਾ ਕੋਈ ਹੁਕਮਨਾਮਾ ਇਨ੍ਹਾਂ ਵਿਰੁਧ ਕਿਉਂ ਜਾਰੀ ਨਾ ਕੀਤਾ ਗਿਆ?

6. ਸ. ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਪੁਲਿਸ ਵਲੋਂ 25000 ਸਿੱਖ ਝੂਠੇ ਮੁਕਾਬਲਿਆਂ ਵਿਚ ਮਾਰਨ ਦੇ ਸਬੂਤ ਜੱਗ ਜ਼ਾਹਰ ਕਰ ਦਿਤੇ। ਪੰਜਾਬ ਦੇ ਮੁਖੀਆਂ ਨੇ ਸ੍ਰ. ਜਸਵੰਤ ਸਿੰਘ ਨੂੰ ਮਾਰ ਕੇ ਉਸ ਦਾ ਵੀ ਮੁਕਾਬਲਾ ਵਿਖਾ ਦਿਤਾ। ਕਿਥੇ ਗਏ ਸਨ ਜਥੇਦਾਰਾਂ ਦੇ ਹੁਕਮਨਾਮੇ?

7. ਪੰਜਾਬ ਵਿਚ ਪੰਦਰਾਂ ਸਾਲ ਲਗਾਤਾਰ ਹੋਏ ਜ਼ੁਲਮ ਦੀ ਜਾਂਚ ਵਾਸਤੇ ਸ਼੍ਰੋਮਣੀ ਕਮੇਟੀ ਨੇ ਕੋਈ ਪੜਤਾਲ ਨਹੀਂ ਕਰਵਾਈ। ਭਾਰਤੀ ਫ਼ੌਜ ਤੇ ਪੁਲਿਸ ਵਲੋਂ ਕੀਤੇ ਜ਼ੁਲਮ ਨੂੰ ਦੁਨੀਆਂ ਸਨਮੁੱਖ ਨਾ ਰਖਿਆ। ਜਥੇਦਾਰਾਂ ਨੇ ਹੁਕਮ ਦੇ ਕੇ ਸ਼੍ਰੋਮਣੀ ਕਮੇਟੀ ਤੋਂ ਅਜਿਹੇ ਜ਼ਰੂਰੀ ਕਾਰਜ ਕਿਉਂ ਨਾ ਕਰਾਏ?

8. ਦਰਬਾਰ ਸਾਹਿਬ ‘ਤੇ ਹਮਲੇ ਤੋਂ ਲੈ ਕੇ 1993 ਤਕ ਖਾੜਕੂਵਾਦ ਦੇ ਸਮੇਂ ਪੁਲਿਸ ਫ਼ੋਰਸਾਂ ਨੇ ਅਣਗਿਣਤ ਬੇਕਸੂਰ ਸਿੱਖ ਮਾਰ ਦਿਤੇ, ਪਰ ਕੌਮ ਘਾਤਕ ਸਿੱਖ ਲੀਡਰ ਕੋਈ ਨਾ ਮਰਿਆ। ਜਥੇਦਾਰਾਂ ਨੇ ਕਦੀ ਇਸ ਬੰਨੇ ਕਿਉੁਂ ਨਾ ਸੋਚਿਆ?

9. ਅਕਾਲ ਤਖ਼ਤ ‘ਤੇ ਅਰਦਾਸ ਕਰ ਕੇ 1920 ਵਿਚ ਅਕਾਲੀ ਦਲ ਬਣਾਇਆ ਗਿਆ ਸੀ। ਅਕਾਲ ਤਖ਼ਤ ਤੇ ਅਰਦਾਸ ਦੀ ਇੱਜ਼ਤ ਰੋਲ ਕੇ, ਪ੍ਰਕਾਸ਼ ਸਿੰਘ ਬਾਦਲ ਨੇ 1997 ਵਿਚ ਮੋਗੇ, ਮਤਾ ਪਾਸ ਕਰ ਕੇ ਅਕਾਲੀ ਦਲ ਖ਼ਤਮ ਕਰ ਕੇ, ਪੰਜਾਬੀ ਪਾਰਟੀ ਨਾਮ ਰੱਖ ਲਿਆ। ਜਥੇਦਾਰ ਕਿਉਂ ਖ਼ਾਮੋਸ਼ ਹੋ ਗਏ?

10. ਸ਼੍ਰੋਮਣੀ ਕਮੇਟੀ ਮੈਂਬਰ ਬੱਚਿਆਂ ਦੇ ਵਿਆਹਾਂ ਵਿਚ ਸ਼ਰਾਬ ਪਿਆਉਂਦੇ ਹਨ ਤੇ ਵੋਟਾਂ ਲੈਣ ਲਈ ਸ਼ਰਾਬ ਵੰਡਦੇ ਹਨ। ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਸ਼ਰਾਬ ਨਾਲ ਰਜਿਆ ਐਕਸੀਡੈਂਟ ਵਿਚ ਮਾਰਿਆ ਗਿਆ। ਗੱਡੀ ਵਿਚੋਂ ਓਪਰੀ ਜਵਾਨ ਔਰਤ ਮਰੀ ਮਿਲੀ। ਯੂ.ਪੀ. ਦੀਆਂ ਅਖ਼ਬਾਰਾਂ ਵਿਚ ਸਿੱਖਾਂ ਦੀ ਬਹੁਤ ਬੇਪਤੀ ਹੋਈ। ਜਥੇਦਾਰ ਕਿਉਂ ਘੂਕ ਸੁੱਤੇ ਰਹੇ?

11. ਅਕਾਲੀ ਦਲ ਦੀ ਏਕਤਾ ਲਈ 1994 ਵਿਚ ਜਥੇਦਾਰ ਮਨਜੀਤ ਸਿੰਘ ਨੇ ਕੋਸ਼ਿਸ਼ ਕੀਤੀ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਦਾ ਹੁਕਮ ਮੰਨਣ ਤੋਂ ਸਾਫ਼ ਇਨਕਾਰ ਕਰ ਦਿਤਾ। ਜਦੋਂ ਭਾਈ ਮਨਜੀਤ ਸਿੰਘ ਨੇ ਦਬਾਅ ਪਾਉਣਾ ਚਾਹਿਆ ਤਾਂ ਬਾਦਲ ਦੇ ਲੱਠਮਾਰਾਂ ਨੇ ਮਨਜੀਤ ਸਿੰਘ ਨੂੰ ਅਤਿਅੰਤ ਜ਼ਲੀਲ ਕੀਤਾ। ਧੱਕੇ ਮਾਰੇ ਤੇ ਪੱਗ ਲਾਹ ਦਿਤੀ। ਜਥੇਦਾਰ ਨੇ ਬਾਥਰੂਮ ਵਿਚ ਲੁੱਕ ਕੇ ਜਾਨ ਬਚਾਈ, ਪਰ ਬਾਦਲ ਵਿਰੁਧ ਕੋਈ ਹੁਕਮਨਾਮਾ ਜਾਰੀ ਨਾ ਹੋਇਆ। ਅਜਿਹਾ ਕਿਉਂ?

12. ਵੋਟਾਂ ਮੰਗਦਿਆਂ ਬਾਦਲ ਪਾਰਟੀ ਨੇ ਵਿਸ਼ਵਾਸ ਦੁਆਇਆ ਸੀ ਕਿ ਖਾੜਕੂਵਾਦ ਦੀ ਅਦਾਲਤੀ ਜਾਂਚ ਕਰਵਾ ਕੇ, ਦੋਸ਼ੀ ਪੁਲਿਸਆਂ ਨੂੰ ਸਜ਼ਾ ਦਿਆਂਗੇ। ਸਰਕਾਰ ਬਣਾ ਕੇ ਦੋਸ਼ੀਆਂ ਨੂੰ ਵੱਡੇ ਅਹੁਦੇ ਦਿਤੇ ਗਏ, ਸਨਮਾਨ ਦਿਤੇ ਗਏ, ਚੋਣਾਂ ਲੜਨ ਲਈ ਟਿਕਟਾਂ ਦਿਤੀਆਂ ਗਈਆਂ। ਵਚਨ ਦਿਤਾ ਸੀ ਕਿ ਖਾੜਕੂਵਾਦ ਦੇ ਰਾਹ ਪਏ ਨੌਜੁਆਨਾਂ ਨੂੰ ਵਿਸ਼ਵਾਸ ਵਿਚ ਲੈ ਕੇ, ਸਾਧਾਰਣ ਜੀਵਨ ਵਲ ਮੋੜ ਕੇ ਲਿਆਵਾਂਗੇ, ਰੁਜ਼ਗਾਰ ਦਿਆਂਗੇ ਪਰ ਕੁੱਝ ਵੀ ਨਾ ਕੀਤਾ। ਪੰਜਾਬ ਦਾ ਦਰਿਆਈ ਪਾਣੀ, ਬਿਜਲੀ, ਪੰਜਾਬੀ ਬੋਲਦੇ ਇਲਾਕੇ ਤੇ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦਿਆਂਗੇ, ਪਰ ਸਾਰੇ ਮਸਲੇ ਵਿਸਾਰ ਦਿਤੇ।

ਰਿਸ਼ਵਤਖ਼ੋਰੀ ਨੂੰ ਖ਼ਤਮ ਕਰਨ ਦਾ ਯਕੀਨ ਦੁਆਇਆ ਸੀ ਪਰ ਸਾਰੇ ਪਾਸੇ ਲੁੱਟ ਮਚੀ ਹੋਈ ਸਾਫ਼ ਵੇਖੀ ਜਾ ਸਕਦੀ ਹੈ। ਧਰਮੀ ਫ਼ੌਜੀਆਂ ਦੇ ਮੁੜ ਵਸੇਬੇ ਦਾ ਵਾਅਦਾ ਕੀਤਾ ਸੀ। ਵੱਡੇ ਕਾਰਖ਼ਾਨੇ ਲਾਉਣੇ, ਵਪਾਰ ਵਿਚ ਕ੍ਰਾਂਤੀ, ਖੇਤੀ ਦੇ ਲਾਹੇਵੰਦੇ ਮੁੱਲ ਦਿਆਂਗੇ। ਅਫ਼ਸੋਸ ਕਿ ਬਾਦਲ ਦੀ ਪੰਜਾਬੀ ਪਾਰਟੀ ਨੇ ਸਾਰੇ ਮਸਲੇ ਡੂੰਘੀ ਖਾਈ ਵਿਚ ਸੁੱਟ ਦਿਤੇ। ਤਖ਼ਤਾਂ ਉਤੇ ਬੈਠੇ ਜਥੇਦਾਰ ਬਾਦਲ ਨੂੰ ਕੀਤੇ ਵਾਅਦੇ ਯਾਦ ਕਰਾਉਣ ਦੀ ਹਿੰਮਤ ਨਾ ਕਰ ਸਕੇ। ਅਜਿਹਾ ਕਿਉਂ?

13. ਸੇਵਾ ਮੁਕਤ ਜੱਜ ਸ੍ਰ. ਕੁਲਦੀਪ ਸਿੰਘ ਨੇ ਪੰਜਾਬ ਵਿਚ ਹੋਏ ਨਰਸੰਘਾਰ ਦੀ ਅਪਣੇ ਤੌਰ ‘ਤੇ ਪੜਤਾਲ ਕਰ ਕੇ ਸੱਚਾਈ ਜਨਤਕ ਕਰਨੀ ਚਾਹੀ, ਪਰ 1998 ਵਿਚ ਬਾਦਲ ਸਰਕਾਰ ਨੇ ਪੰਜਾਬ ਹਾਈ ਕੋਰਟ ਵਿਚ ਮੁਕੱਦਮਾ ਕਰ ਕੇ ਸ੍ਰ. ਕੁਲਦੀਪ ਸਿੰਘ ਦੀ ਕਮੇਟੀ ਨੂੰ ਕੰਮ ਕਰਨੋਂ ਰੁਕਵਾ ਦਿਤਾ। ਕਿਸੇ ਜਥੇਦਾਰ ਨੇ ਬਾਦਲ ਵਿਰੁਧ ਜ਼ਬਾਨ ਤਕ ਨਾ ਖੋਲ੍ਹੀ, ਕਿਉਂ?

14. ਅਕਾਲੀ ਦਲ ਦਾ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ (ਮਰਹੂਮ) ਸੰਗਰੂਰ ਦੇ ਲਕਸ਼ਮੀ ਮੰਦਰ ਵਿਚ ਮੱਥਾ ਟੇਕਣ ਗਿਆ। ਤਿਲਕ ਲਗਵਾਇਆ, ਮਾਤਾ ਦੀ ਚੁੰਨੀ ਗਲ ਵਿਚ ਪੁਆਈ। ਜਥੇਦਾਰ ਅੱਖਾਂ ਮੀਟ ਗਏ। ਉਦੋਂ ਕੋਈ ਹੁਕਮਨਾਮਾ ਜਾਰੀ ਕਿਉਂ ਨਾ ਕੀਤਾ ਗਿਆ?

15. 1985 ਵਿਚ ਹੀ ਸੁਰਜੀਤ ਸਿੰਘ ਬਰਨਾਲਾ ਮੰਦਰਾਂ ਵਿਚ ਟੱਲੀਆਂ ਖੜਕਾਉਂਦਾ, ਤਿਲਕ ਲਗਵਾਉਂਦਾ ਰਿਹਾ। ਜਥੇਦਾਰਾਂ ਦੀ ਜ਼ੁਬਾਨ ਠਾਕੀ ਗਈ, ਕਿਉਂ?

16. ਭਾਈ ਗੁਰਚਰਨ ਸਿੰਘ ਟੌਹੜਾ ਪਟਿਆਲੇ ਨਿਰੰਕਾਰੀਆਂ ਦੇ ਦਰਬਾਰ ਵਿਚ ਨਮਸਕਾਰ ਕਰਨ ਗਿਆ। ਉਨ੍ਹਾਂ ਤੋਂ ਸਿਰੋਪਾਉ ਲਿਆ, ਵੋਟਾਂ ਮੰਗੀਆਂ। ਜਥੇਦਾਰ ਬਿੱਟ-ਬਿੱਟ ਤਕਦੇ ਰਹੇ, ਕਿਉਂ?

17. ਪ੍ਰਕਾਸ਼ ਸਿੰਘ ਬਾਦਲ ਚੰਦਰਾ ਸਵਾਮੀ ਬ੍ਰਾਹਮਣ ਤਾਂਤਰਿਕ ਤੋਂ ਹਵਨ ਕਰਾਉਂਦਾ ਰਿਹਾ। ਤਿਲਕ ਲਗਵਾਉਂਦਾ ਤੇ ਮੁਕਟ ਪਾਉਂਦਾ ਰਿਹਾ। ਆਸ਼ੂਤੋਸ਼ ਸਾਧ ਦੇ ਚਰਨੀ ਹੱਥ ਲਗਾਉਂਦਾ ਰਿਹਾ। ਬਾਦਲ ਦੀ ਨੂੰਹ ਹਰਸਿਮਰਤ ਕੌਰ ਬਠਿੰਡੇ ਸ਼ਿਵ ਲਿੰਗ ਦੀ ਪੂਜਾ ਕਰਦੀ ਰਹੀ। ਜਥੇਦਾਰਾਂ ਜ਼ੁਬਾਨ ਨਾ ਖੋਲ੍ਹੀ, ਕਿਉਂ? ਉਦੋਂ ਹੁਕਮਨਾਮਾ ਜਾਰੀ ਕਿਉਂ ਨਾ ਹੋਇਆ?

18. ਸਿੱਖ ਕੌਮ ਦਾ ਘਾਣ ਕਰਨ ਵਾਲਾ ਕੇ.ਪੀ.ਐਸ. ਗਿੱਲ ਮਹਿਤੇ ਚੌਕ ਗਿਆ। ਟਕਸਾਲ ਮੁਖੀਆਂ ਨੇ ਉਸ ਨੂੰ ਦੁਧ ਦੇ ਕਟੋਰੇ ਛਕਾਏ, ਸਿਰੋਪਾਉ ਦਿਤੇ। ਜਥੇਦਾਰਾਂ ਨੂੰ ਸੱਪ ਕਿਉਂ ਸੁੰਘ ਗਿਆ?

19. 24 ਜੂਨ 2009 ਨੂੰ ਮਸਤੂਆਣੇ (ਨੇੜੇ ਸੰਗਰੂਰ) ਗੁਰਦਵਾਰੇ ਵਿਚ ਉਥੇ ਦੇ (ਅਖੌਤੀ) ‘ਸੰਤਾਂ’ ਤੇ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸੇ ਨੇ ਕੇ.ਪੀ.ਐਸ. ਗਿੱਲ ਨੂੰ ਸਿਰੋਪਾਉ ਨਾਲ ਨਿਵਾਜਿਆ। ਕਿਉਂ ਕਿਸੇ ਜਥੇਦਾਰ ਦਾ ਖ਼ੂਨ ਨਾ ਖੌਲਿਆ? ਕਿਉਂ ਇਨ੍ਹਾਂ ਵਿਰੁਧ ਕੋਈ ਹੁਕਮਨਾਮਾ ਜਾਰੀ ਨਾ ਹੋਇਆ?

20. ਸਿੱਖੀ ਬਾਣੇ ਵਿਚ ਸਰਕਾਰੀ ਟਾਊਟ ਅਜੀਤ ਸਿੰਘ ਪੂਹਲਾ 20 ਸਾਲ ਤਕ ਸਿੱਖ ਨੌਜੁਆਨਾਂ ਦਾ ਖ਼ੂਨ ਵਹਾਉੁਂਦਾ ਰਿਹਾ। ਸਿੱਖ ਬੀਬੀਆਂ ਦੀ ਪੱਤ ਲੁਟਦਾ ਰਿਹਾ। ਗੁਰਦਵਾਰਿਆਂ ਦੀਆਂ ਜ਼ਮੀਨਾਂ ਉਤੇ ਕਬਜ਼ੇ ਕਰਦਾ ਰਿਹਾ। ਸ਼ਰਾਬਾਂ ਪੀਂਦਾ ਰਿਹਾ ਤੇ ਕੰਜਰੀਆਂ ਨਚਾਉਂਦਾ ਰਿਹਾ। 20 ਸਾਲ ਤਕ ਜਥੇਦਾਰ ਚੂਹਿਆਂ ਵਾਂਗ ਖੁੱਡਾਂ ਵਿਚ ਵੜ ਕੇ ਲੁਕੇ ਰਹੇ। ਉਸ ਵਿਰੁਧ ਹੁਕਮਨਾਮਾ ਜਾਰੀ ਕਿਉਂ ਨਾ ਕੀਤਾ ਗਿਆ?
21. ਸਿੱਖਾਂ ਦੇ ਵੱਡੇ ਕਾਤਲ ਕੇ.ਪੀ.ਐਸ. ਗਿੱਲ ਨੂੰ (ਸਪੋਕਸਮੈਨ 6 ਅਪ੍ਰੈਲ 2010) ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਪਣੇ ਪੁੱਤਰ ਦੇ ਵਿਆਹ ਵਿਚ ਸੱਦਿਆ। ਕਿਸੇ ਜਥੇਦਾਰ ਨੇ ਸਰਨੇ ਵਿਰੁਧ ਹੁਕਮਨਾਮਾ ਕਿਉਂ ਜਾਰੀ ਨਾ ਕੀਤਾ?
22. ਕਲੇਰਾਂ ਠਾਠ (ਨਾਨਕਸਰ) ਦਾ ਮੁਖੀ ਸਾਧ ਘਾਲਾ ਸਿੰਘ, ਨਾਲ ਕਰਨੈਲ ਸਿੰਘ, ਗੁਰਚਰਨ ਸਿੰਘ, ਮੁਹਿੰਦਰ ਸਿੰਘ ਸਮੇਤ ਕਤਲ ਕੇਸ ਵਿਚ ਲੁਧਿਆਣਾ ਜੇਲ ਵਿਚ ਬੰਦ ਹੋ ਗਏ ਕਿਉਂਕਿ ਇਨ੍ਹਾਂ ਨੇ ਪਿੰਡ ਭਨੋਟ (ਨੇੜੇ ਭਦੌੜ) ਵਿਚ ਜ਼ਮੀਨ ਦੇ ਕਬਜ਼ੇ ਦੀ ਲੜਾਈ ਵਿਚ ਪੰਜ ਬੰਦੇ ਕਤਲ ਕੀਤੇ ਸਨ। 10 ਸਾਲ ਦੀ ਕੈਦ ਕੱਟ ਕੇ ਸਾਧ ਫਿਰ ਅਪਣੇ ਡੇਰੇ ਦਾ ‘ਸੰਤ’ ਹੈ (ਸਪੋਕਸਮੈਨ 16.12.2008)। ਜਥੇਦਾਰਾਂ ਦੇ ਮੂੰਹ ਕਿਉਂ ਸੀਤੇ ਗਏ?
23. ਮਹਿਤਾ ਚੌਕ ਟਕਸਾਲ ਵਾਲੇ, ਪਟਨੇ ਵਾਲੇ ਤੇ ਹਜ਼ੂਰ ਸਾਹਿਬ ਵਾਲੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਗ੍ਰੰਥ ਰਖਿਆ ਹੋਇਆ ਹੈ। ਉਨ੍ਹਾਂ ਵਿਰੁਧ ਹੁਕਮਨਾਮੇ ਕਿਉੁਂ ਜਾਰੀ ਨਹੀਂ ਹੋਏ?
24. ਗਿਆਨੀ ਇਕਬਾਲ ਸਿੰਘ ਪਟਨੇ ਵਾਲਾ 2016 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਜਨਮ ਲੈਣ ਬਾਰੇ ਕੂੜ ਪ੍ਰਚਾਰ ਕਰ ਰਿਹਾ ਹੈ। ਉਸ ਵਿਰੁਧ ਫ਼ਤਵਾ ਕਿਉਂ ਜਾਰੀ ਨਹੀਂ ਹੁੰਦਾ?
25. ਮਹਿਤਾ ਟਕਸਾਲ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 21 ਸਾਲ ਝੂਠ ਬੋਲਦੇ ਰਹੇ। ਅਖੇ, ‘ਭਾਈ ਜਰਨੈਲ ਸਿੰਘ ਜੀਵਤ ਹੈ’। ਉਸ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਕਰਦੇ ਰਹੇ, ਅਰਦਾਸਾਂ ਕਰਦੇ ਰਹੇ। ਇਸ ਝੂਠੇ ਲਾਣੇ ਵਿਰੁੱਧ ਹੁਕਮਨਾਮਾ ਕਿਉਂ ਜਾਰੀ ਨਾ ਹੋਇਆ?

ਪ੍ਰੋ. ਇੰਦਰ ਸਿੰਘ ਘੱਗਾ

You must be logged in to post a comment Login