ਹੁਕਮਨਾਮੇ ਦੇ ਬਾਵਜੂਦ ਕਾਲੀ ਵੇਈਂ ’ਚ ਪੈ ਰਿਹੈ ਗੰਦਾ ਪਾਣੀ

ਹੁਕਮਨਾਮੇ ਦੇ ਬਾਵਜੂਦ ਕਾਲੀ ਵੇਈਂ ’ਚ ਪੈ ਰਿਹੈ ਗੰਦਾ ਪਾਣੀ

ਜਲੰਧਰ : ਅਕਾਲ ਤਖ਼ਤ ਸਾਹਿਬ ਵੱਲੋਂ ਪਵਿੱਤਰ ਕਾਲੀ ਵੇਈਂ ਵਿਚ ਇਕ ਵੀ ਬੂੰਦ ਗੰਦੇ ਪਾਣੀ ਦੀ ਪੈਣ ਤੋਂ ਰੋਕਣ ਬਾਰੇ ਜਾਰੀ ਕੀਤੇ ਗਏ ਹੁਕਮਨਾਮੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪ੍ਰਵਾਹ ਨਹੀਂ ਕਰ ਰਹੀ।
ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਬੇਰ ਸਾਹਿਬ ’ਚ ਚੱਲਦੇ ਲੰਗਰਾਂ ਦਾ ਗੰਦਾ ਪਾਣੀ ਨਿਰੰਤਰ ਪਵਿੱਤਰ ਵੇਈਂ ਵਿਚ ਪੈ ਰਿਹਾ ਹੈ। ਇੱਥੇ ਲੋਕ ਇਸ਼ਨਾਨ ਕਰਦੇ ਹਨ ਤੇ ਪੀਣ ਲਈ ਚੂਲਾ ਵੀ ਭਰਦੇ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 22 ਜੁਲਾਈ 2007 ਨੂੰ ਸੰਦੇਸ਼ ਜਾਰੀ ਕੀਤਾ ਸੀ ਕਿ ਗੁਰੂ ਨਾਨਕ ਦੇਵ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵਿਚ ਜਾਣੇ-ਅਣਜਾਣੇ ਤੇ ਭੁੱਲ ਕੇ ਵੀ ਗੰਦੇ ਪਾਣੀ ਦੀ ਇਕ ਬੂੰਦ ਨਾ ਪੈਣ ਦਿੱਤੀ ਜਾਵੇ। ਹੁਕਮਨਾਮਾ ਜਾਰੀ ਹੋਏ ਨੂੰ 13 ਸਾਲ ਹੋ ਗਏ ਹਨ ਪਰ ਕਮੇਟੀ ਵੱਲੋਂ ਗੁਰਦੁਆਰਾ ਬੇਰ ਸਾਹਿਬ ਤੋਂ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸਾਲ 2008 ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਅਵਤਾਰ ਸਿੰਘ ਮੱਕੜ ਨੇ ਵੇਈਂ ਕੰਢੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਬਣਾਏ ਗਏ ਇਸ਼ਨਾਨ ਘਾਟਾਂ ਦਾ ਉਦਘਾਟਨ ਕੀਤਾ ਸੀ ਤੇ ਉੱਥੇ ਨੇੜੇ ਹੀ ਗੰਦਾ ਪਾਣੀ ਵੀ ਪੈ ਰਿਹਾ ਸੀ। ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ’ਚ ਲੰਮੇ ਸਮੇਂ ਤੋਂ ਹਿੱਸਾ ਲੈਂਦੇ ਆ ਰਹੇ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਵੇਈਂ ਵਿਚ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ ਵਿਚ ਬਣੇ ਪਖਾਨਿਆਂ ਦਾ ਪਾਣੀ ਵੀ ਪੈਂਦਾ ਰਿਹਾ ਸੀ, ਜਿਹੜਾ ਕਿ ਕਾਫ਼ੀ ਜੱਦੋਜਹਿਦ ਮਗਰੋਂ ਬੰਦ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2006 ਵਿਚ ਕਾਲੀ ਵੇਈਂ ਨੂੰ ਪਵਿੱਤਰ ਐਲਾਨਿਆ ਸੀ ਕਿਉਂਕਿ ਇਤਿਹਾਸ ਮੁਤਾਬਕ ਇਸੇ ਵੇਈਂ ਵਿਚ ਗੁਰੂ ਨਾਨਕ ਜੀ ਵੱਲੋਂ ਚੁੱਭੀ ਲਾਈ ਗਈ ਸੀ ਤੇ ਤਿੰਨ ਦਿਨਾਂ ਬਾਅਦ ਜਦੋਂ ਉਹ ਬਾਹਰ ਆਏ ਸਨ ਤਾਂ ਉਨ੍ਹਾਂ ਨੂੰ ਇਸੇ ਵੇਈਂ ਵਿਚੋਂ ਗਿਆਨ ਦੀ ਪ੍ਰਾਪਤੀ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੇਈਂ ਕਿਨਾਰੇ ਲੱਗੇ ਧਾਰਮਿਕ ਆਗੂਆਂ ਦੇ ਦੋ-ਤਿੰਨ ਲੰਗਰਾਂ ਦਾ ਗੰਦਾ ਪਾਣੀ ਵੀ ਵੇਈਂ ਵਿਚ ਪੈਣਾ ਸ਼ੁਰੂ ਹੋ ਗਿਆ ਹੈ।
ਵੇਈਂ ਦੀ ਪਿਛਲੇ 19 ਸਾਲਾਂ ਤੋਂ ਕਾਰ ਸੇਵਾ ਕਰਵਾ ਰਹੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਸੀ ਕਿ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਚੱਲੀ ਕਾਰ ਸੇਵਾ ਦੌਰਾਨ ਇਹ ਵੇਈਂ ਮੁੜ ਨਿਰਮਲ ਵਗਣ ਲੱਗ ਪਈ ਹੈ ਪਰ ਇਸ ਦੇ ਬਾਵਜੂਦ ਉਸ ਵਿਚ ਪੈ ਰਿਹਾ ਗੰਦਾ ਪਾਣੀ ਨਹੀਂ ਰੋਕਿਆ ਜਾ ਰਿਹਾ। ਜਦਕਿ ਇਸ ਵੇਈਂ ਨੂੰ ਸਮੁੱਚੇ ਦੇਸ਼ ਵਿਚ ਦੂਸ਼ਿਤ ਦਰਿਆਵਾਂ ਨੂੰ ਸਾਫ਼ ਕਰਨ ਲਈ ਇਕ ਮਾਡਲ ਵਜੋਂ ਅਪਣਾਇਆ ਜਾ ਰਿਹਾ ਹੈ।

You must be logged in to post a comment Login