ਹੁਣ ਕਿਸਾਨਾਂ ਦੀਆਂ ਅੱਖਾਂ ‘ਚੋਂ ਪਾਣੀ ਕੱਢਣ ਲੱਗੇ ‘ਪਿਆਜ਼’!

ਹੁਣ ਕਿਸਾਨਾਂ ਦੀਆਂ ਅੱਖਾਂ ‘ਚੋਂ ਪਾਣੀ ਕੱਢਣ ਲੱਗੇ ‘ਪਿਆਜ਼’!

ਅਹਿਮਦਾਬਾਦ : ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਆਮ ਲੋਕਾਂ ਦੀਆਂ ਅੱਖਾਂ ‘ਚੋਂ ਪਾਣੀ ਕੱਢਣ ਵਾਲਾ ਪਿਆਜ਼ ਹੁਣ ਕਿਸਾਨਾਂ ਲਈ ਰੁਆਉਣ ਦੀ ਤਿਆਰੀ ‘ਚ ਹੈ। ਡੇਢ-ਦੋ ਮਹੀਨੇ ਪਹਿਲਾਂ 100 ਤੋਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕਣ ਵਾਲੇ ਪਿਆਜ਼ ਦੀ ਕੀਮਤ ਹੁਣ ਡਿੱਗ ਕੇ 20 ਰੁਪਏ ਕਿਲੋ ਤਕ ਪਹੁੰਚ ਗਈ ਹੈ। ਗੁਜਰਾਤ ਦੀ ਸਬਜ਼ੀ ਮੰਡੀ ਵਿਚ ਪਿਆਜ਼ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਪਰ ਖ਼ਰੀਦਦਾਰ ਨਾ ਮਿਲਣ ਕਾਰਨ ਕਿਸਾਨਾਂ ‘ਚ ਘਬਰਾਹਟ ਪਾਈ ਜਾ ਰਹੀ ਹੈ।ਸੂਤਰਾਂ ਅਨੁਸਾਰ ਇਸ ਵਾਰ ਗੁਜਰਾਤ ਅੰਦਰ ਪਿਆਜ਼ ਦੀ ਬੰਪਰ ਪੈਦਾਵਾਰ ਹੋਈ ਹੈ। ਇਸ ਕਾਰਨ ਮੰਡੀਆਂ ਵਿਚ ਪਿਆਜ਼ ਦੀ ਆਮਦ ਵੱਧ ਗਈ ਹੈ। ਥੋਕ ਬਾਜ਼ਾਰ ਵਿਚ ਪਿਆਜ਼ ਦੀ ਕੀਮਤ ਇਸ ਵੇਲੇ ਡਿੱਗ ਕੇ 20 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀ ਹੈ। ਪਿਆਜ਼ ਦੀ ਚੰਗੀ ਕੀਮਤ ਮਿਲਣ ਦੀ ਆਸ ‘ਚ ਕਿਸਾਨਾਂ ਨੇ ਇਸ ਵਾਰ ਪਿਆਜ਼ ਦੀ ਬਿਜਾਈ ਨੂੰ ਖ਼ਾਸ ਅਹਿਮੀਅਤ ਦਿਤੀ ਗਈ ਸੀ। ਸੂਤਰਾਂ ਅਨੁਸਾਰ ਇਸ ਵਕਤ ਸੌਰਾਸ਼ਟਰ ਅਤੇ ਮਹਾਰਾਸ਼ਟਰ ਇੱਥੇ ਰੋਜ਼ਾਨਾ 2500 ਟਨ ਪਿਆਜ਼ ਪਹੁੰਚ ਰਿਹਾ ਹੈ। ਕਾਬਲੇਗੌਰ ਹੈ ਕਿ ਪਿਛਲੇ ਸੀਜ਼ਨ ਦੌਰਾਨ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਬਾਰਸ਼ ਕਾਰਨ ਪਿਆਜ਼ ਦੀ ਫ਼ਸਲ ਖ਼ਰਾਬ ਹੋ ਗਈ ਸੀ। ਇਸ ਦਾ ਅਸਰ ਪਿਆਜ਼ ਦੀਆਂ ਕੀਮਤਾਂ ‘ਤੇ ਪਿਆ ਤੇ ਦੇਸ਼ ਅੰਦਰ ਪਿਆਜ਼ ਦੀ ਕੀਮਤ 100 ਤੋਂ 165 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ। ਜਦਕਿ ਹੁਣ ਜਦੋਂ ਕਿਸਾਨਾਂ ਵਲੋਂ ਵੱਡੀ ਪੱਧਰ ‘ਤੇ ਪਿਆਜ਼ ਦੀ ਪੈਦਾਵਾਰ ਕੀਤੀ ਹੈ ਤਾਂ ਪਿਆਜ਼ ਦੀ ਕੀਮਤ 20 ਰੁਪਏ ਤਕ ਡਿੱਗ ਗਈ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਪਿਛਲੇ ਸਾਲ 28,647 ਹੈਕਟੇਅਰ ਵਿਚ ਪਿਆਜ਼ ਦੀ ਖੇਤੀ ਕੀਤੀ ਗਈ ਸੀ। ਇਸ ਦੇ ਮੁਕਾਬਲੇ ਇਸ ਵਾਰ ਵਧੀਆਂ ਕੀਮਤਾਂ ਤੋਂ ਉਤਸ਼ਾਹਤ ਕਿਸਾਨਾਂ ਨੇ 42,343 ਹੈਕਟੇਅਰ ਇਲਾਕੇ ਵਿਚ ਪਿਆਜ਼ ਦੀ ਖੇਤੀ ਕੀਤੀ ਗਈ ਹੈ। ਇਸ ਕਾਰਨ ਬੰਪਰ ਪੈਦਾਵਾਰ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਿਚ ਕਮੀ ਆ ਗਈ ਹੈ। ਪਿਆਜ਼ ਦੀਆਂ ਘਟੀਆ ਕੀਮਤਾਂ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿਤਾ ਹੈ। ਕਿਸਾਨਾਂ ਅਨੁਸਾਰ ਇੰਨੀ ਘੱਟ ਕੀਮਤ ‘ਤੇ ਪਿਆਜ਼ ਵੇਚਣ ਬਾਅਦ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਆਉਂਦੇ ਸਮੇਂ ਵਿਚ ਪਿਆਜ਼ ਦੀਆਂ ਕੀਮਤਾਂ ਹੋਰ ਹੇਠਾਂ ਆਉਣ ਦੀ ਸੂਰਤ ਵਿਚ ਕਿਸਾਨ ਪਿਆਜ਼ਾਂ ਨੂੰ ਸੜਕਾਂ ‘ਤੇ ਸੁਣਨ ਲਈ ਮਜ਼ਬੂਰ ਹੋ ਸਕਦੇ ਹਨ। ਹਾਲਾਂਕਿ ਪਰਚੂਨ ਮਾਰਕੀਟ ਵਿਚ ਪਿਆਜ਼ ਅਜੇ ਵੀ 40 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ।

You must be logged in to post a comment Login