ਹੁਣ ਲੋੜ ਹੈ ਸਵੱਛ ਅਕਸ ਵਾਲੇ ਸਿੱਖ ਨੇਤਾ ਦੀ

ਹੁਣ ਲੋੜ ਹੈ ਸਵੱਛ ਅਕਸ ਵਾਲੇ ਸਿੱਖ ਨੇਤਾ ਦੀ

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ ਅਤੇ ਹੋਰ ਕਈ ਜਗ੍ਹਾ ਉੱਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹਿਰਦੇਵੇਧਕ ਘਟਨਾਵਾਂ ਦੇ ਜ਼ਖ਼ਮ ਹਾਲੇ ਤਾਜ਼ਾ ਹੀ ਸਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਬਾਬਾ ਰਣਜੀਤ ਸਿੰਘ ਢੱਡਰੀਆਂ ਉੱਤੇ 18 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਹਮਲਾ ਕਰਕੇ ਉਨ੍ਹਾਂ ਦੇ ਇੱਕ ਸਾਥੀ ਦੀ ਹੱਤਿਆ ਕਰ ਦਿੱਤੀ। ਸਿੱਖਾਂ ਨਾਲ ਇਹ ਕੀ ਤੇ ਕਿਉਂ ਹੋ ਰਿਹਾ ਹੈ? ਇਹ ਸਵਾਲ ਬਹੁਤ ਮਹੱਤਵਪੂਰਨ ਹੈ।
ਮੇਰੀ ਤੁੱਛ ਬੁੱਧੀ ਅਨੁਸਾਰ ਇਸ ਸਵਾਲ ਦਾ ਜਵਾਬ ਇਹ ਹੈ ਕਿ ਸਿੱਖ ਕੌਮ ਲਾਵਾਰਸ ਹੋ ਗਈ ਹੈ ਅਤੇ ਇਸ ਦਾ ਕੋਈ ਰਹਿਨੁਮਾ ਨਹੀਂ ਰਿਹਾ। ਯਤੀਮ ਕੌਮਾਂ ਨਾਲ ਇਤਿਹਾਸ ਵਿੱਚ ਇੰਜ ਹੀ ਹੁੰਦਾ ਆਇਆ ਹੈ। ਸਿੱਖ ਆਪਣਾ ਲੀਡਰ ਭਾਲਣ ਲਈ ਉਪਰਾਲੇ ਕਰਦੇ ਨਜ਼ਰ ਆ ਰਹੇ ਹਨ। ਬਹੁਤ ਸਾਰੇ ਸਵਾਰਥੀ ਤੱਤ ਕੁਝ ਫੋਕੇ ਤੇ ਝੂਠੇ ਨਾਅਰਿਆਂ ਨਾਲ ਸਿੱਖਾਂ ਨੂੰ ਗੁੰਮਰਾਹ ਕਰਕੇ ਆਪਣੇ ਮਗਰ ਲਾਉਣਾ ਚਾਹੁੰਦੇ ਹਨ, ਪਰ ਸਿੱਖ ਉਨ੍ਹਾਂ ਦੀ ਨਿਸ਼ਾਨਦੇਹੀ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਅਜਿਹੇ ਆਗੂਆਂ ਤੋਂ ਵਿਸ਼ਵਾਸ ਟੁੱਟ ਗਿਆ ਹੈ। ਸਿੱਖ ਕਿਸੇ ਨਵੇਂ ਅਤੇ ਸਾਫ਼ ਅਕਸ ਵਾਲੇ ਲੀਡਰ ਨੂੰ ਪਰਖਣਾ ਚਾਹੁੰਦੇ ਹਨ। ਬਿਲਕੁਲ ਇਸੇ ਕਿਸਮ ਦੀ ਸਥਿਤੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਵੇਲੇ ਸਿੱਖਾਂ ਨੂੰ ਦਰਪੇਸ਼ ਆਈ ਸੀ। ਉਸ ਵੇਲੇ ਸਿੱਖਾਂ ਦੇ ਧਾਰਮਿਕ ਸਥਾਨ ਸਵਾਰਥੀ ਮਸੰਦਾਂ ਦੇ ਕਬਜ਼ੇ ਵਿੱਚ ਚਲੇ ਗਏ ਸਨ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸਿੱਖਾਂ ਦੇ ਧਾਰਮਿਕ ਗ੍ਰੰਥ ਵਿੱਚ ਤਬਦੀਲੀਆਂ ਕਰਨ ਲਈ ਬਾਜ਼ਿੱਦ ਸੀ। ਗੁਰੂ ਗੋਬਿੰਦ ਰਾਏ ਨੇ ਆਪਣੇ ਪਿਤਾ ਦੀ ਸ਼ਹਾਦਤ ਉਪਰੰਤ ਸਿੱਖੀ ਦੇ ਦੁਸ਼ਮਣਾਂ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਨੇ ਆਪਣੀ ਦਿਬ-ਦ੍ਰਿਸ਼ਟੀ ਨਾਲ ਇਹ ਸਮਝ ਲਿਆ ਕਿ ਸਿੱਖ ਪੰਥ ਸਾਹਮਣੇ ਚੁਣੌਤੀਆਂ ਹਨ: ਪਹਿਲੀ ਮਸੰਦ, ਦੂਜੀ ਪਹਾੜੀ ਰਾਜੇ ਅਤੇ ਤੀਜੀ ਮੁਗ਼ਲ ਸਲਤਨਤ। ਅੱਜ ਦੀ ਸਿੱਖ ਸਥਿਤੀ ਉਸ ਨਾਲੋਂ ਵੀ ਜ਼ਿਆਦਾ ਚਿੰਤਾਜਨਕ ਹੈ, ਫ਼ਰਕ ਇਹ ਕਿ ਉਸ ਵੇਲੇ ਸਿੱਖਾਂ ਕੋਲ ਇੱਕ ਬਹੁਤ ਹੀ ਦਾਨਸ਼ਵਰ ਰਹਿਨੁਮਾ ਸੀ ਅਤੇ ਉਹ ਪੰਥ ਲਈ ਸਭ ਕੁਝ ਵਾਰ ਸਕਦਾ ਸੀ।
ਮੈਂ 18 ਮਈ ਦੀ ਘਟਨਾ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਉਨ੍ਹਾਂ ਦੇ ਅਸਥਾਨ ਪਰਮੇਸ਼ਰ ਦਵਾਰ ’ਤੇ ਦੋ ਵਾਰੀ ਮਿਲਿਆ ਅਤੇ ਉਨ੍ਹਾਂ ਨੂੰ ਬਹੁਤ ਜ਼ੋਰ ਨਾਲ ਦਲੀਲਾਂ ਤੇ ਹਵਾਲੇ ਦੇ ਕੇ ਇਹ ਗੱਲ ਕਹੀ ਕਿ ਸਿੱਖ ਕੌਮ ਕੋਲ ਕੋਈ ਇਮਾਨਦਾਰ ਤੇ ਪੰਥਪ੍ਰਸਤ ਲੀਡਰ ਨਹੀਂ ਹੈ। ਤੁਸੀਂ ਅੱਗੇ ਆਓ ਤੇ ਇਸ ਸੰਕਟਮਈ ਸਮੇਂ ਸਿੱਖਾਂ ਦੀ ਰਹਿਨੁਮਾਈ ਕਰੋ। ਇਨ੍ਹਾਂ ਲੰਮੀਆਂ-ਚੌੜੀਆਂ ਦਲੀਲਾਂ ਦੇ ਬਾਵਜੂਦ ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਹ ਸਿਰਫ਼ ਅੰਮ੍ਰਿਤ ਸੰਚਾਰ ਹੀ ਕਰਨਗੇ ਅਤੇ ਸਿਆਸਤ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ।
ਕੁਝ ਅਰਸਾ ਪਹਿਲਾਂ ਮੈਂ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਵੀ ਉਨ੍ਹਾਂ ਦੇ ਅਸਥਾਨ ’ਤੇ ਜਾ ਕੇ ਇਹ ਬੇਨਤੀਆਂ ਕੀਤੀਆਂ ਸਨ ਅਤੇ ਉਨ੍ਹਾਂ ਨੇ ਵੀ ਮੈਨੂੰ ਇਸੇ ਕਿਸਮ ਦਾ ਜਵਾਬ ਦਿੱਤਾ ਸੀ ਕਿ ਉਹ ਪਹਿਲਾਂ ਸਾਰੇ ਪੰਥ ਨੂੰ ਅੰਮ੍ਰਿਤ ਛਕਾਉਣਗੇ ਅਤੇ ਉਸ ਉਪਰੰਤ ਫੇਰ ਉਹ ਸਿੱਖ ਸਿਆਸਤ ਵਿੱਚ ਹਿੱਸਾ ਪਾਉਣਗੇ।
ਅੱਜ ਸਾਰਾ ਪੰਥ ਭਾਈ ਰਣਜੀਤ ਢੱਡਰੀਆਂਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ’ਤੇ ਆਸਥਾ ਲਾਈ ਬੈਠਾ ਹੈ ਕਿ ਉਹ ਕੁਝ ਕਰ ਸਕਦੇ ਹਨ। ਉਨ੍ਹਾਂ ਕੋਲ ਉਨ੍ਹਾਂ ਦੀਆਂ ਜਥੇਬੰਦੀਆਂ ਹਨ ਅਤੇ ਉਹ ਉਨ੍ਹਾਂ ਪਲੇਟਫਾਰਮਾਂ ਤੋਂ ਆਵਾਜ਼ ਬੁਲੰਦ ਕਰਕੇ ਪੰਥ ਨੂੰ ਲਾਮਬੰਦ ਕਰ ਸਕਦੇ ਹਨ। ਜੇ ਉਹ ਇਹ ਮੌਕਾ ਖੁੰਝਾ ਗਏ ਤਾਂ ਇਤਿਹਾਸ ਸ਼ਾਇਦ ਇਨ੍ਹਾਂ ਨੂੰ ਪ੍ਰਚਾਰਕਾਂ ਵਜੋਂ ਚਾਹੇ ਜਾਣੇ, ਇਸ ਤੋਂ ਜ਼ਿਆਦਾ ਇਨ੍ਹਾਂ ਦੀ ਪਛਾਣ ਨਹੀਂ ਬਣ ਸਕਦੀ। ਸਿਆਸੀ ਸ਼ਕਤੀ ਦਾ ਮਾਣ ਹੀ ਸਭ ਤੋਂ ਵੱਡਾ ਪ੍ਰਚਾਰ ਹੁੰਦਾ ਹੈ। ਅੱਜ ਪੰਜਾਬ ਦੀ ਸਿਆਸੀ ਤਾਕਤ ਰੁਲਦੀ ਫਿਰਦੀ ਹੈ। ਨਾਗਪੁਰ ਤੋਂ ਚੱਲੀ ਹੋਈ ਸੋਚ ਸਿੱਖਾਂ ਦੀ ਧਾਰਮਿਕ ਆਜ਼ਾਦ ਹਸਤੀ ਨੂੰ ਮਲੀਆਮੇਟ ਕਰਨ ਲਈ ਬਾਜ਼ਿੱਦ ਹੈ।
ਉਹ ਹਰ ਹੀਲਾ ਵਰਤ ਰਹੀ ਹੈ ਤਾਂ ਕਿ ਇਹ ਕਾਫ਼ੀ ਦੇਰ ਤੋਂ ਚੱਲ ਰਹੀ ਸਿੱਖ ਪਛਾਣ ਦੀ ਸਮੱਸਿਆ ਨੂੰ ਹਮੇਸ਼ਾ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇ। ਪੰਜਾਬ ਦੀ ਅਖੌਤੀ ਲੀਡਰਸ਼ਿਪ ਆਪਣੇ ਸੁਆਰਥਾਂ ਕਾਰਨ ਇਸ ਸੋਚ ਦੀ ਹੱਥਠੋਕੀ ਬਣੀ ਹੋਈ ਹੈ। ਕੀ ਪੰਥਕ ਪ੍ਰਚਾਰਕ ਇਹ ਸਾਰਾ ਘਟਨਾਕ੍ਰਮ ਦੂਰੋਂ ਦੇਖ ਕੇ ਚੁੱਪ ਰਹਿਣਗੇ ਜਾਂ ਕੁਝ ਕਰ ਵਿਖਾਉਣਗੇ? ਇਨ੍ਹਾਂ ਪ੍ਰਚਾਰਕਾਂ ਨੂੰ ਪੰਜ ਪਿਆਰਿਆਂ ਅਤੇ ਅਰਦਾਸੀਏ ਸਿੰਘਾਂ ਤੋਂ ਕੁਝ ਸਬਕ ਲੈਣ ਦੀ ਜ਼ਰੂਰਤ ਹੈ। ਇਨ੍ਹਾਂ ਗ਼ਰੀਬ ਲੋਕਾਂ ਦਾ ਸਰਮਾਇਆ ਤਾਂ ਸਿੱਖੀ ਹੀ ਹੈ। ਨਾ ਇਨ੍ਹਾਂ ਕੋਲ ਨਾ ਕਾਰਾਂ ਹਨ, ਨਾ ਮਕਾਨ, ਨਾ ਜ਼ਮੀਨ-ਜਾਇਦਾਦ। ਐਸ.ਜੀ.ਪੀ.ਸੀ. ਦੀਆਂ ਛੋਟੀਆਂ ਛੋਟੀਆਂ ਨੌਕਰੀਆਂ ਸਨ ਅਤੇ ਉਹ ਵੀ ਉਨ੍ਹਾਂ ਨੇ ਸਿੱਖੀ ਦੇ ਮਾਣ-ਸਤਿਕਾਰ ਦੀ ਰਾਖੀ ਲਈ ਦਾਅ ’ਤੇ ਲਾ ਦਿੱਤੀਆਂ ਹਨ।
ਸਿੱਖੀ ਨੀਵਿਆਂ ਦਾ ਧਰਮ ਹੈ। ਇਸ ਦੀ ਰੂਹ ਅਤੇ ਇਸ ਦਾ ਇਤਿਹਾਸ ਨੀਵਿਆਂ ਨੂੰ ਉੱਚਾ ਕਰਨ ਦਾ ਹੀ ਉਪਰਾਲਾ ਹੈ। ਸਿੱਖ ਆਪਣੀ ਅਰਦਾਸ ਵਿੱਚ ਗੁਰੂ ਨੂੰ ‘ਨਿਤਾਣਿਆਂ ਦਾ ਤਾਣ’, ‘ਨਿਮਾਣਿਆਂ ਦਾ ਮਾਣ’ ਅਤੇ ‘ਨਿਉਟਿਆਂ ਦੀ ਓਟ’ ਕਹਿੰਦੇ ਹਨ। ਮੁੱਢਲੇ ਸਿੱਖ ਨੀਵੀਆਂ ਸ਼੍ਰੇਣੀਆਂ ਅਤੇ ਜਾਤਾਂ ਦੇ ਹੀ ਸਨ। ਅਮੀਰ ਸਿੱਖਾਂ ਨੇ ਪਹਿਰਾਵਾ ਤਾਂ ਸਿੱਖਾਂ ਵਾਲਾ ਪਾ ਲਿਆ ਹੈ, ਪਰ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਦਿੱਤੀ ਹੈ। ਅੱਜ ਸਿੱਖੀ ਨੂੰ ਬਾਹਰਲੇ ਦੁਸ਼ਮਣਾਂ ਦੇ ਨਾਲ ਨਾਲ ਅਮੀਰ ਸਿੱਖਾਂ ਤੋਂ ਵੀ ਓਨਾ ਹੀ ਜਾਂ ਸ਼ਾਇਦ ਉਸ ਤੋਂ ਵੀ ਵੱਧ ਖ਼ਤਰਾ ਹੈ। ਸਿੱਖੀ ਮਾਇਆ ਦਾ ਮੋਹ ਤਿਆਗਣ ਦਾ ਆਦੇਸ਼ ਦਿੰਦੀ ਹੈ।
ਸਿੱਖੀ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਸੰਘਰਸ਼ ਕਰਨ ਦਾ ਆਦੇਸ਼ ਦਿੰਦੀ ਹੈ। ਸਿੱਖ ਸੰਸਥਾਵਾਂ ਦੇ ਪ੍ਰਬੰਧ ਅਤੇ ਸੇਵਾ-ਸੰਭਾਲ ਪ੍ਰਤੀ ਚੇਤਨ ਹੋ ਕੇ ਪੂਰੀ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ। ਗੁਰੂ ਘਰਾਂ ਵਿੱਚ ਆਏ ਨਿਘਾਰ ਤੋਂ ਮੁਕਤ ਕਰਵਾਉਣ ਲਈ ਅਤੇ ਇਨ੍ਹਾਂ ਨੂੰ ਗੁਰਮਤਿ ਦੇ ਆਧਾਰ ’ਤੇ ਚਲਾਉਣ ਲਈ ਉੱਠੀ ਲਹਿਰ ਨੂੰ ਸਿੱਖ ਇਤਿਹਾਸ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਉਸ ਸਮੇਂ ਗੁਰੂਘਰਾਂ ਉੱਪਰ ਕਾਬਜ਼ ਨਿਰਮਲੇ ਤੇ ਉਦਾਸੀ ਮਹੰਤਾਂ-ਪੁਜਾਰੀਆਂ ਨੂੰ ਬਸਤੀਵਾਦੀ ਅੰਗਰੇਜ਼ੀ ਸਰਕਾਰ ਦੀ ਪੂਰੀ ਹਮਾਇਤ ਹਾਸਲ ਸੀ। ਇਨ੍ਹਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਾਲੇ ਯੋਧਿਆਂ ਦੀ ਇੱਕ ਅਦੁੱਤੀ ਦਾਸਤਾਨ ਹੈ। ਅੱਜ ਦੀ ਸਥਿਤੀ ਵੀ ਬਿਲਕੁਲ ਉਸ ਤਰ੍ਹਾਂ ਦੀ ਹੈ। ਇਹ ਸਥਿਤੀ ਮੰਗ ਕਰਦੀ ਹੈ ਕਿ ਸਾਡੇ ਪ੍ਰਚਾਰਕ ਡੇਰਿਆਂ ਦਾ ਆਰਾਮ ਛੱਡ ਕੇ ਲੋਕਾਂ ਵਿੱਚ ਵਿਚਰਨ ਅਤੇ ਉਨ੍ਹਾਂ ਨੂੰ ਲਾਮਬੰਦ ਕਰਕੇ ਇੱਕ ਸ਼ਾਂਤਮਈ ਸੰਘਰਸ਼ ਸ਼ੁਰੂ ਕਰਨ। ਪਿਛਲੇ ਕੁਝ ਦਹਾਕਿਆਂ ਤੋਂ ਸ਼ਹੀਦ ਹੋਏ ਸਿੱਖਾਂ ਦੀਆਂ ਰੂਹਾਂ ਉਡੀਕ ਰਹੀਆਂ ਹਨ, ਪਰ ਇੱਕ ਸਰਦਾਰ ਬਾਝੋਂ ਸਥਿਤੀ ਕੁਝ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ:
ਅਜੀਬ ਦਸਤੂਰ ਹੈ, ਐ ਮਹਿਜ਼ਬੀਂ ਤੇਰੀ ਮਹਿਫ਼ਿਲ ਕਾ,
ਹਮਾਰਾ ਕਤਲ ਬੀ ਕੀਆ, ਔਰ ਮੁਜਰਿਮ ਭੀ ਹਮ ਹੂਏ। (ਲਬਰੇਜ਼)

ਗੁਰਦਰਸ਼ਨ ਸਿੰਘ ਢਿੱਲੋਂ (ਪ੍ਰੋ.)*

You must be logged in to post a comment Login