ਹੁਨਰ ਜਿਊਣ ਦਾ ਜਿਹੜੇ ਸਿੱਖ ਲੈਂਦੇ, ਹੁੰਦਾ ਉਨ੍ਹਾਂ ਦਾ ਸਾਰਾ ਸੰਸਾਰ ਬੇਲੀ

ਹੁਨਰ ਜਿਊਣ ਦਾ ਜਿਹੜੇ ਸਿੱਖ ਲੈਂਦੇ, ਹੁੰਦਾ ਉਨ੍ਹਾਂ ਦਾ ਸਾਰਾ ਸੰਸਾਰ ਬੇਲੀ

tt

ਲੜਨਾ-ਭਿੜਨਾ, ਰੁੱਸਣਾ-ਮਨਾਉਣਾ ਮਨੁੱਖੀ ਸੁਭਾਅ ਦੀ ਫ਼ਿਤਰਤ ਹੈ, ਸਦੀਆਂ ਪੁਰਾਣੀ। ਲੜਨ ਤੇ ਪਿਆਰ ਦੇ ਤਰੀਕੇ ਜ਼ਰੂਰ ਬਦਲ ਗਏ, ਪਰ ਸੁਭਾਅ ਦੇ ਅੰਸ਼ ਬਹੁਤੇ ਨਹੀਂ ਬਦਲੇ। ਕਦੇ ਮਨੁੱਖ ਭਾਲਿਆਂ, ਨੇਜਿਆਂ ਦੇ ਜ਼ੋਰ ‘ਤੇ ਜਾਨਵਰਾਂ ਨਾਲ ਲੜਦਾ ਸੀ। ਹੌਲੀ-ਹੌਲੀ ਇਹ ਜੰਗ ਆਪਣਿਆਂ ਨਾਲ ਛਿੜ ਪਈ। ਅਜਿਹੀ ਤਰੱਕੀ ਕੀਤੀ ਕਿ ਹਾਰੇ ਦੀ ਹਿੱਕ ‘ਤੇ ਨੱਚਣਾ ਸ਼ੁਰੂ ਕਰ ਦਿੱਤਾ। ਇਹ ਤਰੱਕੀ ਦਿਮਾਗ਼ੀ ਸ਼ੋਰ ਵਧਾਉਂਦੀ ਗਈ। ਅੱਜ ਇਨਸਾਨ ਪੈਸੇ, ਨਾਂਅ, ਸ਼ੋਹਰਤ, ਅਜ਼ਾਦੀ ਲਈ ਲੜ ਰਿਹਾ ਹੈ ਤੇ ਪਸ਼ੂ-ਪੰਛੀ ਆਪਣੇ ਮਸਲਿਆਂ ਲਈ। ਪੰਛੀ ਕਈ ਵਾਰ ਖੂੰਖਾਰ ਹੋ ਕੇ ਲੜਦੇ ਹਨ, ਖੰਭ ਪੁੱਟਣ ਤੱਕ ਪਹੁੰਚ ਜਾਂਦੇ ਨੇ, ਪਰ ਅਗਲੇ ਪਲ਼ ਚੁੰਝਾਂ ਨਾਲ ਪਿਆਰ ਪ੍ਰਗਟਾਵਾ ਕਰਦੇ ਦਿਸਦੇ ਹਨ। ਪਤਾ ਨਹੀਂ ਲਗਦਾ ਲੜਨ ਵਾਲੇ ਉਹੀ ਹਨ ਜਾਂ ਪਿਆਰ ਵਾਲਾ ਸਾਥੀ ਬਦਲ ਗਿਆ।
ਇਹ ਲੜਾਈ, ਇਹ ਕਲੇਸ਼ ਘਰ-ਘਰ ਪਹੁੰਚ ਗਿਐ। ਕਿਤੇ ਬਾਹਰੀ ਜੰਗ, ਕਿਤੇ ਅੰਦਰੂਨੀ। ਅੰਦਰਲੇ ਨਾਲ ਜੰਗ ਬਾਹਰਲੀ ਜੰਗ ਤੋਂ ਵੀ ਖ਼ਤਰਨਾਕ ਹੈ। ਆਂਢ-ਗੁਆਂਢ ਵੱਲ ਝਾਤ ਮਾਰੋ, ਕੋਈ ਵਿਰਲਾ-ਟਾਵਾਂ ਸੁਖੀ ਲੱਭੇਗਾ। ਕਈਆਂ ਨੂੰ ਲੜਦੇ ਦੇਖ ਜਾਪੇਗਾ, ਇਨ੍ਹਾਂ ਦੇ ਸਿਰਫ਼ ਰੇਸ ਵਾਲਾ ਬਟਨ ਹੈ, ਬ੍ਰੇਕ ਵਾਲਾ ਨਹੀਂ। ਉਹ ਓਨਾ ਚਿਰ ਖਹਿਬੜਨਗੇ, ਜਿੰਨਾ ਚਿਰ ਥੱਕ ਕੇ ਨਿਢਾਲ ਨਹੀਂ ਹੁੰਦੇ। ਮੈਨੂੰ ਤਾਂ ਇਹੀ ਜਾਪਦੈ ਕਿ ਸੰਤੁਸ਼ਟ, ਖ਼ੁਸ਼ ਸਿਰਫ਼ ਉਹੀ ਹੈ, ਜਿਸ ਬਾਰੇ ਅਸੀਂ ਨਹੀਂ ਜਾਣਦੇ। ਜਦੋਂ ਖ਼ੁਸ਼ ਬੰਦੇ ਨੂੰ ਫੋਲਦੇ ਹਾਂ ਤਾਂ ਤਹਿਆਂ ਵਿਚੋਂ ਕੁਝ ਹੋਰ ਹੀ ਨਿਕਲਦਾ ਹੈ।
ਸਿਆਣੇ ਆਖਦੇ ਨੇ ਕਲੇਸ਼ ਦਾ ਘੁਣ ਉਮਰਾਂ ਖਾਂਦਾ ਹੈ। ਜਿਹੜੇ ਖ਼ੁਦ ਨਾਲ ਜੂਝਦਿਆਂ ਜਿਊਂਦੇ ਹਨ, ਉਨ੍ਹਾਂ ‘ਤੇ ਤਰਸ ਆਉਂਦੈ। ਜਾਪਦੈ ਉਹ ਦੂਜਿਆਂ ਵੱਲ ਦੇਖਦੇ ਆਪਣੇ ਪੈਰਾਂ ਵੱਲ ਦੇਖਣਾ ਭੁੱਲ ਗਏ। ਉਹ ਉਂਗਲਾਂ ਕਰਨ, ਤੋਹਮਤਾਂ ਲਾਉਣ, ਉੱਚੀ ਬੋਲ ਦੂਜੇ ਨੂੰ ਚੁੱਪ ਕਰਾਉਣ ‘ਚ ਪ੍ਰਾਪਤੀ ਸਮਝਦੇ ਰਹਿੰਦੇ ਹਨ। ਵੇਲ਼ਾ ਲੰਘਣ ‘ਤੇ ਜਦੋਂ ਪਾਏ ਗੁਆਏ ਦੀ ਗੁਣਾ ਘਟਾਓ ਕਰਦੇ ਹਨ ਤਾਂ ਸਿਵਾਏ ਸਿਫ਼ਰਾਂ ‘ਚੋਂ ਕੁਝ ਨਹੀਂ ਲੱਭਦਾ।
ਕਹਿੰਦੇ ਨੇ ਇੱਕ ਵਾਰ ਇਕ ਕਲੇਸ਼ੀ ਤੇ ਸਿਰੇ ਦਾ ਰੁੱਖਾ ਬੰਦਾ ਕਿਸੇ ਦੇ ਭੋਗ ‘ਤੇ ਚਲਾ ਗਿਆ। ਵਾਰ-ਵਾਰ ਕਹੇ, ‘ਛੇਤੀ-ਛੇਤੀ ਮੈਨੂੰ ਚੌਲ਼ ਦਿਓ, ਬਹੁਤਾ ਚਿਰ ਬੈਠਣ ਦੀ ਵਿਹਲ ਨਹੀਂ ਮੇਰੇ ਕੋਲ।’
ਪ੍ਰਬੰਧਕ ਰੋਕਣ, ‘ਅੱਧਾ ਘੰਟਾ ਠਹਿਰ ਜਾਹ। ਸਬਰ ਕਰ। ਸਾਰਿਆਂ ਨਾਲ ਤੈਨੂੰ ਵੀ ਦੇ ਦਿਆਂਗੇ।’
ਉਹਨੇ ਕਲੇਸ਼ ਖੜ੍ਹਾ ਕਰ ਦਿੱਤਾ। ਗਾਲ੍ਹ-ਦੁੱਪੜ ਨਾਲ ਸਭ ਨੂੰ ਕਲਪਾ ਮਾਰਿਆ। ਪ੍ਰਬੰਧਕਾਂ ਨੇ ਕਲੇਸ਼ ਮੁਕਾਉਣ ਖਾਤਰ ਕੜਾਹੇ ‘ਚੋਂ ਤੱਤੇ-ਤੱਤੇ ਚੌਲ ਉਹਦੀ ਝੋਲੀ ਪਾ ਦਿੱਤੇ।’
ਜ਼ਬਾਨ ਦਾ ਜ਼ੋਰ ਚੱਲਣ ‘ਤੇ ਉਹ ਬੜਾ ਖੁਸ਼ ਹੋਇਆ। ਥੋੜ੍ਹੀ ਦੂਰ ਗਿਆ ਤਾਂ ਚੌਲਾਂ ਦਾ ਪਾਣੀ ਝੋਲੀ ‘ਚੋਂ ਚੋਅ ਪੈਰਾਂ ‘ਤੇ ਟਪਕਣ ਲੱਗ ਗਿਆ। ਫੇਰ ਛਾਲ਼ਾਂ ਮਾਰੇ। ‘ਹਾਏ ਮਾਰਿਆ ਗਿਆ, ਹਾਏ ਮਾਰਿਆ ਗਿਆ।’
ਰਾਹ ਜਾਂਦੇ ਬਜ਼ੁਰਗ ਨੇ ਪੁੱਛਿਆ, ‘ਕੀ ਹੋਇਆ, ਤੜਫ਼ਦਾ ਕਿਉਂ ਆਂ…ਆਹ ਕੀ ਚੋਈ ਜਾਂਦਾ…।’
ਕੱਚਾ ਹੁੰਦਾ ਕਹਿੰਦਾ, ‘ਹਾਏ ਓਏ ਮੇਰੀ ਜ਼ੁਬਾਨ ਦਾ ਰਸ ਚੋਂਦਾ…।’
ਜਿਹੜੇ ਜ਼ਿੰਦਗੀ ਜਿਊਣ ਦਾ ਹੁਨਰ ਜਾਣਦੇ ਹਨ, ਸਬਰ ਨਾਲ ਸਾਂਝ ਰੱਖਦੇ ਹਨ, ਉਨ੍ਹਾਂ ਨੂੰ ਬਹੁਤੇ ਪੈਸਿਆਂ ਦੀ ਲੋੜ ਨਹੀਂ ਹੁੰਦੀ। ਰੁੱਖੀ ਰੋਟੀ ਉਨ੍ਹਾਂ ਨੂੰ ਪੰਜ ਤਾਰਾ ਹੋਟਲਾਂ ਵਾਲਾ ਸਵਾਦ ਦਿੰਦੀ ਹੈ। ਉਹ ਨਿਸ਼ਾਨਾ ਮਿੱਥ ਕੇ ਚਲਦੇ ਹਨ। ਜਿਹੜੇ ਨਿਸ਼ਾਨੇ ਦੀ ਉਨ੍ਹਾਂ ਨੂੰ ਭਾਲ਼ ਹੁੰਦੀ ਹੈ, ਇਕ ਦਿਨ ਉਹ ਖੁਦ ਉਨ੍ਹਾਂ ਦੀ ਉਡੀਕ ਕਰ ਰਿਹਾ ਹੁੰਦਾ ਹੈ।
ਕਦੇ ਕਚਹਿਰੀ ਦਾ ਮਾਹੌਲ ਗੰਭੀਰਤਾ ਨਾਲ ਦੇਖੋ। ਕਲੇਸ਼ਾਂ ‘ਚ ਉਲਝਿਆਂ ਦੀ ਜ਼ਿੰਦਗੀ ਰੰਗ ਵਿਹੂਣੀ ਜਾਪੇਗੀ। ਤੁਹਾਨੂੰ ਚਿਹਰਿਆਂ ‘ਤੇ ਛਾਈ ਪਿਲੱਤਣ ਵਾਲੇ ਲੋਕ ਅੰਦਰੋਂ ਹਾਰੇ ਹੋਏ ਮਿਲਣਗੇ। ਉਨ੍ਹਾਂ ਦੀ ਤੋਰ, ਸਰੀਰਕ ਭਾਸ਼ਾ ਬੜਾ ਕੁਝ ਬਿਆਨ ਕਰੇਗੀ। ਬਨਾਉਟੀ ਹਾਸੇ ਨਾਲ ਉਹ ਅੰਦਰਲਾ ਦੁੱਖ ਲੁਕੋਣ ਦੀ ਕੋਸ਼ਿਸ਼ ਕਰਨਗੇ। ਘਰੋਂ ਨਿਕਲਣ ਵੇਲੇੇ ਉਨ੍ਹਾਂ ਦੇ ਖਿਆਲ ਹੋਰ ਹੋਣਗੇ, ਵਾਪਸੀ ‘ਤੇ ਹੋਰ। ਕੋਈ ਸੁਣਨ ਵਾਲਾ ਮਿਲੇ, ਉਹ ਪ੍ਰਸੰਗ ਇੰਜ ਪੇਸ਼ ਕਰਨਗੇ, ਜਿਵੇਂ ਲੜੀ ਨਾ ਟੁੱਟਣ ਦੇਣ ਦੀ ਸਹੁੰ ਖਾਧੀ ਹੋਵੇ। ਕੌੜਤੁੰਮੇ ਵਰਗੇ ਬੋਲ ਸੁਣਨ ਵਾਲਿਆਂ ਦੇ ਕੰਨਾਂ ‘ਚੋਂ ਕੀੜੇ ਕੱਢਣਗੇ। ਘਰ ‘ਚ ਲੁਕ-ਲੁਕ ਕੀਤੀਆਂ ਗੱਲਾਂ ਪੰਚਾਇਤਾਂ ਮੂਹਰੇ ਹੁੱਬ-ਹੁੱਬ ਕਰਨਗੇ। ਜੀਭ ਦੇ ਜ਼ੋਰ ਦੇ ਭਰਮ ‘ਚ ਰਹਿਣਗੇ। ਪਰ ਉਨ੍ਹਾਂ ਦੇ ਜਾਣ ਮਗਰੋਂ ਸੁਣਨ ਵਾਲੇ ਸਾਰੀ ਕਹਾਣੀ ਦਾ ਤੱਤ ਸਾਰ ਕੱਢ ਛੱਡਦੇ ਨੇ।
ਮੇਰੀ ਹਮੇਸ਼ਾ ਰਾਇ ਰਹੀ ਹੈ ਸੰਘਰਸ਼ਸ਼ੀਲ ਲੋਕਾਂ ਨੂੰ ਸਫ਼ਲਤਾ ਦੇ ਨਾਲ-ਨਾਲ ਬੋਨਸ ‘ਚ ਸਭ ਕੁਝ ਮਿਲਦਾ ਹੈ। ਜਿਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਨਹੀਂ, ਉਨ੍ਹਾਂ ਨਾਲੋਂ ਕਿਨਾਰਾ ਕਰਨਾ ਬਿਹਤਰ ਹੈ। ਸਿਰ ਚੜ੍ਹ ਮਰਨ ਨਾਲੋਂ ਵੱਖਰਾ ਰਾਹ ਕਿਤੇ ਚੰਗਾ ਹੈ। ਜ਼ਰੂਰੀ ਨਹੀਂ ਇੱਕ ਛੱਤ ਥੱਲੇ ਰਹਿੰਦਿਆਂ ਤੁਸੀਂ ‘ਕੱਠੇ ਹੋਵੋ। ਨਹੀਂ ਨਿਭਦੀ ਤਾਂ ਵੱਖ ਹੋ ਜਾਣ ‘ਚ ਬੁਰਾਈ ਨਹੀਂ। ਵਕਤ ਨੇ ਪਲਟੀ ਖਾਧੀ ਤਾਂ ਆਪੋ-ਆਪਣੀ ਗ਼ਲਤੀ ਦਾ ਅਹਿਸਾਸ ਹੋਵੇਗਾ, ਨਹੀਂ ਹੁੰਦਾ ਤਾਂ ਹਾਲਾਤ ‘ਤੇ ਛੱਡ ਦਿਓ।
ਮੇਰਾ ਇਕ ਵਕੀਲ ਮਿੱਤਰ ਮੂੰਹ ਜ਼ੋਰ ਹੋਣ ਦੇ ਨੁਕਸਾਨ ਦੱਸਦਾ ਹੈ। ਮੀਆਂ-ਬੀਵੀ ਦਾ ਤਲਾਕ ਪੰਜ ਵਰ੍ਹਿਆਂ ਮਗਰੋਂ ਹੋਇਆ। ਕਿਸੇ ਗੱਲੋਂ ਦੋਵਾਂ ਦੀ ਬਣਦੀ ਨਹੀਂ ਸੀ। ਕੁੜੀ ਚਾਲੀ ਲੱਖ ਮੰਗੇ। ਮੁੰਡਾ ਕੁਝ ਨਾ ਬੋਲੇ। ਕਦੇ ਸਮਾਨ ਚੁੱਕਣਾ, ਕਦੇ ਬਦਨਾਮ ਕਰਨਾ, ਧਮਕੀ ਦਰ ਧਮਕੀ ਸੀ। ਤਰੀਕਾਂ ਪੈਂਦੀਆਂ ਗਈਆਂ। ਵਰ੍ਹੇ ਬੀਤਦੇ ਗਏ। ਅਖੀਰ ਜੱਜ ਨੇ ਫ਼ੈਸਲਾ ਸੁਣਾਇਆ, ‘ਚਾਰ ਲੱਖ ਕੁੜੀ ਨੂੰ ਖਰਚ ਦਿਓ।’
ਉਸ ਚਾਰ ਲੱਖ ‘ਚੋਂ ਪੰਜਾਹ ਹਜ਼ਾਰ ਸਾਡੀ ਫ਼ੀਸ ਨਿਕਲ ਗਈ। ਬਾਕੀ ਕਿਰਾਏ ਭਾੜੇ ਤੇ ਖੱਜਲ ਖੁਆਰੀ ਵੱਖਰੀ। ਅਸੀਂ ਅੱਜ ਤੱਕ ਸੋਚਦੇ ਹਾਂ ਇਸ ਲੜਾਈ ‘ਚੋਂ ਉਨ੍ਹਾਂ ਖੱਟਿਆ ਕੀ?
ਵੱਟ ਬੰਨ੍ਹੇ ਦੇ ਰੌਲੇ ‘ਚ ਵੀ ਸਿਵਾਏ ਖੱਜਲਤਾ ਕੁਝ ਨਹੀਂ। ਮਰਲਿਆਂ, ਓਰਿਆਂ ਪਿੱਛੇ ਉਮਰਾਂ ਗਲ਼ ਜਾਂਦੀਆਂ ਹਨ। ਜਦੋਂ ਤੱਕ ਹੱਕ ਮਿਲਦਾ ਹੈ, ਉਦੋਂ ਤੱਕ ਜਹਾਨੋਂ ਜਾਣ ਵਾਲੀ ਹਾਲਤ ਹੋ ਜਾਂਦੀ ਹੈ। ਵਕੀਲਾਂ ਮੁਤਾਬਕ, ‘ਜੇ ਅਸੀਂ ਇਹ ਸਭ ਗੱਲਾਂ ਗਾਹਕ ਨੂੰ ਸਪੱਸ਼ਟ ਦੱਸਦੇ ਹਾਂ ਤਾਂ ਸਾਨੂੰ ਕਮਜ਼ੋਰ ਵਕੀਲ ਮੰਨਿਆ ਜਾਂਦਾ ਹੈ। ਜੇ ਚਲਦੇ ਕੇਸ ‘ਚ ਸਮਝਾਈਏ ਤਾਂ ‘ਵਿਕ ਗਿਆ’ ਦੀ ਫੀਤੀ ਲਾਉਂਦੇ ਹਨ।’
ਜ਼ਿੰਦਗੀ ਦਾ ਹੁਨਰ ਜੇ ਕਿਤਾਬਾਂ ਪੜ੍ਹਨ ਨਾਲ ਆਉਂਦਾ ਹੈ ਤਾਂ ਧੱਕੇ ਖਾਣ ਨਾਲ ਵੀ ਘੱਟ ਨਹੀਂ ਆਉਂਦਾ। ਸੱਥਾਂ ‘ਚ ਬੈਠੇ ਬਜ਼ੁਰਗਾਂ ਦਾ ਸੰਗ ਕਰਕੇ ਦੇਖੋ। ਅਜਿਹੇ ਨਿਚੋੜ ਦੱਸਣਗੇ ਕਿ ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਮਾਤ ਖਾ ਜਾਣ। ਸੰਘਰਸ਼ ਤਿੱਖਾ ਤੇ ਬੋਲ ਸਾਦੇ ਹੋਣੇ ਚਾਹੀਦੇ ਹਨ। ਕੋਈ ਮੰਜ਼ਲ ਅਜਿਹੀ ਨਹੀਂ, ਜਿਹੜੀ ਸਰ ਨਾ ਹੋਵੇ। ਬੇਲੋੜਾ ਬੋਲਣਾ, ਹਰਲ-ਹਰਲ ਕਰਨਾ ਹਾਰ ਦਾ ਸੰਕੇਤ ਹੈ। ਭਰਿਆ ਭਾਂਡਾ ਬਹੁਤਾ ਨਹੀਂ ਖੜਕਦਾ। ਖਾਲੀ ਭਾਂਡੇ ਵਿਚਲੀਆਂ ਆਵਾਜ਼ਾਂ ਕਈਆਂ ਦਾ ਮਨੋਰੰਜਨ ਕਰਦੀਆਂ ਹਨ ਤੇ ਚਿੱਬ ਵੱਖਰੇ ਪੈਂਦੇ ਹਨ।
ਚੰਗੀ ਤੇ ਦੂਰਦਰਸ਼ੀ ਸੋਚ ਵਾਲੇ ਸੱਜਣ ਜਿਨ੍ਹਾਂ ਨੂੰ ਮਿਲ ਜਾਣ, ਉਨ੍ਹਾਂ ਦੀ ਜ਼ਿੰਦਗੀ ਧੰਨ ਹੋ ਜਾਂਦੀ ਹੈ। ਜ਼ਿੰਦਗੀ ਜਿਊਣੀ ਹੈ ਜਾਂ ਭੋਗਣੀ, ਸਾਡੀ ਆਪਣੀ ਮਰਜ਼ੀ ਹੈ। ਅੰਦਰੋਂ ਭਰੇ ਇਨਸਾਨ ਦਾ ਮਰਨਾ ਸਫ਼ਲ ਹੁੰਦਾ ਹੈ। ਕਈ ਵਾਰ ਅਸੀਂ ਛੋਟੀ ਉਮਰੇ ਤੁਰ ਜਾਣ ਵਾਲਿਆਂ ਬਾਰੇ ਗੱਲਾਂ ਕਰਦੇ ਹਾਂ, ਪਰ ਜਦੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਤੇ ਕਈਆਂ ਦੇ ਵੱਡੀ ਉਮਰੇ ਜਾਣ ਬਾਰੇ ਜਦੋਂ ਚਰਚਾ ਛਿੜਦੀ ਹੈ ਤਾਂ ਉਨ੍ਹਾਂ ਦੀ ਬੌਣੀ, ਸੁੰਗੜੀ ਸ਼ਖਸੀਅਤ ‘ਤੇ ਸੌ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਹਨ।

You must be logged in to post a comment Login