ਹੈਲਮੈੱਟ ਦੇ ਫੈਸਲੇ ਖਿਲਾਫ ਸੜਕਾਂ ‘ਤੇ ਉਤਰਿਆ ਅਕਾਲੀ ਦਲ

ਹੈਲਮੈੱਟ ਦੇ ਫੈਸਲੇ ਖਿਲਾਫ ਸੜਕਾਂ ‘ਤੇ ਉਤਰਿਆ ਅਕਾਲੀ ਦਲ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਔਰਤਾਂ ਦਾ ਹੈਲਮੈੱਟ ਪਾਉਣਾ ਲਾਜ਼ਮੀ ਕਰਨ ਦੇ ਵਿਰੋਧ ‘ਚ ਅਕਾਲੀ ਦਲ ਵਲੋਂ ਸੈਕਟਰ-34 ਦੇ ਗੁਰਦੁਆਰਾ ਸਾਹਿਬ ਤੋਂ ਇਕ ਰੋਸ ਮਾਰਚ ਕੱਢਿਆ ਗਿਆ। ਔਰਤਾਂ ਤੇ ਪੁਰਸ਼ਾਂ ਵਲੋਂ ਕੱਢਿਆ ਗਿਆ ਇਹ ਰੋਸ ਮਾਰਚ ਸੈਕਟਰ-33 ਅਤੇ 32 ਤੋਂ ਹੁੰਦਾ ਹੋਇਆ ਗਵਰਨਰ ਹਾਊਸ ਜਾਵੇਗਾ, ਜਿੱਥੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਹੈਲਮੈੱਟ ਦੇ ਵਿਰੋਧ ‘ਚ ਇਕ ਮੰਗ ਪੱਤਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਾਗਰੂਕਤਾ ਮੁਹਿੰਮ ਤੋਂ ਬਾਅਦ 5 ਸਤੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਬਿਨਾਂ ਹੈਲਮੈੱਟ ਵਾਲੀਆਂ ਔਰਤਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਰੋਸ ਮਾਰਚ ਦੀ ਅਗਵਾਈ ਐੱਸ. ਜੀ. ਪੀ. ਸੀ. ਮੈਂਬਰ ਹਰਦੀਪ ਸਿੰਘ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਧਰਮ ਔਰਤਾਂ ਨੂੰ ਹੈਲਮੈੱਟ ਪਾਉਣ ਦੀ ਇਜਾਜ਼ਤ ਨਹੀਂ ਦਿੰਦਾ, ਜਿਸ ਕਾਰਨ ਉਹ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਕਿਸੇ ਵੀ ਕੀਮਤ ‘ਤੇ ਇਸ ਨਿਯਮ ਨੂੰ ਨਹੀਂ ਮੰਨਾਂਗੇ ਅਤੇ ਚਲਾਨ ਦਾ ਬਾਈਕਾਟ ਕਰਾਂਗੇ।

You must be logged in to post a comment Login