10 ਅਪ੍ਰੈਲ ਤੋਂ ਪਰਥ ‘ਚ ਹੋਣਗੀਆਂ 33ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ

10 ਅਪ੍ਰੈਲ ਤੋਂ ਪਰਥ ‘ਚ ਹੋਣਗੀਆਂ 33ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ

ਮੈਲਬੌਰਨ : ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱਧਰ ‘ਤੇ ਆਯੋਜਿਤ ਹੋਣ ਵਾਲੀਆਂ 33ਵੀਆਂ ਸਾਲਾਨਾ ਸਿੱਖ ਖੇਡਾਂ 10 ਅਪ੍ਰੈਲ ਤੋਂ 12 ਅਪ੍ਰੈਲ ਤੱਕ ਪੱਛਮੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਪਰਥ ਵਿੱਚ ਸਥਿੱਤ ਕਰਟਿਨ ਯੂਨੀਵਰਸਿਟੀ, ਬੈਂਟਲੀ ਵਿੱਚ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ।ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਟੈਨਿਸ, ਬੈਡਮਿੰਟਨ ਦੇ ਮੁਕਾਬਲੇ ਕਰਵਾਏ ਜਾਣਗੇ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਵੱਖ-ਵੱਖ ਦੇਸ਼ਾਂ ਤੋਂ ਹਜ਼ਾਰਾਂ ਖਿਡਾਰੀ ਹਿੱਸਾ ਲੈ ਰਹੇ ਹਨ। ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱਖ ਫੋਰਮ ਵਿੱਚ ਪੰਜਾਬੀ ਭਾਈਚਾਰੇ ਦੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ,ਘਰੇਲੂ ਹਿੰਸਾ ਖਤਮ ਕਰਨ, ਆਸਟ੍ਰੇਲੀਆ ਦੇ ਸੂਬਾਈ ਅਤੇ ਕੌਮੀ ਪੱਧਰ ‘ਤੇ ਪੰਜਾਬੀਆਂ ਦੀ ਉਸਾਰੂ ਪ੍ਰਤੀਨਿਧਤਾ ਕਰਨ ਸਮੇਤ ਕਈ ਮੁੱਦੇ ਵਿਚਾਰੇ ਜਾਣਗੇ।ਇਸ ਵਾਰ ਪੰਜਾਬੀ ਭਾਸ਼ਾ ਫੋਰਮ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨਾਮਵਰ ਲੇਖਕ ਅਤੇ ਕਵੀ ਆਪਣੀਆਂ ਰਚਨਾਵਾਂ ਨਾਲ ਸਾਹਿਤਕ ਸਾਂਝ ਪਾਉਣਗੇ। ਪ੍ਰਬੰਧਕ ਖੇਡ ਕਮੇਟੀ ਦੇ ਸਮੂਹ ਮੈਂਬਰਾਨ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਵਿਉਂਤਬੰਦੀ ਮੁਤਾਬਕ ਖੇਡਾਂ ਨੂੰ ਸਫਲ ਬਣਾਉਣ ਲਈ ਕੀਤੇ ਗਏ ਜ਼ਰੂਰੀ ਇੰਤਜ਼ਾਮਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ ਅਤੇ ਇਹਨਾਂ ਖੇਡਾਂ ਨੂੰ ਯਾਦਗਾਰੀ ਬਣਾਉਣ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ।ਖੇਡਾਂ ਨੂੰ ਸੰਪੂਰਨ ਰੂਪ ਵਿੱਚ ਨੇਪਰੇ ਚਾੜਨ ਲਈ ਆਸਟ੍ਰੇਲੀਆਈ ਸਰਕਾਰ, ਸਥਾਨਕ ਕੌਂਸਲਾਂ, ਪ੍ਰਸ਼ਾਸਨ, ਆਸਟ੍ਰੇਲੀਆਈ ਗੁਰੂ ਘਰਾਂ, ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।
ਆਸਟ੍ਰੇਲੀਆ ਵਿੱਚ ਨਵੀਂ ਪੀੜੀ ਦੀ ਪੰਜਾਬੀ ਬੋਲੀ ਨਾਲ ਸਾਂਝ ਪਕੇਰੀ ਕਰਨ ਦੇ ਮੰਤਵ ਨਾਲ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 550 ਪੰਜਾਬੀ ਫੱਟੀਆਂ ਖੇਡਾਂ ਦੌਰਾਨ ਬੱਚਿਆਂ ਵਿੱਚ ਵੰਡੀਆਂ ਜਾਣਗੀਆਂ।ਈਸਟਰ ਦੀਆਂ ਛੁੱਟੀਆਂ ਹੋਣ ਕਾਰਨ ਇਸ ਖੇਡ ਮੇਲੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

 

You must be logged in to post a comment Login