12 ਪਿੰਡਾਂ ਦੀਆਂ ਪੰਚਾਇਤਾਂ ਨੇ SSP ਦਫ਼ਤਰ ਦਾ ਕੀਤਾ ਘਿਰਾਉ

12 ਪਿੰਡਾਂ ਦੀਆਂ ਪੰਚਾਇਤਾਂ ਨੇ SSP ਦਫ਼ਤਰ ਦਾ ਕੀਤਾ ਘਿਰਾਉ

ਫ਼ਰੀਦਕੋਟ : ਫ਼ਰੀਦਕੋਟ ਦੇ ਐਸਐਚਓ ਗੁਰਮੀਤ ਸਿੰਘ ਨੂੰ ਲਾਈਨ ਹਾਜ਼ਰ ਕਰਨ ਦਾ ਮਾਮਲਾ ਭੱਖ ਗਿਆ ਹੈ। ਐਸਐਸਓ ਵਿਰੁੱਧ ਕੀਤੀ ਕਾਰਵਾਈ ਦੇ ਵਿਰੋਧ ‘ਚ 12 ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਨੇ ਫ਼ਰੀਦਕੋਟ ਦੇ ਐਸਐਸਪੀ ਦਫ਼ਤਰ ਦਾ ਘਿਰਾਉ ਕਰ ਦਿੱਤਾ ਹੈ। ਇਨ੍ਹਾਂ ਦੀ ਮੰਗ ਹੈ ਕਿ ਐਸਐਚਓ ਗੁਰਮੀਤ ਸਿੰਘ ਨੂੰ ਲਾਈਨ ਹਾਜ਼ਰ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਰੰਟ ਅਫ਼ਸਰ ਵਲੋਂ ਥਾਣਾ ਸਦਰ ਵਿਚੋਂ ਨਾਜਾਇਜ਼ ਤੌਰ ਉਤੇ ਹਿਰਾਸਤ ਵਿਚ ਲਏ 7 ਨੌਜਵਾਨਾਂ ਨੂੰ ਰਿਹਾਅ ਕਰਵਾਇਆ ਗਿਆ ਸੀ, ਜਿਨ੍ਹਾਂ ਨੂੰ ਸਦਰ ਦੇ ਐਸਐਚਓ ਵੱਲੋਂ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ। ਇਸ ਦੇ ਚਲਦਿਆਂ ਬੀਤੇ ਦਿਨ ਫ਼ਰੀਦਕੋਟ ਦੇ ਐਸਐਸਪੀ ਵਲੋਂ ਥਾਣੇ ਦੇ ਐਸ.ਐਚ.ਓ. ਨੂੰ ਲਾਈਨ ਹਾਜ਼ਰ ਕਰ ਕੇ ਉਸ ਵਿਰੁਧ ਜਾਂਚ ਲਗਾ ਦਿੱਤੀ ਸੀ। ਐਸਐਸਪੀ ਦੀ ਇਸ ਕਾਰਵਾਈ ਤੋਂ ਇਹ ਪੰਚ-ਸਰਪੰਚ ਨਾਰਾਜ਼ ਹਨ। ਇਨ੍ਹਾਂ ਪੰਚਾਂ-ਸਰਪੰਚਾਂ ਦਾ ਦੋਸ਼ ਹੈ ਕਿ ਜਿਸ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ, ਉਹ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਦਾ ਸੀ, ਜਿਸ ਤੋਂ ਸ਼ਾਇਦ ਐਸਐਸਪੀ ਖ਼ਫ਼ਾ ਹਨ। ਇਹ ਪੰਚ-ਸਰਪੰਚ ਹੁਣ ਐਸਐਸਪੀ ਦੀ ਬਦਲੀ ਉਤੇ ਅੜ ਗਏ ਹਨ। ਪੰਚਾਂ-ਸਰਪੰਚਾਂ ਨੇ ਚਿਤਾਵਨੀ ਦਿਤੀ ਹੈ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣਗੇ।

You must be logged in to post a comment Login