ਜੁੱਤੀਆਂ ਗੰਢ ਕੇ ਗੁਜ਼ਾਰਾ ਕਰ ਰਿਹੈ ਮਸ਼ਹੂਰ ਗਾਇਕ ਚਮਨ ਲਾਲ ਚਾਂਦੀ

ਜੁੱਤੀਆਂ ਗੰਢ ਕੇ ਗੁਜ਼ਾਰਾ ਕਰ ਰਿਹੈ ਮਸ਼ਹੂਰ ਗਾਇਕ ਚਮਨ ਲਾਲ ਚਾਂਦੀ

swarn tehna

 

ਸਵਰਨ ਸਿੰਘ ਟਹਿਣਾ

ਬੱਸਾਂ, ਟੈਂਪੂਆਂ ਤੇ ਹੋਰ ਗੱਡੀਆਂ ਦੀਆਂ ਅਵਾਜ਼ਾਂ ਗੜ੍ਹਸ਼ੰਕਰ ਦੇ ਬੱਸ ਅੱਡੇ ‘ਚ ਸਾਡੇ ਕੰਨਾਂ ਨੂੰ ਖਾ ਰਹੀਆਂ ਹਨ। ਕੰਨ ਪਾਈ ਅਵਾਜ਼ ਨਹੀਂ ਸੁਣ ਰਹੀ। ਚਾਰੇ ਪਾਸੇ ਪਾਂ..ਪੂੰ…ਪਾਂ…ਪੂੰ ਦਾ ਰੌਲਾ ਹੈ। ਇੱਕ ਪਾਸਿਓਂ ਹੋਕਾ ਆ ਰਿਹੈ, ‘ਹਸ਼ਿਆਰਪੁਰ…ਹੁਸ਼ਿਆਰਪੁਰ’ ਤੇ ਦੂਜੇ ਪਾਸਿਓਂ, ‘ਆਜੋ ਬਈ ਆਨੰਦਪੁਰ ਸਾਹਿਬ, ਆਨੰਦਪੁਰ ਸਾਹਿਬ…।’ ਸਾਡੀਆਂ ਅੱਖਾਂ ਉਸ ਨੂੰ ਲੱਭ ਰਹੀਆਂ ਹਨ, ਜਿਸ ਲਈ ਅਸੀਂ ਏਥੇ ਪਹੁੰਚੇ ਹਾਂ। ਪਰ ਉਹ ਕਿਧਰੇ ਦਿਸ ਨਹੀਂ ਰਿਹਾ।
ਰੇਹੜੀ ਵਾਲੇ ਨੂੰ ਪੁੱਛਿਆ। ਉਹ ਕਹਿੰਦਾ, ‘ਨਾ ਕੋਈ ਚਾਂਦੀ…ਨਾ ਕੋਈ ਪੀਤਲ ਰਹਿਤਾ ਹੈ ਯਹਾਂ…।’
ਇੱਕ ਹੋਰ ਨੂੰ ਪੁੱਛਿਆ ਤਾਂ ਜਵਾਬ ਮਿਲਿਆ, ‘ਪਤਾ ਨਹੀਂ…।’
ਤੀਜੇ ਨੂੰ ਪੁੱਛਿਆ ਤਾਂ ਸਾਹਮਣੇ ਵੱਲ ਉਂਗਲ ਕਰਕੇ ਕਹਿੰਦਾ, ‘ਔਹ ਸਾਹਮਣੇ ਜਿਹੜਾ ਖੰਭਾ ਦਿਸ ਰਿਹੈ, ਉਹਦੇ ਥੱਲੇ ਉਹਦੀ ਦੁਕਾਨ ਲੱਗੀ ਹੋਈ ਐ…ਉਹੀ ਐ ਚਮਨ ਲਾਲ ਚਾਂਦੀ…।’
ਅਸੀਂ ਉਸ ਕੋਲ ਜਾ ਖੜ੍ਹੇ ਹੋਏ। ਉਹ ਕਾਹਲੀ-ਕਾਹਲੀ ਜੁੱਤੀ ‘ਤੇ ਬੁਰਸ਼ ਮਾਰ ਉਹਨੂੰ ਫੌਜੀ ਦੇ ਬੂਟ ਵਾਂਗ ਚਮਕਾ ਰਿਹੈ। ਮੂੰਹ ਉਤਾਂਹ ਨੂੰ ਚੁੱਕ ਕੇ ਦੇਖਣ ਦੀ ਉਸ ਕੋਲ ਵਿਹਲ ਨਹੀਂ। ਜੁੱਤੀਆਂ ਨੂੰ ਤੋਪੇ ਲਾਉਣ ਵਾਲੇ ਸੂਏ ਨੇ ਉਸ ਦੀਆਂ ਉਂਗਲਾਂ ਥਾਂ-ਥਾਂ ਤੋਂ ਜ਼ਖ਼ਮੀ ਕੀਤੀਆਂ ਹੋਈਆਂ ਨੇ। ਵੱਡੇ ਜ਼ਖ਼ਮ ਲੁਕੋਣ ਲਈ ਉਸ ਨੇ ਕਾਲੇ ਰੰਗ ਦੀ ਟੇਪ ਲਾਈ ਹੋਈ ਹੈ, ਜਿਹੜੀ ਬਿਜਲੀ ਵਾਲੀਆਂ ਤਾਰਾਂ ਨੂੰ ਲੱਗਦੀ ਏ।
ਇੱਕ ਅਧਖੜ ਬੰਦਾ ਆਇਆ ਤੇ ਬੂਟ ਅਗਾਂਹ ਕਰਕੇ ਕਹਿੰਦਾ, ‘ਛੇਤੀ ਗੰਢ ਇਹਨੂੰ…।’
ਖਰਵੀਂ ਅਵਾਜ਼ ‘ਚ ਉਹ ਬੋਲਿਆ, ‘ਠਹਿਰ ਜਾਹ ਝੱਟ…ਸਾਹ ਲੈ…ਆਹ ਨਬੇੜ ਲਵਾਂ ਪਹਿਲਾਂ…।’
ਪਹਿਲੀ ਨਜ਼ਰੇ ਉਹਨੇ ਸਾਨੂੰ ਵੀ ਜੁੱਤੀ ਜੋੜਾ ਗੰਢਾਉਣ ਵਾਲੇ ਹੀ ਸਮਝਿਆ, ਪਰ ਜਦ ਆਪਣੇ ਬਾਰੇ ਦੱਸਿਆ ਤਾਂ ਅੰਦਰੋਂ ਖੁਸ਼ ਹੋ ਗਿਆ। ਕੋਲ ਡਹੇ ਝੋਲ਼ ਮਾਰਦੇ ਲੱਕੜ ਦੇ ਬੈਂਚ ‘ਤੇ ਬੈਠਣ ਲਈ ਆਖਦਿਆਂ ਬੋਲਿਆ, ‘ਦਸ ਕੁ ਮਿੰਟ ਰੁਕ ਜੋ…ਆਹ ਗਾਹਕ ਤੋਰ ਲਵਾਂ…ਫੇਰ ਕਰਦੇ ਆਂ ਗੱਲ…।’
ਵਿਹਲਾ ਹੋ ਕੇ ਉਹ ਸੁੱਖ-ਸਾਂਦ ਪੁੱਛਣ ਲੱਗ ਗਿਆ। ਪੰਜ ਕੁ ਮਿੰਟਾਂ ਮਗਰੋਂ ਇੱਕ ਔਰਤ ਚੱਪਲਾਂ ਦੇ ਜੋੜੇ ਬਾਰੇ ਪੁੱਛਣ ਆਈ ਤਾਂ ਕਹਿੰਦਾ, ‘ਰੁਕ ਕੇ ਆਵੀਂ ਬੀਬਾ…ਹਾਲੇ ਨਹੀਂ ਕੀਤੀ ਠੀਕ…ਪ੍ਰਾਹੁਣੇ ਆਏ ਆ ਸਾਡੇ…ਗੱਲਬਾਤ ਕਰ ਲੈਣ ਦਿਓ…।’
ਉਸ ਦੀ ਅਵਾਜ਼ ਵਿੱਚ ਦਮ ਹੈ। ਜਾਪਦਾ ਨਹੀਂ ਵਕਤ ਨੇ ਉਸ ਦੀ ਅਵਾਜ਼ ‘ਤੇ ਬਹੁਤਾ ਅਸਰ ਪਾਇਐ। ਉਮਰ ਭਾਵੇਂ ਪੈਂਹਠਾਂ ਤੋਂ ਉੱਪਰ ਹੈ, ਪਰ ਗੱਲਾਂ ‘ਚ ਪੂਰਾ ਜਵਾਨ। ਦੰਦ ਉਘੜੇ-ਦੁਘੜੇ ਹੋਣ ਕਰਕੇ ਕਈ ਸ਼ਬਦ ਗੁਆਚ ਰਹੇ ਹਨ, ਪਰ ਸਰੀਰ ਫੁਰਤੀਲਾ ਹੈ।
‘ਐਥੇ ਹੀ ਗੱਲਾਂ ਕਰ ਲਈਏ ਆਪਾਂ…ਜੇ ਉੱਠਿਆ ਤਾਂ ਗਾਹਕ ਨਾ ਮੁੜ ਜਾਵੇ…।’ ਉਹਨੇ ਮਜਬੂਰੀ ਦੱਸੀ।
ਅਸੀਂ ਆਪਣੀ ਮਜਬੂਰੀ ਦੱਸੀ ਕਿ ਗੱਲਬਾਤ ਰੇਡੀਓ-ਟੀ.ਵੀ ਲਈ ਵੀ ਕਰਨੀ ਹੈ। ਏਥੇ ਹਾਰਨਾਂ ਦੀਆਂ ਅਵਾਜ਼ਾਂ ਬਹੁਤ ਨੇ। ਉਰ੍ਹਾਂ-ਪਰ੍ਹਾਂ ਹੋਣਾ ਪੈਣੈ। ਉਹ ਨੇ ਆਪਣੇ ਸੂਏ, ਬੁਰਸ਼, ਡੱਬੀਆਂ, ਮੋਚਨਾ, ਪਤਾਵੇ, ਮੇਖਾਂ ਤੇ ਹੋਰ ਨਿੱਕ-ਸੁੱਕ ਚੁੱਕ ਲਿਆ ਤੇ ਮੈਂ ਉਹਦੀ ਬੋਰੀ ਚੁੱਕ ਮਗਰ-ਮਗਰ ਤੁਰ ਪਿਆ। ਇੱਕ ਪਾਸੇ ਜਾ ਕੇ ਉਹ ਨੇ ਆਪਣਾ ਸਮਾਨ ਚਿਣ ਲਿਆ। ਬੋਰੀ ‘ਤੇ ਚੌਂਕੜੀ ਮਾਰ ਗੱਲਬਾਤ ਸ਼ੁਰੂ ਕਰ ਦਿੱਤੀ।
‘ਸਾਰਾ ਦਿਨ ਲੋਕਾਂ ਦੀਆਂ ਜੁੱਤੀਆਂ ਚਮਕਾਉਂਦੇ ਓ, ਪਰ ਗਾਇਕੀ ਵਿੱਚ ਆਪਣਾ ਭਵਿੱਖ ਨਹੀਂ ਚਮਕਾ ਸਕੇ…ਕਿੰਨਾ ਕੁ ਦੁੱਖ ਹੁੰਦੈ ਸੋਚ ਕੇ…?’ ਮੈਂ ਪੁੱਛਿਆ।
ਉਹ ਫੋੜੇ ਵਾਂਗ ਫਿੱਸ ਪਿਆ, ਜਿਵੇਂ ਚਿਰਾਂ ਮਗਰੋਂ ਉਸ ਨੂੰ ਦੁੱਖ ਸਾਂਝਾ ਕਰਨ ਵਾਲਾ ਮਿਲਿਆ ਹੋਵੇ।
‘ਨਾ ਮੈਨੂੰ, ਨਾ ਮੇਰੇ ਪਿਓ ਕਰਤਾਰ ਚੰਦ ਨੂੰ ਤੇ ਨਾ ਅੱਗੋਂ ਮੇਰੇ ਪੁੱਤ ਨੂੰ, ਗਾਇਕੀ ਰਾਸ ਨਹੀਂ ਆਈ। ਬੜਾ ਵਧੀਆ ਗਾਉਂਦਾ ਹੁੰਦਾ ਸਾਂ ਮੈਂ…ਅਵਾਜ਼ ਟੱਲੀ ਵਾਂਗੂੰ ਟੁਣਕਦੀ ਸੀ…ਹੁਣ ਵੀ ਮਾੜੀ ਨਹੀਂ…ਪਰ ਗ਼ਰੀਬੀ ਨੇ ਮਾਰ ਘੱਤਿਆ। ਜਦੋਂ ਢਿੱਡ ਭੁੱਖਾ ਹੋਵੇ, ਉਦੋਂ ਰੋਟੀ ਦੀ ਲੋੜ ਹੁੰਦੀ ਹੈ…ਗਾਉਣ-ਪਾਣੀ ਦੀ ਨਹੀਂ…ਜੇ ਗਾÎਇਕੀ ਰੋਟੀ ਦਿੰਦੀ ਤਾਂ ਲੋਕਾਂ ਦੇ ਛਿੱਤਰਾਂ ਨੂੰ ਮੇਖਾਂ ਕਿਉਂ ਲਾਉਂਦਾ…ਸਾਰੇ ਸੁਪਨੇ ਮਰ ਗਏ ਮੇਰੇ ..ਗ਼ਰੀਬੀ ਸਭ ਤੋਂ ਵੱਡਾ ਪਾਪ ਹੈ…ਗ਼ਰੀਬ ਬੰਦੇ ਦੀ ਕੋਈ ਜ਼ਿੰਦਗੀ ਨਹੀਂ…ਲੋਕ ਕਹਿੰਦੇ ਚੰਗਾ ਗਾਓ, ਚੰਗਾ ਗਾਓ…ਤੁਸੀਂ ਮੇਰੇ ਗਾਣੇ ਸੁਣ ਕੇ ਦੇਖੋ…ਜੇ ਇੱਕ ਲਾਈਨ ਮਾੜੀ ਹੋਈ ਤਾਂ ਦੱਸਿਓ…ਕਿੰਨੀਆਂ ਹੀ ਲੋਕ ਗਾਥਾਵਾਂ ਗਾਈਆਂ ਮੈਂ…ਪਰ ਮਿਲਿਆ ਕੀ, ਛਿੱਕੂ…।’
ਮੈਂ ਉਹਨੂੰ ਜਦੋਂ ਵੀ ਕੁਝ ਪੁੱਛਣ ਲੱਗਦਾਂ, ਉਹ ਗੱਲ ਕੱਟ ਕੇ ਆਪਣੀ ਗੱਲ ਸ਼ੁਰੂ ਕਰ ਦਿੰਦੈ। ਆਖਦੈ, ‘ਪੰਜ-ਛੇ ਭੈਣ ਭਾਈ ਸੀ ਅਸੀਂ…ਬੁੜ੍ਹਾ ‘ਕੱਲ੍ਹਾ ਸੀ ਕਮਾਉਣ ਵਾਲਾ…ਉਹ ਆਪ ਵੀ ਕਮਾਲ ਦਾ ਗਾਉਂਦਾ ਸੀ…ਪਾਕਿਸਤਾਨ ਜੰਮਿਆ ਸੀ ਉਹ…ਰੌਲੇ ਮਗਰੋਂ ਉਹ ਏਧਰ ਆ ਗਿਆ…ਏਧਰ ਹੀ ਵਿਆਹ ਕਰਾਇਆ ਸੀ ਉਹਨੇ…ਬਾਪੂ ਦਾ ਓਧਰ ਬੂਟਾਂ ਦਾ ਕੰਮ ਸੀ, ਨਾਲ-ਨਾਲ ਗਾਉਂਦਾ ਵੀ ਸੀ…ਬਾਪੂ ਤੋਂ ਮੈਨੂੰ ਸ਼ੌਕ ਪੈ ਗਿਆ ਗਾਉਣ ਦਾ। ਉਦੋਂ ਮੈਨੂੰ ਨਹੀਂ ਸੀ ਪਤਾ ਕਿ ਇਹ ਕੰਮ ਮੇਰੇ ਵਰਗੇ ਮਹਾਤੜਾਂ ਦਾ ਨਹੀਂ…ਸਾਰੇ ਸਾਜ਼ ਅੱਜ ਵੀ ਘਰ ਪਏ ਆ ਮੇਰੇ ਕੋਲ…ਰਿਆਜ਼ ਵੀ ਕਰਦਾਂ ਵਿਹਲੇ ਵੇਲ਼ੇ…ਪੂਰੀ ਵਰਦੀ ਆ…ਗੋਟੇ ਵਾਲੀ ਪੱਗ ਐ…ਤੂੰਬੀ, ਢੋਲਕ, ਤਬਲੇ, ਬੈਂਜੋ ਵਾਲੇ ਸੱਤ-ਅੱਠ ਜਣੇ ਨੇ ਆਪਣੇ ਨਾਲ…ਪਰ ਸਾਡੀ ਕਦਰ ਨਹੀਂ ਕੀਤੀ ਕਿਸੇ ਨੇ…ਭਰਾਵਾ ਇਹ ਦੁਨੀਆ ਹੈ ਹੀ ਪੈਸੇ ਵਾਲਿਆਂ ਦੀ…।’
‘ਗਾਉਣ ਦਾ ਸ਼ੌਕ ਕਿਵੇਂ ਪਿਆ ਥੋਨੂੰ…?’
‘ਦੱਸਿਆ ਤਾਂ ਹੈ ਬਾਪੂ ਤੋਂ ਪਿਆ। ਫੇਰ ਮੈਂ ਲੁਧਿਆਣੇ ਚਲਾ ਗਿਆ ਲਾਲ ਚੰਦ ਯਮਲਾ ਜੱਟ ਜੀ ਕੋਲ…ਉਨ੍ਹਾਂ ਕੋਲੋਂ ਵਾਹਵਾ ਚਿਰ ਸਿੱਖਿਆ। ਕਈ ਸਟੇਜਾਂ ਵੀ ਲਾਈਆਂ ਉਨ੍ਹਾਂ ਨਾਲ। ਬੜਾ ਪਿਆਰ ਦਿੰਦੇ ਸੀ ਉਹ ਮੈਨੂੰ। ਯਮਲਾ ਜੀ ਮੇਰੇ ਬਾਪੂ ਦੇ ਧਰਮ ਦੇ ਭਰਾ ਬਣੇ ਸੀ ਪੱਗ ਵਟਾ ਕੇ। ਬਾਪੂ ਨੇ ਯਮਲਾ ਜੀ ਨੂੰ ਕਿਹਾ, ‘ਮੇਰੇ ਮੁੰਡੇ ਨੂੰ ਵੀ ਸਿਖਾ ਦੇ…’ ਤੇ ਉਨ੍ਹਾਂ ਮੈਨੂੰ ਰੂਹ ਨਾਲ ਸਿਖਾਇਆ। ਮਿਹਨਤਾਨਾ ਵੀ ਦੇ ਦਿੰਦੇ ਸੀ ਉਹ, ਪਰ ਲੋੜਾਂ ਦੇ ਖੂਹ ਏਨੇ ਵੱਡੇ ਸੀ ਕਿ ਭਰਨ ਦਾ ਨਾਂ ਨਹੀਂ ਸੀ ਲੈਂਦੇ…। ‘ਵਾਜ਼ ਮੇਰੀ ਹੁਣ ਵੀ ਟੁਣਕਦੀ ਐ…ਸੁਣਾਵਾਂ…।’
ਲੰਮਾ ਖੰਘੂਰਾ ਮਾਰ ਉਹ ਗਲ਼ ਸਾਫ਼ ਕਰਦੈ। ਗੁਰਦੀਪ ਸਿੰਘ ਦਾ ਲਿਖਿਐ ਇਹ ਗੀਤ…
ਮੁੰਡਾ ਲੰਬੜਾਂ ਦਾ ਬੜਾ ਟੁੱਟ ਪੈਣਾ,
ਨੀਂ ਰਾਹ ਜਾਂਦਾ ਮਾਰੇ ਸੀਟੀਆਂ।
ਗਲੀ ਵਿੱਚ ਲੰਘੇ ਜਦੋਂ ਆਉਂਦਾ ਮੇਰੇ ਕੋਲ ਨੀਂ,
ਫਿਰ ਆਖੇ ਤੇਰੇ ਲੱਗਦੇ ਮਿੱਠੜੇ ਜੇ ਬੋਲ ਨੀਂ।
ਗੋਰੇ ਰੰਗ ਨੇ ਸਦਾ ਨਹੀਂ ਰਹਿਣਾ,
ਰਾਹ ਜਾਂਦਾ ਮਾਰੇ ਸੀਟੀਆਂ,
ਮੁੰਡਾ ਲੰਬੜਾਂ ਦਾ….।
ਅੱਖਾਂ ਇਸ ਭੈੜੇ ਦੀਆਂ ਮੇਰੇ ਉਤੇ ਜੰਮੀਆਂ,
ਗੁਰਦੀਪ ਸਿੰਘ ਸਿਫ਼ਤਾਂ ਕਰੇ ਗੁੱਤ ਨਾਲੋਂ ਲੰਮੀਆਂ।
ਹੁਣ ਚੈਨ ਨਾਲ ਆਉਂਦਾ ਨਹੀਂਓਂ ਬਹਿਣਾ,
ਰਾਹ ਜਾਂਦਾ ਮਾਰੇ ਸੀਟੀਆਂ,
ਮੁੰਡਾ ਲੰਬੜਾਂ ਦਾ…।
ਕਈ ਮਿੱਤਰ ਆਖਦੇ ਹੁੰਦੇ ਸਨ ਚਮਨ ਤੂੰ ਵੀ ਰੇਡੀਓ ‘ਤੇ ਟੈੱਸਟ ਦੇ। ਮੈਂ ਟੈੱਸਟ ਦੇ ਆਇਆ ਤੀਹ-ਪੈਂਤੀ ਸਾਲ ਪਹਿਲਾਂ। ਰੇਡੀਓ ਵਾਲਿਆਂ ਨੇ ਸੁਨੇਹਾ ਭੇਜਿਆ ਕਿ ਤੁਸੀਂ ਪਾਸ ਓ…ਆ ਕੇ ਗਾ ਜਾਓ…ਪਰ ਮੈਂ ਜਾ ਨਹੀਂ ਸਕਿਆ ਇੱਕ ਵਾਰ ਵੀ…ਘਰੋਂ ਪੈਸੇ ਮੰਗੇ ਤਾਂ ਬੁੜ੍ਹੀਆਂ ਕਹਿੰਦੀਆਂ, ‘ਹੈ ਨ੍ਹੀਂ ਸਾਡੇ ਕੋਲ ਦੁਆਨੀ ਵੀ…।’ ਬਸ ਇਹ ਮੌਕਾ ਵੀ ਇਵੇਂ ਹੀ ਖੁੰਝ ਗਿਆ।
‘ਕਿੰਨੀਆਂ ਕੁ ਸਟੇਜਾਂ ‘ਤੇ ਗਾਇਆ ਹੋਊ…?’
‘ਅਣਗਿਣਤ…ਸੌਆਂ ਦੇ ਹਿਸਾਬ ਨਾਲ…65 ਦੀ ਜੰਗ ਵੇਲ਼ੇ ਵੀ ਗਾਉਂਦਾ ਸੀ…71 ਵਾਲੀ ਵੇਲ਼ੇ ਵੀ…ਹੁਣ ਵੀ ਜਾਨਾਂ ਮੌਕਾ ਮਿਲੇ ਤਾਂ…ਅੰਦਰੋਂ ਤਾਂ ਕਲਾਕਾਰ ਹੀ ਹਾਂ…ਜੁੱਤੀਆਂ ਤਾਂ ਮਜਬੂਰੀ ‘ਚ ਗੰਢਦਾਂ….ਪਰਸੋਂ ਵੀ ਗਿਆ ਸੀ ਪੀਰਾਂ ਦੀ ਮਜਾਰ ‘ਤੇ…ਡੂਢ ਕੁ ਸੌ ਬਣ ਗਿਆ ਸੀ ਉਥੇ…ਦੱਸਾਂ ਕਿਹੜਾ ਗੀਤ ਗਾਇਆ ਸੀ…।
ਪੀਰ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ,
ਉਹਨੂੰ ਦਰਿਆ ਡੋਬਣਾ ਕੀ, ਜੀਹਦੀ ਪੀਰ ਬਾਂਹ ਫੜੀ।
ਇੱਕ ਗੱਲ ਦੱਸਾਂ। ਨਾ ਮੇਰੇ ਪਿਓ ਨੇ ਤੇ ਨਾ ਕਦੇ ਮੈਂ ਕੁੜੀ ਨਾਲ ਗਾਇਐ। ਜੇ ਕੋਈ ਕੁੜੀ ਨਾਲ ਲਿਆਉਣ ਲਈ ਆਖਦਾ ਸੀ ਤਾਂ ਹੱਥ ਜੋੜ ਦੇਈਦੇ ਸੀ ਕਿ ਭਾਈ ਆਪਾਂ ਇਹ ਕੰਮ ਨਹੀਂ ਕਰ ਸਕਦੇ, ‘ਕੱਲੇ ਨੂੰ ਸੁਣਨਾ ਤਾਂ ਆ ਜਾਊਂਗਾ…। ਅਣਖ ਵਾਲੇ ਬੰਦੇ ਆਂ ਬਾਈ ਜੀ…ਅਵਾਜ਼ ‘ਚ ਦਮ ਸੀ…ਗ਼ਰੀਬੀ ਮਾਰ ਗਈ…।
ਯਮਲਾ ਜੀ ਨੂੰ ਸਾਡਾ ਪੂਰਾ ਟੱਬਰ ਪਿਤਾ ਜੀ ਮੰਨਦੈ। ਉਹ ਸਾਨੂੰ ਕਲਾ ਦੇਣ ਵਾਲੇ ਹਨ। ਉਨ੍ਹਾਂ ਵਰਗਾ ਕੋਈ ਨਹੀਂ ਬਣ ਸਕਦਾ। ਦੇਵਤੇ ਸਨ ਉਹ। ਉਨ੍ਹਾਂ ਦੇ ਗਾਣੇ ਮੈਂ ਰੂਹ ਨਾਲ ਗਾਉਨਾਂ। ਜਿਹੜੇ ਗਾਣਿਆਂ ਦੀਆਂ ਤਰਜ਼ਾਂ ਮੈਂ ਆਪ ਬਣਾਈਆਂ, ਸਟੇਜ ਉਤੇ ਉਹ ਗਾਈਦੇ ਨੇ ਜਾਂ ਫਿਰ ਯਮਲਾ ਜੀ ਦੇ…ਕਿਸੇ ਹੋਰ ਦਾ ਨਹੀਂ ਗਾਉਂਦਾ ਮੈਂ…। ਯਮਲਾ ਜੀ ਦੇ ਗੀਤ ਗਾ ਕੇ ਮੈਨੂੰ ਸ਼ਾਂਤੀ ਮਿਲਦੀ ਐ…’ਕੱਲੀ-‘ਕੱਲੀ ਲਾਈਨ ਗਾਉਂਦਿਆਂ ਨਾਲ ਖੜ੍ਹੇ ਜਾਪਦੇ ਨੇ ਉਹ ਮੈਨੂੰ…। ਹੁਬਹੂ ਉਨ੍ਹਾਂ ਦੇ ਅੰਦਾਜ਼ ‘ਚ ਇੱਕ ਗਾਣਾ ਗਾਣਾ ਸੁਣਾਵਾਂ ਉਨ੍ਹਾਂ ਦਾ…।
ਠੰਢੀ ਠੰਢੀ ‘ਵਾ ਚੰਨਾਂ ਪੈਂਦੀਆਂ ਫੁਹਾਰਾਂ ਵੇ,
ਆਜਾ ਮੇਰੇ ਚੰਨਾਂ ਜਿੰਦ ਤੇਰੇ ਉਤੋਂ ਵਾਰਾਂ ਵੇ।
ਛੀਹਣੀ ਮੈਂ ਪੰਜਾਬ ਦੀ ਤੇ ਤੂੰ ਏਂ ਦੂਲਾ ਸ਼ੇਰ ਵੇ,
ਇਹੋ ਜਿਹਾ ਮਾਹੀ ਸਾਨੂੰ ਲੱਭਣਾ ਨਾ ਫੇਰ ਵੇ।
ਮਾਰਾਂ ਤੇਰੇ ਵੈਰੀ ਕਰਾਂ ਰੰਡੀਆਂ ਹਜ਼ਾਰਾਂ ਵੇ…
ਆਜਾ ਮੇਰੇ ਚੰਨਾਂ….।
ਮੁੰਡੇ ਮੇਰੇ ਦਾ ਨਾਂ ਬੂਟਾ ਪੀਰਾਂ ਵਾਲਾ ਐ। ਉਹ ਸੂਫ਼ੀ ਗਾਉਂਦੈ। ਪਹਿਲਾਂ ਲੱਕੜ ਦਾ ਕੰਮ ਕਰਦਾ ਸੀ, ਫੇਰ ਡਿਸਕ ਹਿੱਲ ਗਈ। ਹੁਣ ਮਜਾਰਾਂ ਜਾਂ ਹੋਰ ਮੇਲਿਆਂ ‘ਤੇ ਗਾ ਆਉਂਦੈ। ਜਿੰਨੀ ਕੁ ਦਿਹਾੜੀ ਉਹਦੀ ਬਣਦੀ ਐ, ਓਨੇ ਕੁ ਨਾਲ ਗੁਜ਼ਾਰਾ ਕਰ ਲਈਦਾ ਔਖਿਆਂ ਸੌਖਿਆਂ…ਕਾਰਡ ਵੀ ਛਪਾਏ ਆ ਉਹਦੇ…ਕਦੇ ਮੌਕਾ ਦਿਓ ਉਹਨੂੰ ਵੀ…ਮੈਂ ਹੁਣ ਬਹੁਤੀ ਵਾਰ ਉਹਦੇ ਪਿੱਛੇ ਜਾਨਾਂ, ਉਹਨੂੰ ਮੂਹਰੇ ਰੱਖੀਦਾ…ਨਵਾਂ ਖੂਨ ਆ ਉਹਦਾ…।’ ਕਹਿੰਦਾ ਚਾਂਦੀ ਭਾਵੁਕ ਹੋ ਜਾਂਦੈ।
ਫੇਰ ਮੇਰੇ ਸਵਾਲ ਨੂੰ ਕੱਟਦਿਆਂ ਆਖਦੈ, ‘ਧਾਰਮਿਕ ਵੀ ਗਾਇਆ ਮੈਂ…ਬਾਜਾਂ ਵਾਲੇ ਮਾਹੀ ਦੇ ਕਈ ਗੀਤ ਗਾਏ ਨੇ…ਪਰ ਗੱਲ ਫੇਰ ਉਥੇ ਹੀ ਆ ਕੇ ਮੁੱਕਦੀ ਐ ਗ਼ਰੀਬੀ ਮਾਰ ਗਈ ਸਾਨੂੰ…। ਧਾਰਮਿਕ ਬੋਲ ਸੁਣੋ…
ਧੰਨ ਗੁਰੂ ਗੋਬਿੰਦ ਸਿੰਘ ਬਾਜਾਂ ਵਾਲਿਆ,
ਹਿੰਦ ਨੂੰ ਬਚਾਇਆ ਸਾਰਾ ਬੰਸ ਵਾਰਿਆ।
ਪਟਨੇ ਦੇ ਵਿੱਚ ਜਾ ਕੇ ਜਨਮ ਧਾਰਿਆ।
ਟੁੱਟੀ ਹੋਈ ਹਿੰਦ ਦੇ ਦੁੱਖ ਨੂੰ ਨਿਵਾਰਿਆ,
ਨੀਲੇ ਘੋੜੇ ਚੜ੍ਹ ਬਾਜ਼ ਨੂੰ ਸ਼ਿੰਗਾਰਿਆ,
ਧੰਨ ਗੁਰੂ ਗੋਬਿੰਦ ਸਿੰਘ ਬਾਜਾਂ ਵਾਲਿਆ…।
ਪਿਤਾ ਵਾਰੇ, ਨਾਲੇ ਵਾਰੇ ਚਾਰੇ ਲਾਲ ਜੀ,
ਕਰਤਾਰ ਚੰਦ ਗੁਰੂਆਂ ਦੇ ਜਾਈਏ ਬਲਿਹਾਰ ਜੀ।
ਇੱਕ ਤੀਰ ਮਾਰ ਹਿੰਦ ਨੂੰ ਬਚਾ ਲਿਆ,
ਧੰਨ ਗੁਰੂ ਗੋਬਿੰਦ ਸਿੰਘ ਬਾਜਾਂ ਵਾਲਿਆ…।
ਉਹਨੂੰ ਗਾਉਂਦਿਆਂ ਸੁਣ ਬੱਸ ਅੱਡੇ ਵਿਚਲੇ ਲੋਕ ਆਲੇ ਦੁਆਲੇ ‘ਕੱਠੇ ਹੋ ਰਹੇ ਹਨ। ਕੋਈ ਹੱਸ ਰਿਹੈ, ਕੋਈ ਅੱਖਾਂ ਅੱਡੀ ਖੜ੍ਹੈ। ਉਹਨੂੰ ਕਿਸੇ ਦੀ ਪ੍ਰਵਾਹ ਨਹੀਂ। ਆਪਣੀ ਗੱਲ ਲਗਾਤਾਰ ਕਰ ਰਿਹੈ ਉਹ।
ਮੇਰਾ ਪਿੰਡ ਲਹਿਰਾ ਏਥੋਂ ਥੋੜ੍ਹੀ ਦੂਰ ਹੀ ਐ। ਸਾਈਕਲ ‘ਤੇ ਆਉਂਨਾਂ ਮੈਂ। ਕਦੇ ਦਿਹਾੜੀ ਸੌ ਬਣ ਜਾਂਦੀ ਹੈ, ਕਦੇ ਢਾਈ ਸੌ ਵੀ, ਕਦੇ ਨਹੀਂ ਵੀ ਬਣਦੀ…।
ਗਾਹਕ ਤੇ ਮੌਤ ਦਾ ਕੀ ਪਤਾ ਹੁੰਦੈ, ਕਦੋਂ ਆ ਜਾਵੇ। ਆਹ ਕੁਝ ਮਹੀਨੇ ਪਹਿਲਾਂ ਨੂੰਹ ਕੋਲੇ ਮੁੰਡਾ ਹੋਇਆ। ਵੀਹ-ਪੱਚੀ ਹਜ਼ਾਰ ਫੜ ਕੇ ਲਾਇਆ ਉਹਦੇ ‘ਤੇ। ਗ਼ਰੀਬੀਦਾਵਾ ਬਾਈ…ਜੇ ਸਾਡੇ ਕੋਲ ਪੈਸੇ ਹੁੰਦੇ ਤਾਂ ਅਸੀਂ ਵੀ ਕੈਸਿਟਾਂ ਕੱਢ ਲੈਂਦੇ…ਅੱਧੇ ਕੁ ਗਾਉਣ ਵਾਲਿਆਂ ਨਾਲੋਂ ਤਾਂ ਅੱਜ ਵੀ ਚੰਗਾ ਗਾ ਲਈਦੈ…ਮੌਕਾ ਹੀ ਨਹੀਂ ਮਿਲਿਆ ਕਦੇ…ਗ਼ਰੀਬੀ ਮਾਰ ਗਈ ਸਾਨੂੰ…।’
ਚਮਨ ਲਾਲ ਚਾਂਦੀ ਕੋਲ ਬੂਟ ਪਾਲਿਸ਼ ਕਰਾਉਣ ਵਾਲਾ ਹੋਰ ਗਾਹਕ ਆ ਗਿਆ ਤੇ ਅਸੀਂ ਏਸੇ ਗੱਲ ਵਿੱਚ ਭਲਾਈ ਸਮਝੀ ਕਿ ਉਹਦੀ ਗਾਹਕੀ ਖਰਾਬ ਨਾ ਕੀਤੀ ਜਾਵੇ।
‘ਫੇਰ ਕਦੇ ਆਵਾਂਗੇ…ਹੁਣ ਸਾਨੂੰ ਆਗਿਆ ਦਿਓ…।’ ਮੈਂ ਕਿਹਾ।
ਉਹ ਝੱਟ ਖੜ੍ਹਾ ਹੋਇਆ। ਚਾਹ ਪਿਲਾਏ ਬਿਨਾਂ ਨਹੀਂ ਜਾਣ ਦਿੰਦਾ। ਝੱਟ ਉਹ ਚਾਹ ਕਹਿ ਆਉਂਦੈ…। ਕੁਝ ਮਿੰਟਾਂ ਮਗਰੋਂ ਅਸੀਂ ਉਹਦੇ ਕੋਲੋਂ ਤੁਰ ਪੈਂਦੇ ਹਾਂ। ਥੋੜ੍ਹੀ ਦੂਰ ਜਾ ਕੇ ਮੈਂ ਪਿੱਛੇ ਮੁੜ ਦੇਖਦਾ ਹਾਂ। ਚਮਨ ਲਾਲ ਚਾਂਦੀ ਪੂਰੇ ਜੋਸ਼ ਨਾਲ ਬੂਟ ‘ਤੇ ਬੁਰਸ਼ ਮਾਰ ਰਿਹੈ, ਜਿਵੇਂ ਗ਼ਰੀਬੀ ਦਾ ਸਾਰਾ ਗੁੱਸਾ ਜੁੱਤੀ ‘ਤੇ ਕੱਢ ਰਿਹਾ ਹੋਵੇ।

ਸਵਰਨ ਸਿੰਘ ਟਹਿਣਾ

You must be logged in to post a comment Login