FEATURED NEWS News

165 ਰੁਪਏ ਕਿਲੋ ਪਹੁੰਚਿਆ ਪਿਆਜ਼

ਨਵੀਂ ਦਿੱਲੀ : ਮਹਿੰਗਾਈ ਦੀ ਮਾਰ ਦੇ ਚਲਦੇ ਪਿਆਜ਼ ਹਾਲੇ ਆਮ ਲੋਕਾਂ ਨੂੰ ਹੋਰ ਰੁਆਵੇਗਾ। ਹਾਲਾਂਕਿ ਸਰਕਾਰ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਪਿਆਜ਼ ਦਾ ਦਰਾਮਦ ਕਰ ਰਹੀ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਪਿਆਜ਼ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਸਰਕਾਰੀ ਵਪਾਰਕ ਕਾਰੋਬਾਰ ਐਮਐਮਟੀਸੀ ਪਿਆਜ਼ ਦਾ ਦਰਾਮਦ ਕਰ ਰਹੀ ਹੈ ਅਤੇ ਇਸ ਦੀ ਪਹਿਲੀ ਖੇਪ ਅਗਲੇ ਸਾਲ 20 ਜਨਵਰੀ ਤੱਕ ਪਹੁੰਚਣ ਦੀ ਉਮੀਦ ਹੈ। ਖੁਰਾਕ ਸਪਲਾਈ ਰਾਜ ਮੰਤਰੀ ਦਾਨਵੇ ਰਾਓਸਾਹਿਬ ਦਾਦਾਰਾਓ ਨੇ ਸੈਸ਼ਨ ਵਿਚ ਇਕ ਪ੍ਰਸ਼ਨ ਦੇ ਜਵਾਬ ਵਿਚ ਦੱਸਿਆ ਕਿ ਭਾਰਤ ਵਿਚ ਇਸ ਸਾਲ ਬਾਰਿਸ਼ ਦੀ ਦੇਰ ਤੋਂ ਸ਼ੁਰੂਆਤ ਹੋਣ ਅਤੇ ਦੇਰ ਤੱਕ ਬਾਰਿਸ਼ ਜਾਰੀ ਰਹਿਣ ਦੇ ਕਾਰਨ ਪਿਆਜ਼ ਦੀ ਫਸਲ ‘ਤੇ ਮਾੜਾ ਅਸਰ ਹੋਇਆ ਹੈ। ਇਸੇ ਕਾਰਨ ਦੇਸ਼ ਵਿਚ ਇਸ ਸਮੇਂ ਪਿਆਜ਼ ਦੀ ਕਮੀ ਕਾਰਨ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਪਿਆਜ਼ ਦੀ ਕੀਮਤ ‘ਤੇ ਚਰਚਾ ਕਰੀਏ ਤਾਂ ਅੱਜ ਪਿਆਜ਼ 165 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਗੋਆ ਵਿਚ ਜਿੱਥੇ ਪਿਆਜ਼ 165 ਰੁਪਏ ਪ੍ਰਤੀ ਕਿਲੋ ਹੈ, ਉੱਥੇ ਹੀ ਅੰਡੇਮਾਨ ਵਿਚ 160 ਰੁਪਏ ਪ੍ਰਤੀ ਕਿਲੋ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ ਬਫਰ ਸਟਾਕ ਦੀ ਵੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਵੀਰਵਾਰ ਨੂੰ ਪਿਆਜ਼ ਦੀਆਂ ਕੀਮਤਾਂ 109 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ।