safe_image-7

ਨਵਾਂਸ਼ਹਿਰ – ਚੰਡੀਗੜ੍ਹ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਮਗਰੋਂ ਪੁਲਿਸ ਦੀ ਗ੍ਰਿਫ਼ਤ ਵਿੱਚ ਆਏ ਗੈਂਗਸਟਰ ਦਿਲਪ੍ਰੀਤ ਢਾਹਾਂ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਸਾਂਝਾ ਆਪ੍ਰੇਸ਼ਨ ਨਹੀਂ ਸੀ। ਇਹ ਸਾਰਾ ਕੰਮ ਪੰਜਾਬ ਪੁਲਿਸ ਅਤੇ ਜਲੰਧਰ ਰੂਰਲ ਪੁਲਿਸ ਦਾ ਸਾਂਝਾ ਆਪ੍ਰੇਸ਼ਨ ਸੀ। ਇਸ ਮਾਮਲੇ ਵਿੱਚ ਦਿਲਪ੍ਰੀਤ ਦੀ ਮਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ। ਦਿਲਪ੍ਰੀਤ ਬਾਬਾ ਦੀ ਮਾਤਾ ਸੁਰਿੰਦਰ ਕੌਰ ਤੇ ਭੈਣ ਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੀਡੀਆ ਦੀ ਸਹਾਇਤਾ ਨਾਲ ਦਿਲਪ੍ਰੀਤ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਸੀ। ਇਸੇ ਕਾਰਨ ਉਹ ਪੁਲਿਸ ਅੱਗੇ ਸਰੰਡਰ ਕਰਨ ਲਈ ਵਿੱਚ ਚੰਡੀਗੜ੍ਹ ਆਇਆ ਸੀ। ਹੁਣ ਪੁਲਿਸ ਉਸ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਤਾਂ ਖ਼ੁਦ ਪੁਲਿਸ ਅੱਗੇ ਪੇਸ਼ ਹੋਣਾ ਚਾਹੁੰਦਾ ਸੀ ਇਸ ਲਈ ਉਹ ਚੰਡੀਗੜ੍ਹ ਆਇਆ ਸੀ ਪਰ ਪੁਲਿਸ ਨੇ ਇਹ ਸਾਰਾ ਨਵਾਂ ਡਰਾਮਾ ਰਚਾ ਦਿੱਤਾ ਹੈ। ਪੁਲਿਸ ਅਧਿਕਾਰੀ ਸਿਰਫ ਆਪਣੀ ਤਰੱਕੀ ਅਤੇ ਆਪਣਾ ਆਪ ਦੇਖਦੇ ਹਨ। ਦਿਲਪ੍ਰੀਤ ਦੀ ਮਾਤਾ ਨੇ ਦਿਲਪ੍ਰੀਤ ਨਾਲ ਮਿਲਣ ਦੀ ਇਜਾਜ਼ਤ ਦਿੱਤੇ ਜਾਣ ‘ਤੇ ਸੱਚ ਸਭ ਦੇ ਸਾਹਮਣੇ ਲਿਆਉਣ ਦਾ ਮੰਗ ਕੀਤੀ ਹੈ। ਦਿਲਪ੍ਰੀਤ ਦੀ ਮਾਂ ਤੇ ਭੈਣ ਨੇ ਖੁਲਾਸਾ ਕੀਤਾ ਕਿ ਦਿਲਪ੍ਰੀਤ ਖਿਲਾਫ਼ ਲੱਗੇ ਫਿਰੌਤੀ ਵਾਲੇ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਸਾਰੇ ਕੇਸਾਂ ਦੀ ਜਾਂਚ ਕਰਨੀ ਚਾਹੀਦੀ ਹੈ। ਮੇਰੇ ਪੁੱਤ ਨਾਲ ਪੁਲਿਸ ਅਧਿਕਾਰੀ ਨਜਾਇਜ਼ ਧੱਕਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਦਿਲਪ੍ਰੀਤ ਬਾਬਾ ਨੂੰ ਪੰਜਾਬ ਪੁਲਿਸ ਦੇ ਆਪ੍ਰੇਸ਼ਨ ਵਿੱਚ ਚੰਡੀਗੜ੍ਹ ਦੇ ਸੈਕਟਰ 43 ਤੋਂ ਕਾਬੂ ਕਰ ਲਿਆ ਗਿਆ ਹੈ। ਦਿਲਪ੍ਰੀਤ ਢਾਹਾਂ ਇਸ ਮੁਕਾਬਲੇ ਵਿੱਚ ਪੁਲਿਸ ਦੀ ਗੋਲ਼ੀ ਦਾ ਸ਼ਿਕਾਰ ਹੋਇਆ ਤੇ ਹੁਣ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਦਿਲਪ੍ਰੀਤ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੂੰ ਵਧਾਈ ਵੀ ਦਿੱਤੀ ਹੈ।

About Jatin Kamboj