COMMUNITY PUNJAB NEWS

550 ਸਾਲਾ ਪ੍ਰਕਾਸ਼ ਪੁਰਬ ਮੌਕੇ ’ਤੇ ਸਰਕਾਰੀ ਹਸਪਤਾਲਾਂ ਦਾ ਕੀਤਾ ਜਾ ਰਿਹੈ ਆਧੁਨਿਕੀਕਰਨ

ਚੰਡੀਗੜ੍ਹ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ‘ਤੇ ਚੱਲਣ ਵਾਲੇ ਲੜੀਵਾਰ ਸਮਾਗਮਾਂ ਨੂੰ ਧਿਆਨ ਵਿਚ ਰਖਦੇ ਹੋਏ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਕਪੂਰਥਲਾ ਦੇ ਹਸਪਤਾਲਾਂ ਦਾ ਆਧੁਨਿਕਣ ਦਾ ਕੰਮ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਇਸ ਬਾਰੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ’ਤੇ ਚੱਲਣ ਵਾਲੇ ਸਮਾਗਮ ਵਿਚ ਪੂਰੇ ਵਿਸ਼ਵ ਤੋਂ ਲੱਖਾਂ-ਕਰੋੜਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਜਿਸ ਨੂੰ ਧਿਆਨ ਵਿਚ ਰਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ’ਤੇ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਕਪੂਰਥਲਾ ਦੇ ਹਸਪਤਾਲਾਂ ਵਿਖੇ ਸੰਗਤਾਂ ਨੂੰ ਹਰ ਤਰਾਂ ਦੀਆਂ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਭਗ 30 ਕਰੋੜ ਦੀ ਲਾਗਤ ਨਾਲ ਹਸਪਤਾਲਾਂ ਦਾ ਆਧੁਨਿਕਰਨ ਕੀਤਾ ਜਾ ਰਿਹਾ ਹੈ।ਸਿਹਤ ਮੰਤਰੀ ਨੇ ਦਸਿਆ ਕਿ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਮਾਗਮ ਨਾਲ ਸਬੰਧਤ ਸਾਰੇ ਸਰਕਾਰੀ ਹਸਪਤਾਲਾਂ ਵਿਚ ਵੱਖ-ਵੱਖ ਤਰ੍ਹਾਂ ਦੇ ਇਕਊਪਮੈਂਟ ਜਿਵੇਂ ਕਿ ਵੈਂਟੀਲੇਟਰ, ਆਈ.ਸੀ.ਯੂ., ਐਕਸ-ਰੇ ਮਸ਼ੀਨਾਂ, ਈ.ਸੀ.ਜੀ, ਅਲਟਰਾਸਾਊਂਡ ਮਸ਼ੀਨਾਂ ਅਤੇ ਰੇਡੀਊਗਰਾਫੀ ਮਸ਼ੀਨਾਂ ਆਦਿ ਮੁਹੱਈਆ ਕਰਵਾਈਆਂ ਜਾ ਰਹੀ ਹਨ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਤੁਰੰਤ ਐਮਰਜੈਂਸੀ ਸੇਵਾਵਾਂ ਉਪਲਬਧ ਕਰਵਾਉਣ ਲਈ 12 ਅਡਵਾਂਸ ਲਾਈਫ ਸੂਪੋਰਟ ਐਂਬੂਲੈਂਸਾਂ ਵੀ ਮੁਹੱਈਆ ਕਰਵਾਈਆ ਜਾਣਗੀਆਂ।ਬਲਬੀਰ ਸਿੰਘ ਨੇ ਦਸਿਆ ਕਿ ਇਨ੍ਹਾਂ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਦਾ ਪੁਨਰ-ਨਿਰਮਾਣ ਤੇ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਅਤੇ ਜਿਲਾ ਕਪੂਰਥਲਾ ਦੇ ਹਸਪਤਾਲਾਂ ਵਿਖੇ ਆਈ.ਸੀ.ਯੂ ਸੈਂਟਰ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਸਮਾਗਮਾਂ ਨਾਲ ਸਬੰਧਤ ਹਰ ਇਲਾਕੇ ਵਿਚ ਸ਼ਰਧਾਲੂਆਂ ਨੂੰ ਯਕੀਨੀ ਤੌਰ ’ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵਲੋਂ ਮਾਈਕਰੋਪਲਾਨ ਬਣਾਇਆ ਗਿਆ ਹੈ ਜਿਸ ਤਹਿਤ ਰੂਪ-ਰੇਖਾ ਤਿਆਰ ਕਰ ਕੇ ਵਿਸ਼ੇਸ਼ ਮੋਬਾਈਲ ਟੀਮਾਂ ਦੀ ਤੈਨਾਤੀ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਨ੍ਹਾਂ ਟੀਮਾਂ ਵਿਚ ਇਕ ਮੈਡੀਕਲ ਅਫਸਰ, ਫਾਰਮਸਿਸਟ, ਨਰਸ ਆਦਿ ਮੁੱਖ ਤੌਰ ‘ਤੇ ਸ਼ਾਮਲ ਕੀਤੇ ਜਾਣਗੇ ਅਤੇ ਲੋੜ ਅਨੁਸਾਰ ਹਸਪਤਾਲ ਵਿਖੇ ਬਣਾਏ ਗਏ ਕੰਟਰੋਲ ਰੂਮ ਨੂੰ ਰਿਪੋਰਟਿੰਗ ਕਰਨਗੇ। ਉਨਾਂ ਦੱਸਿਆ ਕਿ ਹਸਪਤਾਲਾਂ ਵਿਚ ਵੱਡੇ ਪੱਧਰ ’ਤੇ ਮੈਡੀਕਲ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਓ.ਪੀ.ਡੀ. ਤੇ ਆਈ.ਪੀ.ਡੀ. ਸੇਵਾਵਾਂ ਲੈਣ ਲਈ ਮਰੀਜਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦਸਿਆ ਕਿ ਇਨ੍ਹਾਂ ਹਸਪਤਾਲਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਣੀ ਰੋਜ਼ਾਨਾ ਕੀਤੀ ਜਾ ਰਹੀ ਹੈ ਅਤੇ ਅਕਤੂਬਰ ਦੇ ਦੂਜੇ ਹਫਤੇ ਤੱਕ ਸਾਰੇ ਹਸਪਤਾਲਾਂ ਦਾ ਕੰਮ ਮਕੁੰਮਲ ਕਰ ਲਿਆ ਜਾਵੇਗਾ।