550 ਸਾਲਾ ਸਮਾਗਮ ’ਚ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ

550 ਸਾਲਾ ਸਮਾਗਮ ’ਚ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ 11 ਕਰੋੜ ਦਾ ਟੈਂਡਰ ਇਕ ਆਯੋਗ ਕੰਪਨੀ ਨੂੰ ਦੇ ਦਿੱਤਾ ਹੈ ਜੋ ਕਿ ਸੰਗਤ ਦੇ ਪੈਸੇ ਦੀ ਲੁੱਟ ਕਰਨ ਦੇ ਮਕਸਦ ਨਾਲ ਦਿੱਤਾ ਗਿਆ। ਇਹ ਇਲਜ਼ਾਮ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਲਗਾਏ ਗਏ ਹਨ। ਸਥਾਨਕ ਪੀਡਬਲਿਊਡੀ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ ’ਤੇ ਮਨਾਉਣ ਦੇ ਯਤਨਾਂ ਨੂੰ ਤਾਰਪੀਡੋ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਬਣਾਈ ਗਈ ਤਾਲਮੇਲ ਕਮੇਟੀ ਵਲੋਂ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ 17 ਸਤੰਬਰ ਦੀ ਮੀਟਿੰਗ ਰੱਖੀ ਗਈ ਸੀ, ਜਦਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੁਕਮ ਅਦੂਲੀ ਕਰਦਿਆਂ 13 ਸਤੰਬਰ ਨੂੰ ਹੀ ਟੈਂਡਰਾਂ ਦੀ ਮੰਗ ਕਰ ਲਈ ਗਈ। ਕਾਂਗਰਸੀ ਵਿਧਾਇਕ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਇਹ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਨੋਇਡਾ ਦੀ ਜਿਹੜੀ ਸ਼ੋਅ ਕ੍ਰਾਫਟ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ 9.26 ਕਰੋੜ ਦਾ ਟੈਂਡਰ ਦਿਤਾ ਗਿਆ, ਉਸ ਦਾ ਕੈਪੀਟਲ ਸ਼ੇਅਰ ਕੇਵਲ 5 ਲੱਖ ਰੁਪਏ ਹੈ ਅਤੇ ਉਸ ਕੋਲ ਕੇਵਲ 20 ਮੁਲਾਜ਼ਮ ਹੀ ਕੰਮ ਕਰ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਵੱਡੇ ਪੱਧਰ ’ਤੇ ਹੋਣ ਵਾਲੇ ਸਮਾਗਮਾਂ ਨੂੰ ਇਹ ਕੰਪਨੀ ਕਿਸ ਤਰ੍ਹਾਂ ਨੇਪਰੇ ਚਾੜ੍ਹ ਸਕੇਗੀ, ਜਦਕਿ ਉਸ ਕੋਲ ਮਨੁੱਖੀ ਸਰੋਤ ਹੀ ਨਹੀਂ। ਉਨ੍ਹਾਂ ਕਿਹਾ ਕਿ ਇਕ ਡਰੋਨ ਸ਼ੋਅ ਉੱਪਰ ਹੀ 1 ਕਰੋੜ 75 ਲੱਖ ਦਾ ਟੈਂਡਰ ਜਾਰੀ ਕੀਤਾ ਗਿਆ, ਜੋ ਕਿ ਸੰਗਤ ਦੇ ਪੈਸੇ ਦੀ ਸਰਾਸਰ ਲੁੱਟ ਹੈ।
ਉਨ੍ਹਾਂ ਇਕ ਹੋਰ ਪ੍ਰਗਟਾਵਾ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਮਾਗਮਾਂ ਤੋਂ ਪਹਿਲਾਂ ਹੀ ਉਪਰੋਕਤ ਕੰਪਨੀ ਨੂੰ 50 ਫ਼ੀ ਸਦੀ ਰਕਮ, ਜੋ ਕਿ 4 ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ, ਅਡਵਾਂਸ ਵਿਚ ਹੀ ਦੇ ਦਿਤੀ ਗਈ ਹੈ। ਉਨ੍ਹਾਂ ਅੱਗੇ ਦਸਿਆ ਕਿ ਸਮਾਗਮਾਂ ਤੋਂ ਪਹਿਲਾਂ ਹੀ ਕੰਪਨੀ ਨੂੰ 90 ਫ਼ੀ ਸਦੀ ਅਦਾਇਗੀ ਕਰਨ ਦੀ ਸ਼ਰਤ ਨਾਲ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਪਣੇ ਸਿਆਸੀ ਆਕਾਵਾਂ ਦੇ ਕਹਿਣ ’ਤੇ ਅਨੇਕਾਂ ਅਜਿਹੀਆਂ ਫ਼ਰਮਾਂ ਦੇ ਟੈਂਡਰ ਰੱਦ ਕਰ ਦਿਤੇ ਗਏ, ਜੋ ਕਿ ਇਹ ਸਮਾਗਮ 2 ਕਰੋੜ ਰੁਪਏ ਵਿਚ ਹੀ ਕਰਨ ਨੂੰ ਤਿਆਰ ਸਨ। ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਸਾਂਝੇ ਸਮਾਗਮਾਂ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਤਿੱਖਾ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਨਾ ਦੇ 300 ਸਾਲਾ ਦਿਵਸ ਮੌਕੇ 1999 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਗਾਈ ਗਈ ਸਟੇਜ ਤੋਂ ਮੁੱਖ ਸਮਾਗਮ ਹੋਏ ਸਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਵਲ ਧਾਰਮਿਕ ਸਟੇਜ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਮਰਹੂਮ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ ਸੀ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਵੀ ਪੁੱਜੇ ਸਨ। ਉਨ੍ਹਾਂ ਅਕਾਲੀ ਆਗੂਆਂ ਨੂੰ ਚੇਤੇ ਕਰਾਇਆ ਕਿ ਸਾਲ 2015 ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ 300 ਸਾਲਾ ਮੌਕੇ ਵੀ ਪੰਜਾਬ ਸਰਕਾਰ ਦੀ ਸਟੇਜ ਉੱਪਰ ਹੀ ਮੁੱਖ ਸਮਾਗਮ ਹੋਏ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਅੰਮ੍ਰਿਤਸਰ ਦੀ ਇਕ ਫਰਮ ਨੂੰ 1 ਕਰੋੜ 86 ਲੱਖ ਰੁਪੈ ਦੀ ਅਦਾਇਗੀ ਵੀ ਕੀਤੀ ਗਈ ਸੀ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਸੰਗਤ ਦੇ ਪੈਸੇ ਦੀ ਲੁੱਟ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਟੈਂਡਰ ’ਤੇ ਤੁਰੰਤ ਰੋਕ ਲਾਉਣ ਦੇ ਹੁਕਮ ਦੇਣ ਅਤੇ ਇਸ ਪੈਸੇ ਦੀ ਵਰਤੋਂ ਸੁਲਤਾਨਪੁਰ ਲੋਧੀ ਵਿਖੇ ਸੰਗਤ ਦੀ ਸੇਵਾ ਲਈ ਨਾਮੀ ਹਸਪਤਾਲ ਖੋਲਣ ’ਤੇ ਕੀਤੀ ਜਾਵੇ।

You must be logged in to post a comment Login