72 ਸਾਲ ਦੀ ਅਰਦਾਸ ਹੋਈ ਪੂਰੀ, ਲਾਂਘੇ ਰਾਹੀਂ ਪਹਿਲਾ ਜੱਥਾ ਪੁੱਜਿਆ ਪਾਕਿਸਤਾਨ

72 ਸਾਲ ਦੀ ਅਰਦਾਸ ਹੋਈ ਪੂਰੀ, ਲਾਂਘੇ ਰਾਹੀਂ ਪਹਿਲਾ ਜੱਥਾ ਪੁੱਜਿਆ ਪਾਕਿਸਤਾਨ

ਕਰਤਾਰਪੁਰ ਸਾਹਿਬ : ਸਿੱਖ ਸੰਗਤਾਂ ਵੱਲੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਉਡੀਕ ਅੱਜ ਪੂਰੀ ਹੋ ਗਈ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਲਈ ਅੱਜ ਭਾਰਤ -ਪਾਕਿਸਤਾਨ ਵੱਲੋਂ ਖੋਲ੍ਹਿਆ ਗਿਆ ਹੈ। ਅੱਜ ਜਦੋਂ ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਤਾਂ 72 ਸਾਲਾਂ ਤੋਂ ਕੀਤੀ ਜਾ ਰਹੀ ਸਿੱਖਾਂ ਦੀ ਅਰਦਾਸ ਪੂਰੀ ਹੋ ਗਈ। ਇਸ ਦੌਰਾਨ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ।ਜਿਸ ਤੋਂ ਬਾਅਦ ਸ਼ਰਧਾਲੂਆਂ ਦਾ ਪਹਿਲਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਪਾਕਿਸਤਾਨ ਪਹੁੰਚਣ ‘ਤੇ ਪਾਕਿ ਪੀਐਮ ਇਮਰਾਨ ਖ਼ਾਨ ਵੱਲੋਂ ਜਥੇ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਜਥੇ ਵਿਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ , ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ,ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਲਜ਼ਾਰ ਸਿੰਘ ਰਣੀਕੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਗਤਾਂ ਸਮੇਤ ਸ਼ਾਮਿਲ ਹਨ।ਭਾਰਤ -ਪਾਕਿਸਤਾਨ ਸਰਹੱਦ ਪਾਰ ਕਰ ਕੇ ਸਿਰਫ਼ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਸਥਿਤ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਦਰਮਿਆਨ ਇਹ ਇਤਿਹਾਸਕ ਪਲ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋਇਆ ਹੈ। ਇਸ ਮੌਕੇ ‘ਤੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਸ ਦੇਈਏ ਕਿ ਕਰਤਾਰਪੁਰ ਸਾਹਿਬ ਨੂੰ ਅਸਲ ਰੂਪ ਦੇ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ‘ਤੇ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦਾ ਅੰਤਿਮ ਸਮਾਂ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕਰਦਿਆਂ ਅਤੇ ਸੰਗਤਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦਿਆਂ ਬਿਤਾਇਆ ਅਤੇ ਇਸੇ ਸਥਾਨ ‘ਤੇ ਹੀ ਉਹ ਸੰਮਤ 1596 ਈ: ਵਿਚ ਜੋਤੀ ਜੋਤ ਸਮਾ ਗਏ ਸਨ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਕਾਫ਼ੀ ਲੰਬੇ ਸਮੇਂ ਤੋਂ ਅਰਦਾਸ ਕਰ ਰਹੀਆਂ ਸਨ, ਜੋ ਕਿ ਅੱਜ ਪੂਰੀ ਹੋ ਗਈ ਹੈ।

You must be logged in to post a comment Login