76 ਸਾਲਾਂ ਬਜ਼ੁਰਗ ਬਣਿਆ ਨੌਜਵਾਨਾਂ ਲਈ ਪ੍ਰੇਰਨਾ ਸਰੋਤ, 64 ਦੌੜਾਂ ‘ਚੋਂ ਜਿੱਤੇ 57 ਗੋਲਡ ਮੈਡਲ

76 ਸਾਲਾਂ ਬਜ਼ੁਰਗ ਬਣਿਆ ਨੌਜਵਾਨਾਂ ਲਈ ਪ੍ਰੇਰਨਾ ਸਰੋਤ, 64 ਦੌੜਾਂ ‘ਚੋਂ ਜਿੱਤੇ 57 ਗੋਲਡ ਮੈਡਲ

ਚੰਡੀਗੜ੍ਹ : ਜੇਕਰ ਦਿਲ ਵਿਚ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ ਹੁੰਦਾ, ਇਸ ਦੇ ਲਈ ਉਮਰ ਚਾਹੇ ਜਿੰਨੀ ਮਰਜ਼ੀ ਹੋਵੇ। ਅਜਿਹੇ ਹੀ ਇਕ ਵਿਅਕਤੀ ਅਮਰ ਸਿੰਘ ਚੌਹਾਨ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਜਿੰਨ੍ਹਾਂ ਨੇ 70 ਸਾਲ ਦੀ ਉਮਰ ਤੋਂ ਬਾਅਦ ਨਾ ਸਿਰਫ਼ 64 ਮੈਰਥਨ ਦੌੜਾਂ ਵਿਚ ਹਿੱਸਾ ਲਿਆ ਸਗੋਂ 57 ਗੋਲਡ ਮੈਡਲ ਵੀ ਜਿੱਤੇ।
ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਅਪਣੇ ਇਸ ਸਫ਼ਰ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਸਿਵਲ ਸੈਕਟਰੀਏਟ ਦੀ ਨੌਕਰੀ ਤੋਂ ਰਿਟਾਇਰ ਹਨ। ਨੌਕਰੀ ਕਰਦੇ ਸਮੇਂ ਇੰਨਾ ਸਮਾਂ ਨਹੀਂ ਹੁੰਦਾ ਸੀ ਕਿ ਮੈਂ ਅਪਣੀ ਸਿਹਤ ਵੱਲ ਪੂਰਾ ਧਿਆਨ ਦੇ ਸਕਦਾ। 2001 ਵਿਚ ਰਿਟਾਇਰ ਹੋਣ ਤੋਂ ਬਾਅਦ ਉਮਰ ਦੇ ਨਾਲ-ਨਾਲ ਮੈਨੂੰ ਕੁਝ ਆਮ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿਤਾ ਜਿਵੇਂ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ। ਉਨ੍ਹਾਂ ਦੱਸਿਆ ਕਿ 2001 ਵਿਚ ਰਿਟਾਇਰਮੈਂਟ ਤੋਂ ਬਾਅਦ ਮੇਰੇ ਕੋਲ ਸਮਾਂ ਵੀ ਸੀ ਅਤੇ ਦਿਲ ਵਿਚ ਕੁਝ ਕਰਨ ਦਾ ਜਜ਼ਬਾ ਵੀ ਸੀ। ਬੱਚੇ ਵੀ ਵਿਦੇਸ਼ ਵਿਚ ਸੈਟਲ ਹੋ ਚੁੱਕੇ ਸੀ ਅਤੇ ਮੈਂ ਇੱਥੇ ਇਕੱਲਾ ਰਹਿੰਦਾ ਸੀ। ਮੈਂ ਬਿਮਾਰ ਨਹੀਂ ਹੋਣਾ ਚਾਹੁੰਦਾ ਸੀ ਇਸ ਲਈ ਮੈਂ ਰੋਜ਼ਾਨਾ ਸ਼ਾਮ ਦੇ ਸਮੇਂ ਸੈਰ-ਸਪਾਟਾ ਸ਼ੁਰੂ ਕੀਤਾ। ਇਸ ਤਰ੍ਹਾਂ ਹੀ 10 ਸਾਲ ਮੇਰਾ ਸਫ਼ਰ ਚੱਲਦਾ ਰਿਹਾ। 2010 ਵਿਚ ਜਦੋਂ ਮੈਂ ਅਪਣੇ ਬੇਟੇ ਕੋਲ ਵਿਦੇਸ਼ ਗਿਆ ਤਾਂ ਉੱਥੇ ਘਰ ਦੇ ਪਿਛੇ ਇਕ ਬਹੁਤ ਵਧੀਆ ਸਟੇਡੀਅਮ ਸੀ।
ਉੱਥੇ ਦਾ ਮਾਹੌਲ ਵੇਖ ਕੇ ਮੈਂ ਦੌੜਨਾ ਸ਼ੁਰੂ ਕੀਤਾ ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਦੌੜ ਵੀ ਸਕਦਾ ਹਾਂ। ਇਸ ਤੋਂ ਬਾਅਦ 2012 ਵਿਚ ਪਹਿਲੀ ਮੈਰਥਨ ਖੇਡ ਵਿਚ ਹਿੱਸਾ ਲੈਂਦੇ ਹੋਏ 21 ਕਿਲੋਮੀਟਰ 1 ਘੰਟਾ 57 ਮਿੰਟ ਵਿਚ ਤੈਅ ਕਰਕੇ ਬਹੁਤ ਵਧੀਆ ਪੁਜ਼ੀਸ਼ਨ ਹਾਸਲ ਕੀਤੀ। ਇਸ ਦੌੜ ਨੇ ਮੈਨੂੰ ਇਕ ਤਰ੍ਹਾਂ ਨਾਲ ਰਨਰ ਬਣਾ ਦਿਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਫਿਰ ਮੈਂ 4 ਵਾਰ ਅਮਰੀਕਾ, 22 ਵਾਰ ਕੈਨੇਡਾ ਅਤੇ 38 ਵਾਰ ਭਾਰਤ ਵਿਚ ਦੌੜਾਂ ਵਿਚ ਹਿੱਸਾ ਲੈ ਚੁੱਕਾ ਹਾਂ।

You must be logged in to post a comment Login