ਅਮਰੀਕਾ ’ਚ ਸੜਕ ਹਾਦਸਾ; ਚਾਰ ਭਾਰਤੀ ਜਿਊਂਦੇ ਸੜੇ

ਅਮਰੀਕਾ ’ਚ ਸੜਕ ਹਾਦਸਾ; ਚਾਰ ਭਾਰਤੀ ਜਿਊਂਦੇ ਸੜੇ

ਹਿਊਸਟਨ, 4 ਸਤੰਬਰ- ਅਮਰੀਕਾ ਦੇ ਟੈਕਸਾਸ ’ਚ ਲੰਘੇ ਹਫ਼ਤੇ ਸੜਕ ਹਾਦਸੇ ’ਚ ਚਾਰ ਭਾਰਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਹੈਦਰਾਬਾਦ ਦੇ ਕੁਕਟਪੱਲੀ ਉਪ ਨਗਰ ਦੇ ਆਰੀਅਨ ਰਘੁਨਾਥ ਓਰਮਪੱਟੀ ਅਤੇ ਉਸ ਦੇ ਦੋਸਤ ਫਾਰੂਕ ਸ਼ੇਖ, ਇੱਕ ਹੋਰ ਤੇਲਗੂ ਵਿਦਿਆਰਥੀ ਲੋਕੇਸ਼ ਪਲਾਚਰਲਾ ਤੇ ਤਾਮਿਲਨਾਡੂ ਦੀ ਦਰਸ਼ਿਨੀ ਵਾਸੁਦੇਵ ਵਜੋਂ ਹੋਈ ਹੈ। ਕੌਲਿਨ ਕਾਊਂਟੀ ਦੇ ਸ਼ੈਰਿਫ ਦਫ਼ਤਰ ਅਨੁਸਾਰ ਇਹ ਹਾਦਸਾ ਡਲਾਸ ਨੇੜੇ ਅੰਨਾ ’ਚ ਵ੍ਹਾਈਟ ਸਟ੍ਰੀਟ ’ਤੇ ਉੱਤਰ ਵਾਲੇ ਪਾਸੇ ਯੂਐੱਸ-75 ਤੋਂ ਥੋੜੀ ਦੂਰ ਵਾਪਰਿਆ ਤੇ ਇਸ ਹਾਦਸੇ ਦੀ ਲਪੇਟ ’ਚ ਪੰਜ ਵਾਹਨ ਆ ਗਏ। ਹਿਊਸਟਨ ’ਚ ਭਾਰਤ ਦੇ ਕੌਂਸੁਲ ਜਨਰਲ ਡੀਸੀ ਮੰਜੂਨਾਥ ਨੇ ਇਸ ਹਾਦਸੇ ’ਚ ਚਾਰ ਭਾਰਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਕੌਂਸੁਲੇਟ ਜਨਰਲ ਇਸ ਦੁੱਖ ਦੀ ਘੜੀ ’ਚ ਪੀੜਤ ਪਰਿਵਾਰਾਂ ਤੇ ਭਾਈਚਾਰੇ ਨਾਲ ਜੁੜੀਆਂ ਜਥੇਬੰਦੀਆਂ ਦੇ ਲਗਾਤਾਰ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਪੂਰੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਮੁੱਢਲੀਆਂ ਮੀਡੀਆ ਰਿਪੋਰਟਾਂ ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਲੰਘੇ ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਰਾਜਮਾਰਗ ’ਤੇ ਵਾਹਨਾਂ ਦੀ ਕਤਾਰ ਲੱਗੀ ਹੋਈ ਸੀ, ਜਿਨ੍ਹਾਂ ’ਚ ਐੱਸਯੂਵੀ ਵੀ ਸ਼ਾਮਲ ਸੀ। ਪ੍ਰਤੱਖ ਦਰਸ਼ੀਆਂ ਅਨੁਸਾਰ ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਐੱਸਯੂਵੀ ਦੇ ਪਿਛਲੇ ਹਿੱਸੇ ’ਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐੱਸਯੂਵੀ ਨੂੰ ਅੱਗ ਲੱਗ ਗਈ ਤੇ ਉਸ ਵਿਚ ਸਵਾਰ ਚਾਰ ਜਣੇ ਜਿਊਂਦੇ ਸੜ ਗਏ।

You must be logged in to post a comment Login