ਅਮਰੀਕਾ: ਪੰਜ ਵਾਹਨਾਂ ਦੀ ਟੱਕਰ ’ਚ ਚਾਰ ਭਾਰਤੀ ਨੌਜਵਾਨ ਹਲਾਕ

ਅਮਰੀਕਾ: ਪੰਜ ਵਾਹਨਾਂ ਦੀ ਟੱਕਰ ’ਚ ਚਾਰ ਭਾਰਤੀ ਨੌਜਵਾਨ ਹਲਾਕ

ਚੰਡੀਗੜ੍ਹ, 4 ਸਤੰਬਰ- ਅਮਰੀਕਾ ਵਿਚ ਪੰਜ ਵਾਹਨਾਂ ਦੀ ਹੋਈ ਭਿਆਨਕ ਟੱਕਰ ਵਿਚ ਚਾਰ ਭਾਰਤੀ ਨੌਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਦਸਾ ਟੈਕਸਸ ਸੂਬੇ ਦੇ ਸ਼ਹਿਰ ਆਨਾ ਦੇ ਇਕ ਹਾਈਵੇਅ ਉਤੇ ਉਦੋਂ ਹੋਇਆ ਜਦੋਂ ਇਕ ਟਰੱਕ ਨੇ ਭਾਰਤੀ ਨੌਜਵਾਨਾਂ ਦੀ ਕਾਰ ਨੂੰ ਪਿੱਛਿਉਂ ਟੱਕਰ ਮਾਰ ਦਿੱਤੀ। ਟਰੱਕ ਹੁੰਦਿਆਂ ਹੀ ਕਾਰ ਨੂੰ ਅੱਗ ਲੱਗ ਗਈ। ਮ੍ਰਿਤਕਾਂ ਦੀ ਪਛਾਣ ਆਰੀਅਨ ਰਘੂਨਾਥ ਓਰਮਪੱਟੀ, ਫ਼ਾਰੂਕ ਸ਼ੇਖ, ਲੋਕੇਸ਼ ਪਲਾਚਰਲਾ ਅਤੇ ਦਰਸ਼ਿਨੀ ਵਾਸੂਦੇਵਨ ਵਜੋਂ ਹੋਈ ਹੈ, ਜਿਹੜੇ ਦੱਖਣੀ ਭਾਰਤ ਨਾਲ ਸਬੰਧਤ ਦੱਸੇ ਜਾਂਦੇ ਹਨ। ਟੈਕਸਸ ਤੋਂ ਮਿਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਚਾਰੇ ਜਣੇ ਇਕ ਕਾਰ ਪੂਲਿੰਗ ਐਪ ਜ਼ਰੀਏ ਇਸ ਕਾਰ ਵਿਚ ਸਵਾਰ ਹੋਏ ਸਨ ਅਤੇ ਬੈਂਟੋਨਵਿਲੇ ਨੂੰ ਜਾ ਰਹੇ ਸਨ। ਆਰੀਅਨ ਅਤੇ ਫ਼ਾਰੂਕ ਵੈਂਟੋਨਵਿਲੇ ਦੇ ਵਸਨੀਕ ਸਨ ਤੇ ਡਲਾਸ ਵਿਚ ਇਕ ਸਮਾਗਮ ਤੋਂ ਪਰਤ ਰਹੇ ਸਨ। ਲੋਕੇਸ਼ ਆਪਣੀ ਪਤਨੀ ਕੋਲ ਵੈਂਟੋਨਵਿਲੇ ਜਾ ਰਿਹਾ ਸੀ ਜਦੋਂਕਿ ਦਰਸ਼ਿਨੀ ਵੀ ਆਪਣੇ ਅੰਕਲ ਨੂੰ ਮਿਲਣ ਉਥੇ ਜਾ ਰਹੀ ਸੀ।

You must be logged in to post a comment Login