ਕੋਲਕਾਤਾ, 22 ਮਾਰਚ- ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਸ਼ਨਿਚਰਵਾਰ ਨੂੰ ਇੱਥੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਵਿਚਾਲੇ ਮੈਚ ਨਾਲ ਹੋਵੇਗੀ, ਜਿਸ ਵਿੱਚ ਸਾਰਿਆਂ ਦੀਆਂ ਨਜ਼ਰਾਂ ਨਵੇਂ ਨਿਯਮਾਂ ਅਤੇ ਨਵੇਂ ਕਪਤਾਨਾਂ ’ਤੇ ਹੋਣਗੀਆਂ। ਹਾਲਾਂਕਿ ਮੀਂਹ ਇਸ ਮੈਚ ਦਾ ਮਜ਼ਾ ਖਰਾਬ ਕਰ ਸਕਦਾ ਹੈ। ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਤੂਫਾਨ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਟੂਰਨਾਮੈਂਟ ਦੇ ਉਦਘਾਟਨੀ ਸਮਾਗਮ ਵਿੱਚ ਸ਼੍ਰੇਆ ਘੋਸ਼ਾਲ, ਕਰਨ ਔਜਲਾ ਅਤੇ ਦਿਸ਼ਾ ਪਟਾਨੀ ਪੇਸ਼ਕਾਰੀ ਦੇਣਗੇ। ਨਵੇਂ ਨਿਯਮਾਂ ’ਚੋਂ ਸਭ ਤੋਂ ਅਹਿਮ ਗੇਂਦ ’ਤੇ ਥੁੱਕ ਲਾਉਣ ਦੀ ਮੁੜ ਦਿੱਤੀ ਗਈ ਇਜਾਜ਼ਤ ਹੈ। ਇਸੇ ਤਰ੍ਹਾਂ ਐਤਕੀਂ ਤ੍ਰੇਲ ਨਾਲ ਨਜਿੱਠਣ ਲਈ ਵੀ ਨਿਯਮ ਲਿਆਂਦਾ ਗਿਆ ਹੈ, ਜਿਸ ਤਹਿਤ ਅੰਪਾਇਰ ਦੂਜੀ ਪਾਰੀ ਦੇ 11ਵੇਂ ਓਵਰ ਤੋਂ ਨਵੀਂ ਗੇਂਦ ਵਰਤਣ ਦੀ ਇਜਾਜ਼ਤ ਦੇ ਸਕਦੇ ਹਨ। ਇਹ ਨਿਯਮ ਦਿਨ ਵੇਲੇ ਹੋਣ ਵਾਲੇ ਮੈਚਾਂ ’ਤੇ ਲਾਗੂ ਨਹੀਂ ਹੋਵੇਗਾ। ‘ਇੰਪੈਕਟ ਪਲੇਅਰ’ ਦਾ ਨਿਯਮ ਪਹਿਵਾਂ ਵਾਂਗ ਹੀ ਬਰਕਰਾਰ ਰਹੇਗਾ। ਆਈਪੀਐੱਲ ਦੇ ਇਸ ਸੀਜ਼ਨ ਵਿੱਚ ਘੱਟੋ-ਘੱਟ ਸੱਤ ਟੀਮਾਂ ਨਵੇਂ ਕਪਤਾਨਾਂ ਨਾਲ ਮੈਦਾਨ ਵਿੱਚ ਉਤਰਨਗੀਆਂ। ਇਨ੍ਹਾਂ ’ਚੋਂ ਕੁਝ ਖਿਡਾਰੀ ਕਈ ਕਾਰਨਾਂ ਕਰਕੇ ਕੁਝ ਮੈਚਾਂ ਵਿੱਚ ਹੀ ਆਪਣੀ ਟੀਮ ਦੀ ਅਗਵਾਈ ਕਰਨਗੇ। ਇਨ੍ਹਾਂ ’ਚੋਂ ਸਭ ਤੋਂ ਹੈਰਾਨੀਜਨਕ ਫ਼ੈਸਲਾ ਆਰਸੀਬੀ ਨੇ ਰਜਤ ਪਾਟੀਦਾਰ ਨੂੰ ਕਪਤਾਨ ਨਿਯੁਕਤ ਕਰਕੇ ਲਿਆ ਹੈ। ਉਸ ਦੀ ਟੀਮ ਵਿੱਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਸ਼ਾਮਲ ਹੈ ਅਤੇ ਦੇਖਣਾ ਦਿਲਚਸਪ ਹੋਵੇਗਾ ਕਿ ਪਾਟੀਦਾਰ ਟੀਮ ਦੀ ਕਪਤਾਨੀ ਕਿਵੇਂ ਕਰਦਾ ਹੈ। ਅਕਸ਼ਰ ਪਟੇਲ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰੇਗਾ, ਜਦਕਿ ਪਿਛਲੇ ਸੀਜ਼ਨ ਵਿੱਚ ਕੇਕੇਆਰ ਨੂੰ ਚੈਂਪੀਅਨ ਬਣਾਉਣ ਵਾਲਾ ਕਪਤਾਨ ਸ਼੍ਰੇਅਸ ਅਈਅਰ ਐਤਕੀਂ ਪੰਜਾਬ ਕਿੰਗਜ਼ ਦੀ ਅਗਵਾਈ ਕਰੇਗਾ। ਕੋਲਕਾਤਾ ਟੀਮ ਦੀ ਕਪਤਾਨੀ ਅਜਿੰਕਿਆ ਰਹਾਣੇ ਨੂੰ ਸੌਂਪੀ ਗਈ ਹੈ। ਸੰਜੂ ਸੈਮਸਨ ਦੀ ਉਂਗਲ ’ਤੇ ਸੱਟ ਲੱਗਣ ਕਾਰਨ ਰਿਆਨ ਪਰਾਗ ਸ਼ੁਰੂਆਤੀ ਮੈਚਾਂ ਵਿੱਚ ਰਾਜਸਥਾਨ ਰੌਇਲਜ਼ ਦੀ ਕਪਤਾਨੀ ਕਰੇਗਾ। ਹਾਰਦਿਕ ਪੰਡਿਆ ’ਤੇ ਪਿਛਲੇ ਸੀਜ਼ਨ ਵਿੱਚ ਧੀਮੀ ਓਵਰ ਗਤੀ ਲਈ ਇੱਕ ਮੈਚ ਲਈ ਪਾਬੰਦੀ ਲਾਈ ਗਈ ਹੈ, ਜਿਸ ਕਰਕੇ ਸੂਰਿਆਕੁਮਾਰ ਯਾਦਵ ਉਸ ਦੀ ਜਗ੍ਹਾ ਟੀਮ ਦੀ ਅਗਵਾਈ ਕਰੇਗਾ। ਇਸੇ ਤਰ੍ਹਾਂ ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਦੀ ਅਗਵਾਈ ਕਰੇਗਾ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login