ਆਮਦਨ ਕਰ ਰਿਫੰਡ ਪ੍ਰਾਪਤ ਕਰਨ ਲਈ ਜਾਅਲੀ ਦਾਅਵੇ ਕਰਨ ’ਤੇ ਹੋਵੇਗੀ ਸਜ਼ਾ

ਆਮਦਨ ਕਰ ਰਿਫੰਡ ਪ੍ਰਾਪਤ ਕਰਨ ਲਈ ਜਾਅਲੀ ਦਾਅਵੇ ਕਰਨ ’ਤੇ ਹੋਵੇਗੀ ਸਜ਼ਾ

ਨਵੀਂ ਦਿੱਲੀ, 28 ਜੁਲਾਈ- ਆਈਟੀ ਵਿਭਾਗ ਨੇ ਆਮਦਨ ਕਰ ਰਿਟਰਨ ਭਰਨ ਵਾਲਿਆਂ ਨੂੰ ਆਪਣੇ ਜਾਅਲੀ ਖਰਚੇ ਤੇ ਆਪਣੀ ਕਮਾਈ ਘੱਟ ਦੱਸਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਵਿਭਾਗ ਨੇ ਕਿਹਾ ਹੈ ਕਿ ਅਜਿਹਾ ਕਰਨ ’ਤੇ ਸਜ਼ਾ ਹੋਵੇਗੀ ਤੇ ਰਿਫੰਡ ਜਾਰੀ ਕਰਨ ਵਿੱਚ ਦੇਰੀ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਲ 2024-25 ਲਈ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਹੈ ਤੇ ਇਸ ਤੋਂ ਬਾਅਦ ਖਾਤਿਆਂ ਦਾ ਆਡਿਟ ਨਹੀਂ ਕੀਤਾ ਜਾਵੇਗਾ। ਇਨਕਮ ਟੈਕਸ ਵਿਭਾਗ ਅਤੇ ਇਸ ਦੀ ਪ੍ਰਸ਼ਾਸਕੀ ਸੰਸਥਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀਬੀਡੀਟੀ) ਅਨੁਸਾਰ 26 ਜੁਲਾਈ ਤੱਕ ਪੰਜ ਕਰੋੜ ਤੋਂ ਵੱਧ ਆਈਟੀਆਰ ਭਰੀਆਂ ਜਾ ਚੁੱਕੀਆਂ ਹਨ। ਆਮਦਨ ਕਰ ਵਿਭਾਗ ਨੇ ਹਾਲ ਹੀ ਵਿੱਚ ਜਨਤਕ ਸੂਚਨਾ ਰਾਹੀਂ ਕਿਹਾ ਸੀ ਕਿ ਟੈਕਸਦਾਤਾਵਾਂ ਨੂੰ ਆਪਣੀ ਰਿਟਰਨ ਸਹੀ ਢੰਗ ਨਾਲ ਭਰਨੀ ਚਾਹੀਦੀ ਹੈ ਤਾਂ ਹੀ ਉਨ੍ਹਾਂ ਨੂੰ ਸਮੇਂ ਸਿਰ ਰਿਫੰਡ ਮਿਲੇਗਾ। ਉਨ੍ਹਾਂ ਕਿਹਾ ਕਿ ਵਿਭਾਗ ਰਿਫੰਡ ਦੇ ਦਾਅਵੇ ਤਸਦੀਕ ਕਰਨ ਲਈ ਜਾਂਚ ਕਰ ਰਿਹਾ ਹੈ ਜਿਸ ਨਾਲ ਰਿਫੰਡ ਮਿਲਣ ਵਿਚ ਦੇਰੀ ਹੋ ਸਕਦੀ ਹੈ। ਉਨ੍ਹਾਂ ਟੈਕਸਦਾਤਾਵਾਂ ਨੂੰ ਸੁਚੇਤ ਕੀਤਾ ਕਿ ਉਹ ਸਰੋਤ ਰਕਮਾਂ ’ਤੇ ਗਲਤ ਟੈਕਸ ਕਟੌਤੀ ਦਾ ਦਾਅਵਾ ਨਾ ਕਰਨ ਤੇ ਆਪਣੀ ਆਮਦਨ ਨੂੰ ਘੱਟ ਨਾ ਦੱਸਣ। ਆਮਦਨ ਕਰ ਵਿਭਾਗ ਨੇ ਕਿਹਾ, ‘ਝੂਠਾ ਜਾਂ ਜਾਅਲੀ ਦਾਅਵਾ ਦਾਇਰ ਕਰਨਾ ਸਜ਼ਾਯੋਗ ਅਪਰਾਧ ਹੈ।’

You must be logged in to post a comment Login