ਆਸਟਰੇਲੀਆ ਸਰਕਾਰ ਵੱਲੋਂ ਟੈਨਿਸ ਸਟਾਰ ਜੋਕੋਵਿਚ ਦਾ ਵੀਜ਼ਾ ਰੱਦ, ਕੀਤੇ ਜਾਣਗੇ ਡਿਪੋਰਟ

ਆਸਟਰੇਲੀਆ ਸਰਕਾਰ ਵੱਲੋਂ ਟੈਨਿਸ ਸਟਾਰ ਜੋਕੋਵਿਚ ਦਾ ਵੀਜ਼ਾ ਰੱਦ, ਕੀਤੇ ਜਾਣਗੇ ਡਿਪੋਰਟ

ਮੈਲਬੋਰਨ, 14 ਜਨਵਰੀ- ਆਸਟਰੇਲੀਆਈ ਸਰਕਾਰ ਵੱਲੋਂ ਦੂਜੀ ਵਾਰ ਵੀਜ਼ਾ ਰੱਦ ਕਰਨ ਤੋਂ ਬਾਅਦ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਮੁੜ ਦੇਸ਼ ’ਚੋਂ ਬਾਹਰ ਜਾਣਾ ਪੈ ਸਕਦਾ ਹੈ। ਇਸ ਕਾਰਨ ਉਸ ਦੇ ਆਸਟਰੇਲਿਆਈ ਓਪਨ ਖੇਡਣ ਦੀ ਸੰਭਾਵਨਾ ਨਹੀਂ ਹੈ ਪਰ ਜੋਕੋਵਿਚ ਦੇ ਵਕੀਲਾਂ ਨੂੰ ਆਸ ਹੈ ਕਿ ਅਦਾਲਤ ਸਰਕਾਰ ਦੇ ਫ਼ੈਸਲੇ ਨੂੰ ਉਲਟਾ ਦੇਵੇਗੀ। ਆਸਟ੍ਰੇਲੀਅਨ ਓਪਨ ਤਿੰਨ ਦਿਨ ਬਾਅਦ ਸ਼ੁਰੂ ਹੋਣ ਵਾਲਾ ਹੈ। ਜੋਕੋਵਿਚ ਦੇ ਵਕੀਲ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ ਵਿਚ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰ ਸਕਦੇ ਹਨ। ਹਾਕ ਨੇ ਕਿਹਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਕਾਰਨਾਂ ਕਰਕੇ ਲਿਆ ਹੈ। ਉਨ੍ਹਾਂ ਨੇ ਇਕ ਬਿਆਨ ‘ਚ ਕਿਹਾ ਕਿ ਮੌਰੀਸਨ ਸਰਕਾਰ ਕੋਰੋਨਾ ਮਹਾਮਾਰੀ ਦੇ ਇਸ ਦੌਰ ‘ਚ ਆਸਟ੍ਰੇਲੀਆ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਕੀਤਾ ਗਿਆ ਹੈ। ਉਸਦਾ ਵੀਜ਼ਾ ਪਿਛਲੇ ਹਫਤੇ ਮੈਲਬੌਰਨ ਪਹੁੰਚਣ ‘ਤੇ ਆਸਟ੍ਰੇਲੀਆ ਬਾਰਡਰ ਫੋਰਸ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਸਟ੍ਰੇਲੀਆ ਦੇ ਸਖ਼ਤ ਕੋਰੋਨਾ ਵਾਇਰਸ ਟੀਕਾਕਰਨ ਨਿਯਮਾਂ ਤੋਂ ਡਾਕਟਰੀ ਛੋਟ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ। ਉਸ ਨੇ ਸੈਗਰਗੇਸ਼ਨ ਹੋਟਲ ਵਿੱਚ ਚਾਰ ਰਾਤਾਂ ਬਿਤਾਈਆਂ, ਜਿਸ ਤੋਂ ਬਾਅਦ ਸੋਮਵਾਰ ਨੂੰ ਜੱਜ ਨੇ ਉਸ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਮੈਲਬੌਰਨ ਦੇ ਇਮੀਗ੍ਰੇਸ਼ਨ ਵਕੀਲ ਕਿਆਨ ਬੋਨ ਨੇ ਕਿਹਾ ਕਿ ਜੋਕੋਵਿਚ ਦੇ ਵਕੀਲਾਂ ਲਈ ਅਦਾਲਤ ਵਿੱਚ ਫ਼ੈਸਲੇ ਨੂੰ ਉਲਟਾਉਣਾ ਮੁਸ਼ਕਲ ਹੋਵੇਗਾ। ਜੋਕੋਵਿਚ ਲਈ ਹੁਣ ਆਸਟ੍ਰੇਲੀਅਨ ਓਪਨ ‘ਚ ਖੇਡਣ ਦੀ ਇਜਾਜ਼ਤ ਮਿਲਣਾ ਬਹੁਤ ਮੁਸ਼ਕਲ ਹੋਵੇਗਾ। ਹੁਣ ਉਹਨਾਂ ਕੋਲ ਸਮਾਂ ਵੀ ਨਹੀਂ ਹੈ।

You must be logged in to post a comment Login