ਐਸ ਵਾਈ ਐਲ-2 ਦਾ ਰਾਹ ਫੜਨ ‘ਚ ਕੀ ਹਰਜ ਹੈ!

ਐਸ ਵਾਈ ਐਲ-2 ਦਾ ਰਾਹ ਫੜਨ ‘ਚ ਕੀ ਹਰਜ ਹੈ!
  • -ਜਤਿੰਦਰ ਪਨੂੰ

ਸ਼ਬਦਾਂ ਦੀ ਚੋਣ ਕਰਦਿਆਂ ਅੱਜ-ਕੱਲ੍ਹ ਕਿਸੇ ਬੰਦੇ ਨੂੰ ਇਸ ਲਈ ‘ਸਿਆਣਾ’ ਕਹਿਣ ਤੋਂ ਝਿਜਕ ਹੁੰਦੀ ਹੈ ਕਿ ਪੰਜਾਬ ਦੇ ਦੋਆਬਾ ਖੇਤਰ ਵਿਚ ‘ਸਿਆਣਾ’ ਕਹਿਣ ਦਾ ਅਰਥ ਅਗਲੇ ਨੂੰ ‘ਬੁੱਢਾ’ ਕਹਿਣਾ ਸਮਝਿਆ ਜਾਂਦਾ ਹੈ। ਕੁਝ ਹੋਰ ਖੇਤਰਾਂ ਵਿਚ ਕਿਸੇ ਨੂੰ ‘ਸਿਆਣਾ’ ਕਹਿਣ ਦਾ ਭਾਵ ਹੈ ਕਿ ਉਹ ‘ਓਪਰੀ ਸ਼ੈਅ’ ਸਮਝੇ ਜਾਂਦੇ ਵਹਿਮਾਂ ਵਿਚ ਫਸੇ ਹੋਏ ਲੋਕਾਂ ਦਾ ‘ਇਲਾਜ’ ਕਰਨ ਵਾਲਾ ਹੋ ਸਕਦਾ ਹੈ। ਇਸ ਲਈ ਅਸੀਂ ਇਹ ਸ਼ਬਦ ਵਰਤਣ ਦੀ ਬਜਾਏ ਇਸ ਮੌਕੇ ਆਪਣੀ ਗੱਲ ਕਹਿਣ ਲਈ ‘ਅਕਲਮੰਦ’ ਸ਼ਬਦ ਵਰਤਣ ਦੀ ਲੋੜ ਸਮਝੀ ਹੈ, ਪਰ ਇਸ ਦਾ ਇਹ ਅਰਥ ਨਹੀਂ ਕਿ ਜਿਨ੍ਹਾਂ ਨੂੰ ਅਸੀਂ ‘ਅਕਲਮੰਦ’ ਕਹਿ ਦਿੱਤਾ, ਉਹ ਲੋਕ ‘ਅਕਲਮੰਦ’ ਵੀ ਹੋਣਗੇ!
ਕਾਰਨ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਕੁਝ ਇਸ ਤਰ੍ਹਾਂ ਦੇ ਲੋਕਾਂ ਨਾਲ ਪੰਜਾਬ ਤੇ ਹਰਿਆਣੇ ਦੀ ਪਾਣੀਆਂ ਦੀ ਲੜਾਈ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਵਿਚੋਂ ਥੋੜ੍ਹੇ ਹਨ, ਜਿਨ੍ਹਾਂ ਨੇ ਸੋਚਣ ਦੀ ਲੋੜ ਸਮਝੀ ਹੈ, ਬਹੁਤੇ ਸੁਣ ਕੇ ਹੱਸ ਛੱਡਦੇ ਹਨ। ਉਹ ਦੋਵਾਂ ਰਾਜਾਂ ਵਿਚ ਸਾਰੇ ਝੇੜੇ ਦੀ ਜੜ੍ਹ ‘ਐਸ਼ਵਾਈæਐਲ਼ ਨਹਿਰ’ ਨੂੰ ਮੰਨ ਕੇ ਚੱਲਦੇ ਹਨ ਤੇ ਇਸ ਨੂੰ ਬਣਾਉਣ ਜਾਂ ਰੋਕਣ ਦੇ ਪੱਖ ਵਿਚ ਡਟੇ ਖੜੇ ਹਨ। ਅਸੀਂ ਉਨ੍ਹਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਐਸ਼ਵਾਈæਐਲ਼’ ਵਾਲਾ ਰੱਟਾ ਮੁਕਾਉਣ ਦੇ ਲਈ ‘ਐਸ਼ਵਾਈæਐਲ਼-2’ ਦਾ ਫਾਰਮੂਲਾ ਵਰਤਿਆ ਜਾ ਸਕਦਾ ਹੈ। ਝਗੜੇ ਵਾਲੇ ‘ਐਸ਼ਵਾਈæਐਲ਼’ ਦਾ ਭਾਵ ‘ਸਤਲੁਜ ਯਮਨਾ ਲਿੰਕ ਨਹਿਰ’ ਹੈ ਅਤੇ ਇਸ ਮਾਮਲੇ ਨੂੰ ਮੁਕਾਉਣ ਲਈ ‘ਐਸ਼ਵਾਈæਐਲ਼-2’ ਦਾ ਅਰਥ ‘ਸ਼ਾਰਦਾ ਯਮਨਾ ਲਿੰਕ’ ਨਹਿਰ ਹੈ, ਜਿਹੜੀ ਬਣ ਜਾਵੇ ਤਾਂ ਸਤਲੁਜ ਯਮਨਾ ਲਿੰਕ ਨਹਿਰ ਦੀ ਸ਼ਾਇਦ ਲੋੜ ਹੀ ਨਹੀਂ ਰਹਿਣੀ। ਉਹ ਸੁਣਨਾ ਵੀ ਨਹੀਂ ਚਾਹੁੰਦੇ।
ਉਤਰਾ ਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਤੋਂ ਭਾਰਤ ਵਿਚ ਦਾਖਲ ਹੋਈ ਕਾਲੀ ਨਦੀ ਜਦੋਂ ਪੰਚੇਸ਼ਵਰ ਅਤੇ ਕਾਲੀ ਕੁਮਾਊਂ ਲੰਘ ਕੇ ਉਤਰ ਪ੍ਰਦੇਸ਼ ਵਿਚ ਦਾਖਲ ਹੁੰਦੀ ਹੈ ਤਾਂ ਇਸ ਦਾ ਨਾਂ ਬਦਲ ਜਾਂਦਾ ਤੇ ਇਹ ‘ਸ਼ਾਰਦਾ ਨਦੀ’ ਦੇ ਨਾਂ ਨਾਲ ਜਾਣੀ ਜਾਣ ਲੱਗਦੀ ਹੈ। ਇਸ ਨਦੀ ਨੂੰ ਯਮਨਾ ਨਦੀ ਦੇ ਨਾਲ ਜੋੜਨ ਦਾ ਇੱਕ ਬੜਾ ਅਹਿਮ ਪ੍ਰਾਜੈਕਟ ਸਾਰੀਆਂ ਵਿਚਾਰਾਂ ਦੀਆਂ ਪੌੜੀਆਂ ਚੜ੍ਹ ਕੇ ਕਈ ਸਾਲਾਂ ਤੋਂ ਅਟਕਿਆ ਪਿਆ ਹੈ।
ਰਾਜਨੀਤੀ ਨਾਲ ਜੋੜ ਕੇ ਹਰ ਸਮੱਸਿਆ ਨੂੰ ਸਮਝਣ ਦੇ ਯਤਨ ਕਰਨ ਵਾਲੇ ਅਸੀਂ ਲੋਕ ਇਸ ਦੇਸ਼ ਦੇ ਪਾਣੀ ਦੇ ਸਾਰੇ ਸੋਮਿਆਂ ਨੂੰ ਜੋੜਨ ਦਾ ਇਤਿਹਾਸ ਸਿਰਫ ਉਦੋਂ ਤੋਂ ਮੰਨ ਲੈਂਦੇ ਹਾਂ, ਜਦੋਂ ਪ੍ਰਧਾਨ ਮੰਤਰੀ ਵਾਜਪਾਈ ਨੇ ਭਾਰਤ ਦੇ ਸਭ ਦਰਿਆਵਾਂ ਨੂੰ ਆਪੋ ਵਿਚ ਜੋੜਨ ਦੀ ਸੋਚ ਦਾ ਪ੍ਰਚਾਰ ਕੀਤਾ ਸੀ। ਅਸਲ ਵਿਚ ਇਹ ਡੇਢ ਸਦੀ ਪਹਿਲਾਂ ਇੱਕ ਅੰਗਰੇਜ਼ ਇੰਜੀਨੀਅਰ ਆਰਥਰ ਕਾਟਨ ਤੋਂ ਸ਼ੁਰੂ ਹੁੰਦਾ ਹੈ, ਜਿਸ ਨੇ ਇਹ ਸੋਚ ਪੇਸ਼ ਕੀਤੀ ਸੀ ਕਿ ਭਾਰਤ ਦੇਸ਼ ਦੀ ਦਰਿਆਈ ਦੌਲਤ ਨੂੰ ਆਪਸ ਵਿਚ ਜੋੜ ਕੇ ਵਰਤਿਆ ਜਾਵੇ ਤਾਂ ਇਸ ਦੇ ਬਹੁਤ ਲਾਭ ਹੋਣਗੇ। ਐਮਰਜੈਂਸੀ ਦੀ ਸੱਟ ਖਾਣ ਪਿੱਛੋਂ ਮੁੜ ਕੇ ਹਾਕਮ ਬਣੀ ਇੰਦਰਾ ਗਾਂਧੀ ਨੇ ਵੀ ਦਰਿਆਵਾਂ ਨੂੰ ਆਪਸ ਵਿਚ ਜੋੜਨ ਦੀ ਸੋਚ ਲਈ ਸਰਵੇਖਣ ਅਰੰਭਿਆ ਸੀ ਜੋ ਬਾਅਦ ਵਿਚ ਠੱਪ ਹੋ ਗਿਆ। ਕਾਰਗਿਲ ਦੀ ਜੰਗ ਭੁਗਤਣ ਪਿੱਛੋਂ ਜਦੋਂ ਵਾਜਪਾਈ ਨੇ ਅਗਲੀ ਵਾਰੀ ਰਾਜ ਸਾਂਭਿਆ ਤਾਂ ਇਸ ਸੋਚ ਨੂੰ ਅੱਗੇ ਵਧਾਇਆ। ਉਦੋਂ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਇਕੱਠੇ ਪਾਸ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਕੁਝ ਉਤੇ ਕੰਮ ਕੀਤਾ ਗਿਆ ਤੇ ਕੁਝ ਰੋਕ ਦਿੱਤੇ ਗਏ। ਪੰਜਾਬ ਤੇ ਹਰਿਆਣਾ ਦੇ ਨਾਲ ਦਿੱਲੀ ਸ਼ਹਿਰ ਦੇ ਭਲੇ ਵਾਲਾ ‘ਸ਼ਾਰਦਾ ਯਮਨਾ ਪ੍ਰਾਜੈਕਟ’ ਵੀ ਰੁਕ ਗਿਆ ਸੀ ਤੇ ਫਿਰ ਕਦੇ ਇਸ ਬਾਰੇ ਗੱਲ ਹੀ ਨਹੀਂ ਚਲਾਈ ਗਈ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣ ਕੇ ਪਹਿਲੇ ਮਹੀਨੇ ਕਹਿ ਦਿੱਤਾ ਕਿ ਦਰਿਆਈ ਪਾਣੀਆਂ ਨੂੰ ਇੱਕ ਦੂਸਰੇ ਨਾਲ ਜੋੜਨ ਦੇ ਤੀਹ ਤੋਂ ਵੱਧ ਪ੍ਰਾਜੈਕਟ ਸਿਰੇ ਚਾੜ੍ਹਨ ਵਾਲੇ ਹਨ ਅਤੇ ਇਹ ਸ਼ਾਰਦਾ ਯਮਨਾ ਪ੍ਰਾਜੈਕਟ ਉਨ੍ਹਾਂ ਵਿਚ ਸ਼ਾਮਲ ਸੀ। ਸਿਰਫ ਛੇ ਮਹੀਨੇ ਬਾਅਦ ਟ੍ਰਿਬਿਊਨ ਅਖਬਾਰ ਨਾਲ ਗੱਲਬਾਤ ਵਿਚ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਇਸ ਪ੍ਰਾਜੈਕਟ ਦੀ ਗੱਲ ਛੋਹੀ, ਪਰ ਛੋਹ ਕੇ ਛੱਡ ਦਿੱਤੀ, ਅੱਗੇ ਨਹੀਂ ਸੀ ਵਧਾਈ।
ਵਾਜਪਾਈ ਸਰਕਾਰ ਵੇਲੇ ਜਦੋਂ ਸਾਰੇ ਦਰਿਆਵਾਂ ਨੂੰ ਜੋੜਨ ਦੀ ਗੱਲ ਚੱਲੀ, ਅਸੀਂ ਪੰਜਾਬ ਵਿਚ ਉਸ ਦੇ ਇੱਕ ਜਲਸੇ ਨੂੰ ਗੰਭੀਰ ਵਿਚਾਰ ਦਾ ਮੁੱਦਾ ਬਣਾਇਆ ਸੀ। ਉਸੇ ਮੰਚ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਇਹ ਕਿਹਾ ਕਿ ਪੰਜਾਬ ਦੇ ਪਾਣੀਆਂ ਵਿਚੋਂ ਕਿਸੇ ਹੋਰ ਲਈ ਇੱਕ ਬੂੰਦ ਨਹੀਂ ਦਿੱਤੀ ਜਾ ਸਕਦੀ ਤੇ ਉਸੇ ਮੰਚ ਤੋਂ ਇਹ ਗੱਲ ਪ੍ਰਧਾਨ ਮੰਤਰੀ ਵਾਜਪਾਈ ਨੇ ਬਾਦਲ ਦੇ ਬਾਅਦ ਆਖੀ ਕਿ ਅਸੀਂ ਸਾਰੇ ਦਰਿਆ ਸੁਰੰਗਾਂ ਨਾਲ ਜੋੜ ਦੇਣੇ ਹਨ। ਬਾਦਲ ਸਾਹਿਬ ਟੋਕ ਨਹੀਂ ਸੀ ਸਕੇ। ਉਦੋਂ ਅਸੀਂ ਇਹ ਕਿਹਾ ਸੀ ਕਿ ਸਾਰੇ ਦਰਿਆਵਾਂ ਨੂੰ ਜੋੜਨ ਦੀ ਨੀਤੀ ਪੰਜਾਬ ਨੂੰ ਘਾਟੇਵੰਦੀ ਹੋ ਸਕਦੀ ਹੈ, ਇਸ ਵਿਚ ਭਾਈਵਾਲੀ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਪੰਜਾਬ ਦਾ ਪਾਣੀ ਨੀਵੇਂ ਰਾਜਾਂ ਵੱਲ ਜਾ ਸਕਦਾ ਹੈ, ਨੀਵੇਂ ਰਾਜਾਂ ਦਾ ਪਾਣੀ ਏਧਰ ਨਹੀਂ ਆ ਸਕਣਾ, ਪਰ ਨਾਲ ਇਹ ਗੱਲ ਵੀ ਅਸਾਂ ਕਹੀ ਸੀ ਕਿ ਬਾਕੀ ਦੇਸ਼ ਵਿਚ ਕਈ ਥਾਂ ਇਹ ਲਾਹੇਵੰਦਾ ਰਹਿ ਸਕਦਾ ਹੈ। ਸਾਡੀ ਰਾਏ ਵਿਚ ਜਦੋਂ ਇਸੇ ਸੋਚ ਹੇਠ ਸ਼ਾਰਦਾ ਯਮਨਾ ਲਿੰਕ ਸਿਰੇ ਚਾੜ੍ਹਿਆ ਜਾਂਦਾ ਤਾਂ ਇਸ ਦਾ ਪਾਣੀ ਪੰਜਾਬ ਨੂੰ ਨਹੀਂ ਸੀ ਮਿਲਣਾ, ਪਰ ਦਿੱਲੀ ਅਤੇ ਉਸ ਤੋਂ ਹੇਠਾਂ ਦੇ ਇਲਾਕਿਆਂ ਨੂੰ ਇਸ ਦਾ ਪਾਣੀ ਏਨਾ ਮਿਲ ਜਾਣਾ ਸੀ ਕਿ ਉਸ ਦੇ ਬਦਲੇ ਵਿਚ ਵਾਧੂ ਪਾਣੀ ਵਿਚੋਂ ਹਰਿਆਣੇ ਨੂੰ ਹੋਰ ਸੋਮਿਆਂ ਦਾ ਪਾਣੀ ਦੇ ਕੇ ਘਰ ਪੂਰਾ ਕਰਨ ਦਾ ਪ੍ਰਬੰਧ ਹੋ ਜਾਣਾ ਸੀ। ਫਿਰ ਪੰਜਾਬ ਨਾਲ ਸਤਲੁਜ ਯਮਨਾ ਲਿੰਕ ਨਹਿਰ ਦਾ ਰੇੜਕਾ ਜਾਰੀ ਰਹਿਣ ਦਾ ਕੋਈ ਕਾਰਨ ਹੀ ਨਹੀਂ ਸੀ ਬਚਣਾ।
ਜਿਹੜਾ ਪ੍ਰਾਜੈਕਟ ਅਟਲ ਬਿਹਾਰੀ ਵਾਜਪਾਈ ਦੀ ਤੀਸਰੀ ਸਰਕਾਰ ਦੇ ਪਹਿਲੇ ਸਾਲ ਵਿਚ ਬਹੁਤ ਗੰਭੀਰਤਾ ਨਾਲ ਵਿਚਾਰਨ ਦੇ ਬਾਅਦ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਸੀ, ਉਸ ਨਾਲ ਸ਼ਾਰਦਾ ਨਦੀ ਨੂੰ ਜਦੋਂ ਦਿੱਲੀ ਤੋਂ ਉਤਰੀ ਪਾਸੇ ਵੱਲ ਯਮਨਾ ਨਦੀ ਨਾਲ ਜੋੜਿਆ ਜਾਂਦਾ ਤਾਂ ਕਈ ਹੋਰ ਨਦੀਆਂ ਇਸ ਵਿਚ ਪੈਣ ਨਾਲ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਸਨ। ਹਾਲੇ ਬਹੁਤੇ ਸਾਲ ਨਹੀਂ ਗੁਜ਼ਰੇ, ਜਦੋਂ ਉਤਰਾ ਖੰਡ ਦੇ ਲੋਕਾਂ ਨੇ ਕੇਦਾਰ ਨਾਥ ਵਿਚ ਹੜ੍ਹਾਂ ਨਾਲ ਹੋਈ ਤਬਾਹੀ ਦੇਖੀ ਤੇ ਸਾਡੇ ਪੰਜਾਬ ਵਿਚੋਂ ਹੇਮਕੁੰਟ ਸਾਹਿਬ ਗਏ ਲੋਕ ਉਥੇ ਫਸ ਗਏ ਸਨ। ਜਿਹੜੀਆਂ ਨਦੀਆਂ ਨੇ ਉਥੇ ਤਬਾਹੀ ਮਚਾਈ ਤੇ ਉਨ੍ਹਾਂ ਨੂੰ ਅੱਗੇ ਲਾਂਘਾ ਨਹੀਂ ਮਿਲ ਰਿਹਾ, ਉਨ੍ਹਾਂ ਦੇ ਵਹਿਣ ਲਈ ਸ਼ਾਰਦਾ ਯਮਨਾ ਲਿੰਕ ਦੇ ਨਾਲ ਇੱਕ ਬਾਕਾਇਦਾ ਦਰਿਆਈ ਹਾਈਵੇ ਬਣਦਾ ਜਾਣਾ ਸੀ ਤੇ ਉਸ ਦਾ ਸਾਰਾ ਪਾਣੀ ਅੱਗੋਂ ਦਿੱਲੀ ਤੋਂ ਚੜ੍ਹਦੇ ਪਾਸੇ ਯਮਨਾ ਵਿਚ ਪੈ ਕੇ ਫਿਰ ਚੰਬਲ ਤੱਕ ਜਾਣਾ ਸੀ। ਏਦਾਂ ਦਾ ਲਿੰਕ ਸਿਰੇ ਚੜ੍ਹ ਗਿਆ ਹੁੰਦਾ ਤਾਂ ਠੀਕ ਸੀ, ਪਰ ਸਿਆਸਤ ਦੀ ਕੰਧ ਨੇ ਰੋਕ ਲਿਆ। ਕਾਂਗਰਸ ਦੇ ਮਨਮੋਹਨ ਸਿੰਘ ਦੀ ਸਰਕਾਰ ਆਈ ਤਾਂ ਪ੍ਰਧਾਨ ਮੰਤਰੀ ਸਿਰਫ ਫਾਈਲਾਂ ਵੇਖਣ ਜੋਗਾ ਸੀ। ਅਸਲੀ ਰਾਜ ਉਨ੍ਹਾਂ ਲੋਕਾਂ ਹੱਥ ਸੀ, ਜਿਨ੍ਹਾਂ ਨੂੰ ਇਹੋ ਨਸ਼ਾ ਸੀ ਕਿ ਅਸੀਂ ਸਰਕਾਰ ਚਲਾ ਰਹੇ ਹਾਂ। ਇਹ ਪਤਾ ਕਦੇ ਨਹੀਂ ਸੀ ਲੱਗਾ ਕਿ ਖੁਦ ਉਨ੍ਹਾਂ ਨੂੰ ਕੋਈ ਹੋਰ ਲੋਕ ਚਲਾ ਰਹੇ ਹਨ, ਕਿਉਂਕਿ ਉਹ ਰਾਜਨੀਤੀ ਦੇ ਅਨਾੜੀ ਆਗੂ ਸਨ। ਇਸ ਕਰ ਕੇ ਦਰਿਆਈ ਪਾਣੀਆਂ ਵਾਲੇ ਮੁੱਦਿਆਂ ਸਮੇਤ ਕਈ ਅਹਿਮ ਮੁੱਦੇ ਪਿੱਛੇ ਸੁੱਟ ਦਿੱਤੇ ਗਏ ਤੇ ਰਾਹੁਲ ਗਾਂਧੀ ਅੱਜ ਪ੍ਰਧਾਨ ਮੰਤਰੀ ਬਣੇ ਕਿ ਚਾਰ ਦਿਨ ਠਹਿਰ ਜਾਵੇ, ਇਸੇ ਖੇਡ ਵਿਚ ਦਸ ਸਾਲ ਗਰਕ ਕਰ ਦਿੱਤੇ ਗਏ ਸਨ।
ਹੁਣ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦਾ ਝਗੜਾ ਇੱਕ ਖਾਸ ਮੋੜ ਉਤੇ ਆ ਚੁਕਾ ਹੈ, ਜਿੱਥੇ ਭਾਰਤ ਦੀ ਸੁਪਰੀਮ ਕੋਰਟ ਨੇ ਬਹੁਤਾ ਲਮਕਾਉਣ ਨਹੀਂ ਦੇਣਾ। ਪਿਛਲੀ ਸੁਣਵਾਈ ਮੌਕੇ ਪ੍ਰਧਾਨ ਮੰਤਰੀ ਦੇ ਕਹਿਣ ‘ਤੇ ਕੇਂਦਰ ਦੇ ਵਕੀਲ ਨੇ ਇਹ ਕਹਿ ਕੇ ਸਮਾਂ ਲਿਆ ਸੀ ਕਿ ਦੋਵਾਂ ਰਾਜਾਂ ਦੀ ਸਹਿਮਤੀ ਦਾ ਰਾਹ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਹਫਤੇ ਯਤਨਾਂ ਦੀ ਇੱਕ ਲੜੀ ਲੰਘ ਗਈ ਹੈ। ਦੋਵੇਂ ਰਾਜ ਇਸ ਮੁੱਦੇ ਦੇ ਸਿਆਸੀ ਚਿੱਕੜ ਵਿਚ ਉਥੇ ਦੀ ਉਥੇ ਲੱਤ ਗੱਡੀ ਖੜੇ ਰਹੇ। ਦੋਵਾਂ ਧਿਰਾਂ ਵਿਚੋਂ ਕੋਈ ਪਿੱਛੇ ਨਹੀਂ ਹਟ ਸਕਦਾ। ਜਿਹੜਾ ਪਿੱਛੇ ਹਟ ਜਾਣ ਲਈ ਮਨ ਬਣਾਵੇਗਾ, ਉਸ ਦੀ ਸਿਆਸੀ ਜੜ੍ਹ ਟੁੱਕੀ ਜਾਵੇਗੀ। ਇਸ ਦਾ ਇੱਕੋ ਹੱਲ ਨਿਕਲ ਸਕਦਾ ਹੈ ਕਿ ਦੋਵਾਂ ਧਿਰਾਂ ਦੇ ਪੈਂਤੜਿਆਂ ਤੋਂ ਬਾਈਪਾਸ ਰਸਤਾ ਅਖਤਿਆਰ ਕਰਨ ਲਈ ਐਸ਼ਵਾਈæਐਲ਼ ਦੀ ਬਜਾਏ ਹੁਣ ਐਸ਼ਵਾਈæਐਲ਼-2 ਦੇ ਨਾਂ ਹੇਠ ਫਿਰ ਉਸੇ ਸ਼ਾਰਦਾ ਯਮਨਾ ਲਿੰਕ ਉਤੇ ਕਾਰਵਾਈ ਲਈ ਮੰਗ ਕੀਤੀ ਜਾਵੇ, ਜਿਸ ਦੀ ਕਲਮ ਵਾਜਪਾਈ ਨੇ ਲਾਈ ਤੇ ਪ੍ਰਧਾਨ ਮੰਤਰੀ ਬਣ ਕੇ ਮੋਦੀ ਨੇ ਜਿਸ ਦਾ ਐਲਾਨ ਕੀਤਾ। ਇਸ ਦਰਿਆਈ ਲਿੰਕ ਦੇ ਅਮਲ ਨਾਲ ਓਨਾ ਖਰਚ ਨਹੀਂ ਹੋਣਾ, ਜਿੰਨਾ ਇਸ ਦਾ ਲਾਭ ਹੋਣਾ ਹੈ ਤੇ ਇੱਕੋ ਵਕਤ ਕਈ ਰਾਜਾਂ ਦੇ ਲੋਕਾਂ ਨੂੰ ਇਸ ਦਾ ਲਾਭ ਹੋ ਸਕਦਾ ਹੈ। ਕਿਤੇ ਪਾਣੀ ਮਿਲ ਜਾਵੇਗਾ ਤੇ ਕਿਧਰੇ ਹੜ੍ਹਾਂ ਦਾ ਖਤਰਾ ਟਲ ਜਾਵੇਗਾ। ਇਸ ਮਕਸਦ ਲਈ ਪੰਜਾਬ ਤੇ ਹਰਿਆਣੇ ਦੇ ਅਕਲਮੰਦਾਂ ਨੂੰ ਮਾਨਸਿਕ ਰੂਪ ਵਿਚ ਤਿਆਰ ਹੋਣਾ ਪਵੇਗਾ। ਦੋਵਾਂ ਰਾਜਾਂ ਵਿਚ ਰਾਜ ਕਰਦੀਆਂ ਧਿਰਾਂ ਨੂੰ ਇਸ ਖਾਤਰ ਇੱਛਾ ਸ਼ਕਤੀ ਵਿਖਾਉਣੀ ਪਵੇਗੀ ਤੇ ਦੋਵਾਂ ਰਾਜਾਂ ਦੀ ਵਿਰੋਧੀ ਧਿਰ ਨੂੰ ਕੌਮੀ ਹਿੱਤ ਧਿਆਨ ਵਿਚ ਰੱਖਦਿਆਂ ਇਸ ਕੰਮ ਲਈ ਸਹਿਮਤੀ ਦੇਣ ਦੀ ਲੋੜ ਪਵੇਗੀ। ਜ਼ਰੂਰੀ ਨਹੀਂ ਕਿ ਇਹੋ ਜਿਹੀ ਸੋਚ ਪੇਸ਼ ਕਰ ਕੇ ਅਸੀਂ ਸਿਰੇ ਦੀ ਗੱਲ ਕਹਿੰਦੇ ਹੋਈਏ, ਸਾਥੋਂ ਬਹੁਤ ਵੱਧ ਸੋਚ ਵਾਲੇ ਲੋਕ ਮੌਜੂਦ ਹਨ, ਜੋ ਗੱਲ ਨੂੰ ਅੱਗੇ ਵਧਾ ਸਕਦੇ ਹਨ, ਪਰ ਸੋਚਿਆ ਤਾਂ ਜਾਵੇ। ਪਤਾ ਨਹੀਂ ਇਸ ਤਰ੍ਹਾਂ ਕਦੇ ਹੋ ਸਕੇਗਾ ਕਿ ਨਹੀਂ!

You must be logged in to post a comment Login