ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕਰਦਿਆਂ…

ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕਰਦਿਆਂ…

ਜਨਮ ਦਿਨ ‘ਤੇ ਵਿਸ਼ੇਸ਼
ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ, 1904 ਨੂੰ ਰਾਮਨਗਰ (ਵਾਰਾਨਸੀ) ਵਿਚ ਮਾਤਾ ਰਾਮਦੁਲਾਰੀ ਦੇਵੀ ਅਤੇ ਪਿਤਾ ਸ੍ਰੀ ਸ਼ਾਰਦਾ ਪ੍ਰਸਾਦ ਸ੍ਰੀਵਾਸਤਵ ਦੇ ਘਰ ਹੋਇਆ। ਅਜੇ ਉਹ ਇਕ ਸਾਲ ਦੇ ਹੀ ਹੋਏ ਸਨ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਕਰਕੇ ਉਨ੍ਹਾਂ ਦੀ ਮਾਤਾ ਉਸ ਦੀਆਂ ਦੋ ਭੈਣਾਂ ਸਮੇਤ ਆਪਣੇ ਪਿਤਾ ਕੋਲ ਆ ਗਈ ਤੇ ਇੱਥੇ ਹੀ ਵੱਸ ਗਈ। ਉਨ੍ਹਾਂ ਦਾ ਬਚਪਨ ਬੜੀ ਗੁਰਬਤ ‘ਚ ਬੀਤਿਆ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੇ ਉਨ੍ਹਾਂ ਨੂੰ ਬਹੁਤ ਸਾਹਸੀ ਬਣਾ ਦਿੱਤਾ ਸੀ।

ਲਾਲ ਬਹਾਦਰ ਸ਼ਾਸਤਰੀ ਨੇ ਮੁਢਲੀ ਵਿੱਦਿਆ ਵਾਰਾਨਸੀ ਅਤੇ ਮੁਗਲਸਰਾਏ ਤੋਂ ਹਾਸਲ ਕੀਤੀ। ਸੰਨ 1926 ਵਿਚ ਕਾਸ਼ੀ ਵਿੱਦਿਆਪੀਠ ਤੋਂ ਗ੍ਰੈਜੂਏਸ਼ਨ ਪਹਿਲੇ ਦਰਜੇ ‘ਚ ਪਾਸ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਸ਼ਾਸਤਰੀ ਦੀ ਉਪਾਧੀ ਨਾਲ ਨਿਵਾਜਿਆ ਗਿਆ। 16 ਮਈ, 1928 ਨੂੰ ਉਨ੍ਹਾਂ ਦਾ ਵਿਆਹ ਲਲਿਤਾ ਦੇਵੀ ਨਾਲ ਹੋਇਆ ਤੇ ਉਨ੍ਹਾਂ ਦੇ ਛੇ ਬੱਚੇ ਪੈਦਾ ਹੋਏ, ਉਨ੍ਹਾਂ ਵਿਚੋਂ ਕਈ ਰਾਜਨੀਤੀ ਵਿਚ ਵੀ ਵਿਚਰ ਰਹੇ ਹਨ। ਸ਼ਾਸਤਰੀ, ਮਹਾਤਮਾ ਗਾਂਧੀ ਅਤੇ ਬਾਲ ਗੰਗਾਧਰ ਤਿਲਕ ਤੋਂ ਬਹੁਤ ਪ੍ਰਭਾਵਿਤ ਸਨ। ਆਪਣੀ ਪੜ੍ਹਾਈ ਦੌਰਾਨ ਹੀ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ‘ਚ ਕੁੱਦ ਪਏ ਸਨ। ਸੰਨ 1920 ਵਿਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਉਨ੍ਹਾਂ ਨੇ ਨਾ-ਮਿਲਵਰਤਣ ਅੰਦੋਲਨ ‘ਚ ਹਿੱਸਾ ਲਿਆ ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। 1930 ਦੇ ਨਮਕ ਸੱਤਿਆਗ੍ਰਹਿ ‘ਚ ਸ਼ਮੂਲੀਅਤ ਹੋਣ ਕਾਰਨ ਢਾਈ ਸਾਲ ਕੈਦ ਕੱਟਣੀ ਪਈ। ਇਸੇ ਤਰ੍ਹਾਂ ਭਾਰਤ ਛੱਡੋ ਅੰਦੋਲਨ ਵਿਚ ਵੀ ਆਪ ਦੀ ਭੂਮਿਕਾ ਅਹਿਮ ਰਹੀ। ਆਪਣੇ ਪਰਿਵਾਰ ਨਾਲੋਂ ਉਹ ਹਮੇਸ਼ਾ ਦੇਸ਼ ਸੇਵਾ ਨੂੰ ਪਹਿਲ ਦਿੰਦੇ ਸਨ। ਇਸੇ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਨੌਂ ਸਾਲ ਜੇਲ੍ਹ ‘ਚ ਬਿਤਾਉਣੇ ਪਏ।
ਉਨ੍ਹਾਂ ਦਾ ਰਾਜਨੀਤਕ ਸਫ਼ਰ ਬਾਕਮਾਲ ਰਿਹਾ ਤੇ ਸਖ਼ਤ ਫ਼ੈਸਲੇ ਲੈਣ ਤੋਂ ਉਹ ਹਿਚਕਿਚਾਉਦੇ ਨਹੀਂ ਸਨ। ਆਜ਼ਾਦੀ ਤੋਂ ਬਾਅਦ ਉਹ ਆਪਣੇ ਸੂਬੇ ਉੱਤਰ ਪ੍ਰਦੇਸ਼ ‘ਚ ਪਾਰਲੀਮਾਨੀ ਸਕੱਤਰ ਬਣੇ। ਗੋਬਿੰਦ ਬੱਲਭ ਪੰਤ ਦੀ ਸਰਕਾਰ ‘ਚ ਉਹ ਮੰਤਰੀ ਬਣੇ ਅਤੇ ਰਫੀ ਅਹਿਮਦ ਕਿਦਵਈ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਕੈਬਨਿਟ ‘ਚ ਸ਼ਾਮਿਲ ਕਰ ਲਿਆ ਗਿਆ ਸੀ। ਟਰਾਂਸਪੋਰਟ ਮੰਤਰੀ ਹੁੰਦੇ ਹੋਏ ਉਨ੍ਹਾਂ ਪਹਿਲੀ ਵਾਰ ਮਹਿਲਾ ਕੰਡਕਟਰਾਂ ਨਿਯੁਕਤ ਕੀਤੀਆਂ। ਪੁਲਿਸ ਮੰਤਰੀ ਹੁੰਦੇ ਹੋਏ ਦੰਗਿਆਂ ਨੂੰ ਰੋਕਣ ਅਤੇ ਰਫਿਊਜੀਆਂ ਦੇ ਪੁਨਰ ਵਸੇਬੇ ‘ਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ। ਉਹ ਪੱਕੇ ਗਾਂਧੀਵਾਦੀ ਅਤੇ ਕਾਂਗਰਸੀ ਸਨ। ਸੰਨ 1951 ਵਿਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਬਣੇ ਅਤੇ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਦਾ ਜ਼ਿੰਮਾ ਉਨ੍ਹਾਂ ਦੇ ਸਿਰ ਸੀ। ਉਨ੍ਹਾਂ ਦੀ ਦੇਖ-ਰੇਖ ‘ਚ 1952, 57, 62 ਦੀਆਂ ਚੋਣਾਂ ਵਿਚ ਪਾਰਟੀ ਨੇ ਬੁਲੰਦੀਆਂ ਨੂੰ ਛੋਹਿਆ।
ਸੰਨ 1952 ਵਿਚ ਉਹ ਰਾਜ ਸਭਾ ਮੈਂਬਰ ਚੁਣੇ ਗਏ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਕੈਬਨਿਟ ‘ਚ ਰੇਲਵੇ ਅਤੇ ਟਰਾਂਸਪੋਰਟ ਮੰਤਰੀ ਬਣੇ। 1961 ‘ਚ ਉਹ ਦੇਸ਼ ਦੇ ਗ੍ਰਹਿ ਮੰਤਰੀ ਬਣੇ, ਭਾਰਤ-ਚੀਨ ਜੰਗ ਦੌਰਾਨ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। 27 ਮਈ, 1964 ਵਿਚ ਪੰਡਿਤ ਨਹਿਰੂ ਦੀ ਬੇਵਕਤੀ ਮੌਤ ਨੇ ਪਾਰਟੀ ਅਤੇ ਦੇਸ਼ ਨੂੰ ਡੂੰਘੀ ਸੋਚ ‘ਚ ਪਾ ਦਿੱਤਾ ਸੀ। ਆਖਿਰ ਕਾਂਗਰਸ ਪਾਰਟੀ ਪ੍ਰਧਾਨ ਕੇ. ਕਾਮਰਾਜ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਸ਼ਾਸਤਰੀ ਜੀ ਨੂੰ 9 ਜੂਨ 1964 ਨੂੰ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਇਸ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਉਨ੍ਹਾਂ ਸਾਹਮਣੇ ਬਹੁਤ ਚੁਣੌਤੀਆਂ ਸਨ। ਦੇਸ਼ ਅੰਨ ਦੀ ਥੁੜ ਦੇ ਮਾੜੇ ਦੌਰ ‘ਚੋਂ ਗੁਜ਼ਰ ਰਿਹਾ ਸੀ, ਚਾਰੇ ਪਾਸੇ ਉਦਾਸੀ ਛਾਈ ਹੋਈ ਸੀ। ਦੂਜੇ ਪਾਸੇ ਪਾਕਿਸਤਾਨ ਨੇ 1965 ‘ਚ ਭਾਰਤ ਖਿਲਾਫ਼ ਜੰਗ ਛੇੜ ਦਿੱਤੀ ਸੀ। ਇਸ ਨਾਜ਼ੁਕ ਦੌਰ ‘ਚ ਸ਼ਾਸਤਰੀ ਜੀ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਬਸ ਫਿਰ ਕੀ ਸੀ ਕਿਸਾਨ ਖੇਤਾਂ ‘ਚ ਜੁਟ ਗਏ ਅਤੇ ਫ਼ੌਜੀ ਜਵਾਨਾਂ ਨੇ ਮੋਰਚੇ ਸੰਭਾਲ ਲਏ। ਦੇਸ਼ ‘ਚ ਅੰਨ ਦੀ ਕਮੀ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਕੇ ਹਫ਼ਤੇ ‘ਚ ਇਕ ਦਿਨ ਦਾ ਖਾਣਾ ਰਾਸ਼ਟਰ ਹਿਤ ਵਿਚ ਦੇਣ ਲਈ ਪ੍ਰੇਰਿਆ ਸੀ। ਉਹ ਖ਼ੁਦ ਵੀ ਵਰਤ ਰੱਖਦੇ ਸਨ। ਆਪਣੇ ਘਰ ਫੁੱਲਾਂ ਦੀ ਜਗ੍ਹਾ ਉਨ੍ਹਾਂ ਨੇ ਕਣਕ ਬੀਜੀ ਸੀ। ਉਹ ਬੜੀ ਸਾਦੀ ਜ਼ਿੰਦਗੀ ਜਿਊਂਦੇ ਸਨ।
ਪਾਕਿਸਤਾਨ ਨਾਲ ਚੱਲ ਰਹੀ ਫ਼ੌਜੀ ਲੜਾਈ ਕਾਰਨ, ਯੁੱਧ ਬੰਦੀ ਲਈ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਸੋਵੀਅਤ ਯੂਨੀਅਨ ਵਲੋਂ ਤਾਸ਼ਕੰਦ ਬੁਲਾਇਆ ਗਿਆ। ਜਿੱਥੇ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖਾਨ ਨਾਲ ਕਰੜਾ ਫ਼ੈਸਲਾ ਲਿਆ ਤੇ ਗੋਲੀਬੰਦੀ ਦੇ ਸਮਝੌਤੇ ‘ਤੇ 10 ਜਨਵਰੀ, 1966 ਨੂੰ ਦਸਤਖ਼ਤ ਕੀਤੇ ਜੋ ਤਾਸ਼ਕੰਦ ਸਮਝੌਤੇ ਨਾਲ ਮਸ਼ਹੂਰ ਹੋਇਆ। ਇਸ ਦੀ ਸੰਸਾਰ ਭਰ ‘ਚ ਬਹੁਤ ਚਰਚਾ ਹੋਈ। ਇਸ ਸਮਝੌਤੇ ਦਾ ਸਾਰਾ ਮਜ਼ਾ ਉਦੋਂ ਕਿਰਕਿਰਾ ਹੋ ਗਿਆ ਜਦ 11 ਜਨਵਰੀ, 1966 ਦੀ ਸਵੇਰ 2:30 ਵਜੇ ਸ਼ਾਸਤਰੀ ਜੀ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਉਨ੍ਹਾਂ ਦੀ ਮੌਤ ਅੱਜ ਵੀ ਰਾਜ਼ ਹੀ ਬਣੀ ਹੋਈ ਹੈ।

You must be logged in to post a comment Login