ਕਰਤਾਰਪੁਰ ਸਾਹਿਬ ਜਾਣ ਲਈ ਕਿਵੇਂ ਕਰੀਏ ਅਪਲਾਈ

ਕਰਤਾਰਪੁਰ ਸਾਹਿਬ ਜਾਣ ਲਈ ਕਿਵੇਂ ਕਰੀਏ ਅਪਲਾਈ

ਜਲੰਧਰ(ਵੈੱਬ ਡੈਸਕ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ।ਕੋਰੋਨਾ ਲਾਗ ਦੀ ਬੀਮਾਰੀ ਕਾਰਨ ਇਹ ਲਾਂਘਾ ਮਾਰਚ 2020 ਤੋਂ ਬੰਦ ਸੀ ਅਤੇ ਸੰਗਤਾਂ ਵੱਲੋਂ ਵਾਰ-ਵਾਰ ਲਾਂਘਾ ਖੋਲ੍ਹਣ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ। ਹੁਣ ਜਦੋਂ ਕਿ ਲਾਂਘਾ ਖੁੱਲ੍ਹ ਚੁੱਕਾ ਹੈ ਤਾਂ ਸ਼ਰਧਾਲੂਆਂ ਦੇ ਮਨਾਂ ਵਿੱਚ ਸਵਾਲ ਹੋਣਗੇ ਕਿ ਕਰਤਾਰਪੁਰ ਸਾਹਿਬ ਜਾਣ ਲਈ ਉਨ੍ਹਾਂ ਨੂੰ ਕਿਹੜੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ।ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਿਵੇਂ ਅਪਲਾਈ ਕੀਤਾ ਜਾਵੇ, ਕਿਹੜੇ ਕਾਗਜ਼ ਲੱਗਣਗੇ ਅਤੇ ਹੋਰ ਕਿਹੜੀ ਪ੍ਰਕਿਰਿਆ ਅਪਣਾਈ ਜਾਵੇਗੀ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਪੜ੍ਹੋ ਇਹ ਖ਼ਾਸ ਰਿਪੋਰਟ-

ਕਿਵੇਂ ਹੋਵੇਗਾ ਰਜਿਸਟ੍ਰੇਸ਼ਨ : ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਆਨਲਾਈਨ ਜਾਂ ਸੁਵਿਧਾ ਕੇਂਦਰ ਵਿੱਚ ਰਜਿਸਟ੍ਰੇਸ਼ਨ ਹੋਵੇਗੀ। https://prakashpurb550.mha.gov.in/kpr/  ‘ਤੇ ਰਜਿਸਟ੍ਰੇਸ਼ਨ ਹੋਵੇਗੀ। ਫਿਲਹਾਲ ਰਜਿਸਟ੍ਰੇਸ਼ਨ ਲਈ ਇਹ ਵੈੱਬਸਾਈਟ ਬੰਦ ਹੈ ।ਉਮੀਦ ਹੈ ਕਿ ਜਲਦ ਹੀ ਇਹ ਵੈੱਬਸਾਈਟ ਖੋਲ੍ਹੀ ਜਾਵੇਗੀ। ਰਜਿਸਟ੍ਰੇਸ਼ਨ ਹੋਣ ‘ਤੇ ਯਾਤਰਾ ਤੋਂ 4 ਦਿਨ ਪਹਿਲਾਂ ਮੋਬਾਈਲ ਜਾਂ ਈਮੇਲ ਰਾਹੀਂ ਮੈਸਜ ਆਵੇਗਾ। ਯਾਤਰਾ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੈ ਪਰ ਆਨਲਾਈਨ ਰਜਿਸਟ੍ਰੇਸ਼ਨ ਜ਼ਰੂਰੀ ਹੈ। ਸਾਈਟ ਖੁੱਲ੍ਹਦਿਆਂ ਹੀ ਆਪਣਾ ਪਾਸਪੋਰਟ ਅਪਲੋਡ ਕਰੋ, ਯਾਤਰਾ ਕਰਨ ਦੀ ਸੰਭਾਵਿਤ ਤਾਰੀਖ਼ ਅਤੇ ਸਮਾਂ ਵੀ ਦਰਜ ਕਰੋ।

ਯਾਤਰਾ ਫ਼ੀਸ : ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਆਪਣੇ ਕੋਲ ਘੱਟੋ-ਘੱਟ 1500 ਰੁਪਏ ਜ਼ਰੂਰ ਲੈ ਕੇ ਜਾਣ ਕਿਉਂਕਿ ਲਾਂਘਾ ਬੰਦ ਹੋਣ ਤੋਂ ਪਹਿਲਾਂ ਪਾਕਿ ਹਰੇਕ ਸ਼ਰਧਾਲੂ ਕੋਲੋਂ 20 ਅਮਰੀਕੀ ਡਾਲਰ ਵਸੂਲ ਰਿਹਾ ਸੀ। ਇਸ ਵਾਰ ਪਾਕਿ ਵੱਲੋਂ ਅਧਿਕਾਰਕ ਤੌਰ ‘ਤੇ ਯਾਤਰਾ ਫ਼ੀਸ ਬਾਰੇ ਕੁਝ ਨਹੀਂ ਕਿਹਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫ਼ੀਸ ਪਹਿਲਾਂ ਵਾਂਗ ਹੀ 20 ਅਮਰੀਕੀ ਡਾਲਰ ਹੋਵੇਗੀ। ਜੇਕਰ ਤੁਹਾਡੇ ਕੋਲ ਅਮਰੀਕੀ ਡਾਲਰ ਹਨ ਤਾਂ ਤੁਸੀਂ ਅਦਾ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਭਾਰਤੀ ਕਰੰਸੀ ਹੈ ਤਾਂ 20 ਅਮਰੀਕੀ ਡਾਲਰ ਦੀ ਕੀਮਤ ਦੇ ਬਰਾਬਰ ਭਾਰਤੀ ਕਰੰਸੀ ਅਦਾ ਕਰਨੀ ਪਵੇਗੀ। ਇਹ ਫ਼ੀਸ ਲਾਂਘੇ ‘ਤੇ ਪਾਕਿ ਸਰਕਾਰ ਵੱਲੋਂ ਵਸੂਲ ਕੀਤੀ ਜਾਵੇਗੀ।ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ।

ਯਾਤਰਾ ‘ਤੇ ਜਾਣ ਲਈ ਕਿਹੜੇ-ਕਿਹੜੇ ਕਾਗਜ਼-ਪੱਤਰ ਹੋਣੇ ਚਾਹੀਦੇ ਹਨ : ਜੇਕਰ ਤੁਸੀਂ ਕਰਤਾਰਪੁਰ ਸਾਹਿਬ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਦੀ ਕਾਪੀ, 24 ਘੰਟੇ ਪਹਿਲਾਂ ਦੀ ਕੋਰੋਨਾ ਨੈਗਟਿਵ ਰਿਪੋਰਟ, ਪਾਸਪੋਰਟ ਦੀ ਸਕੈਨ ਕਾਪੀ, ਜਿਸ ਵਿੱਚ ਤੁਹਾਡੀ ਤਸਵੀਰ, ਪਤਾ ਤੇ ਪਾਸਪੋਰਟ ਦੇ ਆਖ਼ਰੀ ਪੇਜ਼ ਦੀ ਸਕੈਨ ਕਾਪੀ ਪਰਿਵਾਰਿਕ ਜਾਣਕਾਰੀ ਸਹਿਤ ਹੋਣੀ ਚਾਹੀਦੀ ਹੈ।ਆਧਾਰ ਕਾਰਡ ਵੀ ਨਾਲ ਲੈ ਕੇ ਜਾਓ।ਗੌਰਤਲਬ ਹੈ ਕਿ ਪਾਸਪੋਰਟ ‘ਤੇ ਨਾ ਤਾਂ ਕੋਈ ਮੋਹਰ ਲੱਗੇਗੀ ਅਤੇ ਨਾ ਹੀ ਕਿਸੇ ਅਧਿਕਾਰੀ ਦੇ ਹਸਤਾਖ਼ਰ ਹੋਣਗੇ।

ਕਿੰਨਾ ਸਮਾਂ ਪਾਕਿ ‘ਚ ਠਹਿਰ ਸਕਦੇ ਹੋ : ਲਾਂਘਾ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੈ। ਤੁਹਾਨੂੰ ਯਾਤਰਾ ਲਈ ਮਿਲੀ ਤੈਅ ਤਾਰੀਖ਼ ਵਾਲੇ ਦਿਨ ਹੀ ਜਾਣਾ ਪਵੇਗਾ ਤੇ ਉਸੇ ਦਿਨ ਸ਼ਾਮ 6 ਵਜੇ ਤੱਕ ਵਾਪਿਸ ਆਉਣਾ ਪਵੇਗਾ।ਯਾਤਰਾ ਤੇ ਜਾਣ ਵਾਲੇ ਦਿਨ ਤੈਅ ਸਮੇਂ ਤੋਂ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ।

You must be logged in to post a comment Login