ਕੈਨੇਡਾ ਚੋਣਾਂ ’ਚ ਵਿਦੇਸ਼ੀ ਦਖ਼ਲ ਦੇ ਸੰਕੇਤ, ਪਰ ਸਬੂਤ ਨਹੀਂ: ਜਾਂਚ ਕਮਿਸ਼ਨਰ

ਕੈਨੇਡਾ ਚੋਣਾਂ ’ਚ ਵਿਦੇਸ਼ੀ ਦਖ਼ਲ ਦੇ ਸੰਕੇਤ, ਪਰ ਸਬੂਤ ਨਹੀਂ: ਜਾਂਚ ਕਮਿਸ਼ਨਰ

ਵੈਨਕੂਵਰ, 29 ਜਨਵਰੀ-  ਕੈਨੇਡਾ ਦੀਆਂ 2019 ਤੇ 2021 ’ਚ ਹੋਈਆਂ ਸੰਸਦੀ ਚੋਣਾਂ ਵਿੱਚ ਵਿਦੇਸ਼ੀ ਦਖ਼ਲ-ਅੰਦਾਜ਼ੀ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਆਪਣੀ ਆਖ਼ਰੀ ਜਾਂਚ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਉਸ ਨੂੰ ਸਿੱਧੇ ਵਿਦੇਸ਼ੀ ਦਖ਼ਲ ਦੇ ਸਬੂਤ ਨਹੀਂ ਮਿਲੇ, ਪਰ ਵਿਦੇਸ਼ੀ ਸਰਕਾਰਾਂ ਵਲੋਂ ਕੈਨੇਡਾ ਵਿੱਚ ਮਨ ਪਸੰਦ ਪਾਰਟੀ ਦੀ ਸਰਕਾਰ ਬਣਾਉਣ ਲਈ ਅਸਿੱਧੇ ਤੌਰ ’ਤੇ ਕੁਝ ਉਮੀਦਵਾਰਾਂ ਦੀ ਹਮਾਇਤ ਦੇ ਸ਼ੱਕ ਜ਼ਰੂਰ ਪੈਦਾ ਹਨ। ਜਾਂਚ ਕਮਿਸ਼ਨਰ ਜਸਟਿਸ ਮੈਰੀ ਜੋਸੀ ਹੌਗ (Justice Marie-Josée Hogue) ਨੇ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੀ ਜਨਤਕ ਜਾਂਚ ਦੌਰਾਨ ਨਤੀਜਾ ਕੱਢਿਆ ਹੈ ਕਿ ਕੈਨੇਡਾ ਦਾ ਲੋਕਤੰਤਰੀ ਢਾਂਚਾ ਮਜ਼ਬੂਤ ਹੋਣ ਕਰ ਕੇ ਕਿਸੇ ਸੰਸਦ ਮੈਂਬਰ ਦੇ ਦੇਸ਼ ਧ੍ਰੋਹੀ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ। ਡੇਢ ਕੁ ਸਾਲ ਪਹਿਲਾਂ ਜਨਤਕ ਜਾਂਚ ਲਈ ਗਠਿਤ ਹੋਏ ਜਾਂਚ ਕਮਿਸ਼ਨ ਨੇ ਸੱਤ ਜਿਲਦਾਂ ਵਾਲੀ ਅੰਤਮ ਜਾਂਚ ਰਿਪੋਰਟ ਵਿੱਚ ਸਰਕਾਰ ਨੂੰ 51 ਸੁਝਾਅ ਦਿੱਤੇ ਹਨ, ਜਿਨ੍ਹਾਂ ’ਚੋਂ ਅੱਧਿਆਂ ’ਤੇ ਅਗਲੀ ਚੋਣ ਤੋਂ ਪਹਿਲਾਂ ਗੌਰ ਕਰ ਕੇ ਅੱਗੇ ਤੁਰਨ ਲਈ ਕਿਹਾ ਗਿਆ ਹੈ। ਜਾਂਚ ਦੌਰਾਨ ਚੋਣਾਂ ਵਿੱਚ ਦਿਲਚਸਪੀ ਲੈਂਦੇ 150 ਤੋਂ ਵੱਧ ਲੋਕਾਂ ਨੇ ਕਮਿਸ਼ਨ ਕੋਲ ਪੇਸ਼ ਹੋ ਕੇ ਗਵਾਹੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕੀਤੇ ਸਵਾਲਾਂ ਦੇ ਜਵਾਬਾਂ ਸਮੇਤ ਸੈਂਕੜੇ ਲੋਕਾਂ ਵਲੋਂ ਭੇਜੇ ਹਲਫੀਆ ਬਿਆਨਾਂ ਵਿਚਲੇ ਸੱਚ ਨੂੰ ਨਿਤਾਰਨ ਤੋਂ ਬਾਅਦ ਕਮਿਸ਼ਨ ਇਸ ਫੈਸਲੇ ’ਤੇ ਪਹੁੰਚਿਆ ਹੈ। ਕਮਿਸ਼ਨ ਦੀ ਮਿਆਦ ਲੰਘੀ 31 ਦਸੰਬਰ ਤੱਕ ਸੀ, ਪਰ ਕਮਿਸ਼ਨ ਦੀ ਬੇਨਤੀ ਉੱਤੇ ਮਿਆਦ ਆਗਾਮੀ 31 ਜਨਵਰੀ ਵਧਾਈ ਗਈ ਸੀ। ਕਮਿਸ਼ਨ ਨੇ ਕਿਹਾ ਕਿ ਆਲਮੀ ਪੱਧਰ ’ਤੇ ਦੂਜੇ ਦੇਸ਼ਾਂ ‘ਚ ਦਖ਼ਲ-ਅੰਦਾਜ਼ੀ ਦਾ ਵਰਤਾਰਾ ਕੋਈ ਨਵਾਂ ਨਹੀਂ ਹੈ, ਆਮ ਹੈ ਤੇ ਨਾ ਹੀ ਇਸ ’ਚ ਕੁਝ ਵੀ ਹੈਰਾਨਜਨਕ ਹੈ। ਪਰ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ‘ਨਵਾਂ ਕੀ ਹੈ ਅਤੇ ਦਖ਼ਲ ਅੰਦਾਜ਼ੀ ਦੇ ਸਾਧਨਾਂ ਦਾ ਪਤਾ ਲਾ ਕੇ ਉਸਦੇ ਵਰਤਾਰੇ ਨੂੰ ਨਕੇਲ ਪਾਉਣ ਦੇ ਯਤਨਾਂ ਸਮੇਤ ਸਬੂਤਾਂ ਨੂੰ ਪ੍ਰਚਾਰੇ ਜਾਣ ਦੀ ਲੋੜ ਹੈ, ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਸਕੇ।

You must be logged in to post a comment Login