ਕੈਨੇਡਾ: ਫਿਰੌਤੀਆਂ ਦੇ ਦੋਸ਼ ਹੇਠ ਇੱਕ ਕਾਬੂ ਤੇ ਇੱਕ ਹੋਰ ਦੀ ਭਾਲ ਜਾਰੀ

ਕੈਨੇਡਾ: ਫਿਰੌਤੀਆਂ ਦੇ ਦੋਸ਼ ਹੇਠ ਇੱਕ ਕਾਬੂ ਤੇ ਇੱਕ ਹੋਰ ਦੀ ਭਾਲ ਜਾਰੀ

ਵੈਨਕੂਵਰ, 10 ਜੁਲਾਈ- ਪਿਛਲੇ ਹਫ਼ਤੇ ਪੀਲ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਕੁਝ ਮੈਂਬਰਾਂ ਦੇ ਇੱਕ ਹੋਰ ਸਾਥੀ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਵਿੱਚ ਦੇਸ਼ਿਵਆਪੀ ਨੋਟਿਸ ਜਾਰੀ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਟੋਰਾਂਟੋ ਦੇ ਰਹਿਣ ਵਾਲੇ ਜਸਕਰਨ ਸਿੰਘ (30) ਵਜੋਂ ਹੋਈ ਹੈ। ਉਸ ਵਿਰੁੱਧ 17 ਦੋਸ਼ ਲੱਗੇ ਹਨ। ਉਹ ਅਜਿਹੇ ਹੋਰ ਮਾਮਲਿਆਂ ਵਿੱਚ ਪਹਿਲਾਂ ਤੋਂ ਜ਼ਮਾਨਤ ’ਤੇ ਸੀ। ਇੱਕ ਹੋਰ ਮੁਲਜ਼ਮ ਜਗਮੋਹਨਜੀਤ ਝੀਤੇ (47) ਵਾਸੀ ਸਸਕੈਚਵਨ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਅਦਾਲਤ ਰਾਹੀਂ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕਰਵਾਏ ਹਨ। ਪੁਲੀਸ ਦਾ ਮੰਨਣਾ ਹੈ ਕਿ ਇਹ ਵਿਅਕਤੀ ਹੁਣ ਪੀਲ ਖੇਤਰ ਵਿੱਚ ਛੁਪ ਕੇ ਰਹਿ ਰਿਹਾ ਹੈ। ਪੁਲੀਸ ਨੇ ਉਸ ਦੀ ਤਸਵੀਰ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ਨੂੰ ਫੜਾਉਣ ਵਿੱਚ ਪੁਲੀਸ ਦੀ ਮਦਦ ਕੀਤੀ ਜਾਵੇ। ਪੁਲੀਸ ਅਨੁਸਾਰ ਝੀਤੇ ਵੀ ਪਹਿਲਾਂ ਕਈ ਮਾਮਲਿਆਂ ਵਿੱਚ ਜ਼ਮਾਨਤ ’ਤੇ ਛੁਟ ਕੇ ਫਿਰ ਉਹੀ ਅਪਰਾਧ ਕਰਨ ਵਿੱਚ ਲੱਗਾ ਹੋਇਆ ਹੈ।ਜ਼ਿਕਰਯੋਗ ਹੈ ਕਿ ਜ਼ਮਾਨਤ ਸਬੰਧੀ ਕੈਨੇਡਾ ਦੇ ਕਾਨੂੰਨ ਨਰਮ ਹੋਣ ਕਰ ਕੇ ਪੇਸ਼ੇਵਰ ਅਪਰਾਧੀ ਜ਼ਮਾਨਤ ’ਤੇ ਛੁਟ ਕੇ ਸ਼ਰਤਾਂ ਦੀ ਉਲੰਘਣਾ ਕਰਦਿਆਂ ਹੋਰ ਅਪਰਾਧ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ। ਲੋਕਾਂ ਵੱਲੋਂ ਕਈ ਸਾਲਾਂ ਤੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਪਰਾਧੀਆਂ ਦੀ ਜ਼ਮਾਨਤ ਸਬੰਧੀ ਨਿਯਮ ਸਖ਼ਤ ਕੀਤੇ ਜਾਣ। ਸੰਸਦ ਵਿੱਚ ਵੀ ਇਸ ਮੁੱਦੇ ’ਤੇ ਚਰਚਾ ਹੋ ਚੁੱਕੀ ਹੈ ਅਤੇ ਇਸ ਦੇ ਬਦਲ ਲੱਭੇ ਜਾ ਰਹੇ ਹਨ।

You must be logged in to post a comment Login