ਬਠਿੰਡਾ, 29 ਅਪਰੈਲ : ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਐਤਕੀਂ ਹਾਊਸ ਆਫ਼ ਕਾਮਨਜ਼ ਲਈ ਰਿਕਾਰਡ 22 ਪੰਜਾਬੀ ਚੁਣੇ ਗਏ ਹਨ। ਇਸ ਤੋਂ ਪਹਿਲਾਂ 2021 ਵਿਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ 2019 ਦੀਆਂ ਚੋਣਾਂ ਵਿੱਚ 20 ਪੰਜਾਬੀ ਚੁਣੇ ਗਏ ਸਨ। ਇਸ ਦੌਰਾਨ ਬਰੈਂਪਟਨ ਵਿੱਚ ਵੱਖ-ਵੱਖ ਪਾਰਟੀਆਂ ਤੋਂ ਪੰਜਾਬੀਆਂ ਨੇ ਪੰਜ ਸੀਟਾਂ ਜਿੱਤੀਆਂ ਹਨ। ਲਿਬਰਲ ਪਾਰਟੀ ਦੀ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ ਹੈ। ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ ਹੈ। ਉਧਰ ਇੱਥੋਂ 2 ਕੰਜ਼ਵੇਟਿਵ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਵਿਚ ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੇ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਅਤੇ ਅਮਰਜੀਤ ਗਿੱਲ ਨੇ ਬਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ ਹੈ।
ਹਾਲਾਂਕਿ ਇਕ ਵੱਡੇ ਰਾਜਨੀਤਿਕ ਘਟਨਾਕ੍ਰਮ ਵਿਚ ਐੱਨਡੀਪੀ ਪ੍ਰਧਾਨ ਅਤੇ ਦੋ ਵਾਰ ਮੌਜੂਦਾ ਸੰਸਦ ਮੈਂਬਰ ਜਗਮੀਤ ਸਿੰਘ ਆਪਣੀ ਬਰਨਬੀ ਸੈਂਟਰਲ ਰਾਈਡਿੰਗ ਵਿਚ ਬੁਰੀ ਤਰ੍ਹਾਂ ਹਾਰ ਗਏ ਅਤੇ ਤੀਜੇ ਸਥਾਨ ‘ਤੇ ਰਹੇ। ਆਪਣੀ ਹਾਰ ਤੋਂ ਬਾਅਦ ਉਨ੍ਹਾਂ ਐਨਡੀਪੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਸਿਹਤ ਮੰਤਰੀ ਅਤੇ ਦੋ ਵਾਰ ਦੇ ਸੰਸਦ ਮੈਂਬਰ ਕਮਲ ਖੇੜਾ ਬਰੈਂਪਟਨ ਵੈਸਟ ਰਾਈਡਿੰਗ ਵਿੱਚ ਅਮਰਜੀਤ ਗਿੱਲ ਤੋਂ ਹਾਰ ਗਏ ਹਨ।
You must be logged in to post a comment Login