ਚੈਂਪੀਅਨਜ਼ ਟਰਾਫੀ: ਭਾਰਤ ਦੇ ਮੈਚਾਂ ਦੀਆਂ ਟਿਕਟਾਂ ਮਿਲਣੀਆਂ ਸ਼ੁਰੂ

ਚੈਂਪੀਅਨਜ਼ ਟਰਾਫੀ: ਭਾਰਤ ਦੇ ਮੈਚਾਂ ਦੀਆਂ ਟਿਕਟਾਂ ਮਿਲਣੀਆਂ ਸ਼ੁਰੂ

ਦੁਬਈ, 16 ਫਰਵਰੀ :ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਐਲਾਨ ਕੀਤਾ ਹੈ ਕਿ ਭਾਰਤ ਦੇ ਤਿੰਨ ਗਰੁੱਪ ਮੈਚਾਂ ਅਤੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਸੈਮੀਫਾਈਨਲ ਲਈ ਹੋਰ ਟਿਕਟਾਂ ਉਪਲਬਧ ਕਰਵਾਈਆਂ ਜਾਣਗੀਆਂ। ਟਿਕਟਾਂ ਦੀ ਵਿਕਰੀ ਅੱਜ ਦੁਪਹਿਰ ਵੇਲੇ ਸ਼ੁਰੂ ਹੋਈ।ਆਈਸੀਸੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਭਾਰਤ ਦੇ ਸ਼ੁਰੂਆਤੀ ਗਰੁੱਪ ਮੈਚ ਲਈ ਟਿਕਟਾਂ ਉਪਲਬਧ ਹੋਣਗੀਆਂ। ਅੱਠ ਟੀਮਾਂ ਦੇ ਟੂਰਨਾਮੈਂਟ ਵਿੱਚ ਭਾਰਤ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ 23 ਫਰਵਰੀ ਨੂੰ ਹੋਣ ਵਾਲੇ ਮੈਚ ਅਤੇ ਨਿਊਜ਼ੀਲੈਂਡ ਨਾਲ 2 ਮਾਰਚ ਨੂੰ ਹੋਣ ਵਾਲੇ ਮੈਚਾਂ ਲਈ ਵੀ ਟਿਕਟਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ 4 ਮਾਰਚ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਪਹਿਲੇ ਸੈਮੀਫਾਈਨਲ ਲਈ ਵੀ ਸੀਮਤ ਟਿਕਟਾਂ ਉਪਲਬਧ ਹੋਣਗੀਆਂ। 9 ਮਾਰਚ ਨੂੰ ਖੇਡੇ ਜਾਣ ਵਾਲੇ ਚੈਂਪੀਅਨਜ਼ ਟਰਾਫੀ ਫਾਈਨਲ ਦੀਆਂ ਟਿਕਟਾਂ ਦੁਬਈ ਵਿੱਚ ਪਹਿਲੇ ਸੈਮੀਫਾਈਨਲ ਦੀ ਸਮਾਪਤੀ ਤੋਂ ਬਾਅਦ ਉਪਲਬਧ ਹੋਣਗੀਆਂ। ਪਾਕਿਸਤਾਨ ਵਿੱਚ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਅੱਠ ਟੀਮਾਂ ਦੇ ਮੁਕਾਬਲੇ ਵਿੱਚ 19 ਦਿਨਾਂ ਵਿੱਚ 15 ਮੈਚ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਦੁਬਈ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਰਵਾਇਤੀ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਕ੍ਰਿਕਟ ਮੁਕਾਬਲੇ ਦੀਆਂ ਟਿਕਟਾਂ ਇਸ ਤੋਂ ਪਹਿਲਾਂ ਖੁੱਲ੍ਹਣ ਤੋਂ ਇੱਕ ਘੰਟੇ ਵਿੱਚ ਹੀ ਵਿਕ ਗਈਆਂ ਸਨ।

You must be logged in to post a comment Login