ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ

ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ

ਵਾਸ਼ਿੰਗਟਨ, 11 ਫਰਵਰੀ- ਅਮਰੀਕਾ ਦੇ ਛੇ ਸੰਸਦ ਮੈਂਬਰਾਂ ਨੇ ਨਵੇਂ ਅਟਾਰਨੀ ਜਨਰਲ ਨੂੰ ਅਮਰੀਕੀ ਨਿਆਂ ਵਿਭਾਗ (ਡੀਓਜੇ) ਵੱਲੋਂ ਲਏ ਗਏ ‘ਵਿਵਾਦਿਤ’ ਫੈਸਲਿਆਂ ਖਿਲਾਫ਼ ਪੱਤਰ ਲਿਖਿਆ ਹੈ। ਇਨ੍ਹਾਂ ਵਿਚ ਕਥਿਤ ਰਿਸ਼ਵਤ ਘੁਟਾਲੇ ਵਿਚ ਸਨਅਤਕਾਰ ਗੌਤਮ ਅਡਾਨੀ ਸਮੂਹ ਖਿਲਾਫ਼ ਮੁਕੱਦਮਾ ਵੀ ਸ਼ਾਮਲ ਹੈ। ਸੰਸਦ ਮੈਂਬਰਾਂ ਨੇ ਪੱਤਰ ਵਿਚ ਖ਼ਦਸ਼ਾ ਜਤਾਇਆ ਕਿ ਇਸ ਨਾਲ ‘ਨੇੜਲੇ ਭਾਈਵਾਲ ਭਾਰਤ ਨਾਲ ਰਿਸ਼ਤੇ ਖਤਰੇ ਵਿਚ ਪੈ ਸਕਦੇ ਹਨ।’ ਲਾਂਸ ਗੁਡੇਨ, ਪੈਟ ਫੌਲਨ, ਮਾਈਕ ਹਰਿਡੋਪੋਲੋਸ, ਬਰੈਂਡਨ ਗਿਲ, ਵਿਲੀਅਮ ਆਰ ਟਿਮੌਂਸ ਤੇ ਬ੍ਰਾਇਨ ਬੇਬਿਨ ਨੇ 10 ਫਰਵਰੀ ਨੂੰ ਅਮਰੀਕੀ ਦੀ ਅਟਾਰਨੀ ਜਨਰਲ ਪਾਮੇਲਾ ਬੇਦੀ ਨੂੰ ਪੱਤਰ ਲਿਖ ਕੇ ‘ਜੋਅ ਬਾਇਡਨ ਪ੍ਰਸ਼ਾਸਨ ਤਹਿਤ ਡੀਓਜੇ ਵੱਲੋਂ ਲਏ ਗਏ ਕੁਝ ਵਿਵਾਦਿਤ ਫੈਸਲਿਆਂ ਵੱਲ ਧਿਆਨ ਖਿੱਚਿਆ ਹੈ। ਅਮਰੀਕੀ ਵਕੀਲਾਂ ਨੇ ਉਦਯੋਗਪਤੀ ਗੌਤਮ ਅਡਾਨੀ ’ਤੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਅਨੁਕੂਲ ਸ਼ਰਤਾਂ ਬਦਲੇ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ।ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਇਹ ਜਾਣਕਾਰੀ ਅਮਰੀਕੀ ਬੈਂਕਾਂ ਅਤੇ ਨਿਵੇਸ਼ਕਾਂ ਤੋਂ ਛੁਪਾਈ ਗਈ ਸੀ ਜਿਨ੍ਹਾਂ ਤੋਂ ਅਡਾਨੀ ਸਮੂਹ ਨੇ ਇਸ ਪ੍ਰੋਜੈਕਟ ਲਈ ਅਰਬਾਂ ਡਾਲਰ ਇਕੱਠੇ ਕੀਤੇ ਸਨ। ਅਮਰੀਕੀ ਕਾਨੂੰਨ ਵਿਦੇਸ਼ੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੈਰਵੀ ਕਰਨ ਦੀ ਇਜਾਜ਼ਤ ਦਿੰਦਾ ਹੈ ਬਸ਼ਰਤੇ ਕਿ ਉਨ੍ਹਾਂ ਦਾ ਅਮਰੀਕੀ ਨਿਵੇਸ਼ਕਾਂ ਜਾਂ ਬਾਜ਼ਾਰਾਂ ਨਾਲ ਕੋਈ ਸਬੰਧ ਹੋਵੇ। ਹਾਲਾਂਕਿ, ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

You must be logged in to post a comment Login