ਜਵਾਨ ਸੁਪਨਿਆਂ ਦੀ ਪਰਵਾਜ਼ : ਯਾਰ ਚੱਲੇ ਬਾਹਰ

ਜਵਾਨ ਸੁਪਨਿਆਂ ਦੀ ਪਰਵਾਜ਼ : ਯਾਰ ਚੱਲੇ ਬਾਹਰ

ਫਿਲਮਾਂ ਅਤੇ ਰੰਗਮੰਚ ਦੇ ਨਾਲ ਨਾਲ ਵੈੱਬ ਸੀਰੀਜ਼ ਨੇ ਵੀ ਬਹੁਤ ਸਾਰੇ ਚਾਲੰਤ ਵਿਸ਼ਿਆਂ ਉੱਪਰ ਦਰਸ਼ਕਾਂ ਨੂੰ ਸਮੱਗਰੀ ਪਰੋਸੀ ਹੈ ਅਤੇ ਨਵੇਂ ਕਲਾਕਾਰਾਂ ਨੂੰ ਉਭਾਰਨ ਵਿੱਚ ਵੀ ਇਹ ਵਿਧੀ ਸਹਾਈ ਹੋਈ ਹੈ । ਇਸ ਵੇਲੇ  ਦੇਸ਼ ਵਿੱਚ ਰੋਜ਼ਗਾਰ ਸਮੇਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਨੌਜਵਾਨ ਪੀੜ੍ਹੀ ਦਾ ਮੂੰਹ ਵਿਦੇਸ਼ਾਂ ਵੱਲ ਹੈ, ਹਰ ਨੌਜਵਾਨ ਅਤੇ ਉਸਦੇ ਮਾਪਿਆਂ ਦਾ ਇਹ ਸੁਪਨਾ ਹੈ ਕਿ ਉਹ ਬਾਹਰ ਕਿਸੇ ਵਿਕਸਤ ਮੁਲਕ ਵਿੱਚ ਜਾ ਕੇ ਆਪਣੀ ਮਿਹਨਤ ਅਤੇ ਹੁਨਰ ਦਾ ਸਹੀ ਮੁੱਲ ਵੱਟ ਸੱਕਣ ਇਸੇ ਕਰਕੇ ਰਵਾਇਤੀ  ਵਿਦਿੱਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਅਤੇ ਆਇਲਟਸ ਸੈਂਟਰਾਂ ਦੀ ਰੌਣਕ ਵਧ ਰਹੀ ਹੈ।ਪੰਜਾਬ ਵਿਚਲੇ ਆਇਲਟਸ ਸੈਂਟਰਾਂ ਦੀ ਤਸਵੀਰ ਬਹੁਤ ਦਿਲਚਪਸ ਹੈ ਕਿਉਂ ਕਿ ਉੱਥੇ ਵੱਧ ਪੜ੍ਹੇ-ਲਿਖੇ, ਘੱਟ ਪੜ੍ਹੇ-ਲਿਖੇ ਅਨਪੜ੍ਹ ਵੀ, ਕੁਆਰੇ ਵੀ ਅਤੇ ਵਿਆਹੇ ਵੀ ਕਲਾਸਾਂ ਲਗਾਉਣ ਆਉਂਦੇ ਹਨ। ਆਇਲਟਸ ਕਰਨ ਵਾਲੇ ਵਿਦਿਆਰਥੀਆਂ ਦੀ ਦੋਸਤੀ, ਮੇਲ-ਮਿਲਾਪ ਵੀ ਇੱਕ ਵਿਲੱਖਣ  ਸੁਮੇਲ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ।ਇਸ ਤਸਵੀਰ ਨੂੰ ਡਾਇਰੈਕਟਰ ਰੈਬੀ ਟਿਵਾਣਾ ਨੇ ‘ਯਾਰ ਚੱਲੇ ਬਾਹਰ “ ਰਾਹੀਂ ਖੂਬਸੂਰਤੀ ਨਾਲ ਪਕੜਿਆ ਹੈ। ਰੈਬੀ ਟਿਵਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਇਰੈਕਸ਼ਨ ਅਤੇ ਐਕਟਿੰਗ ਦੀ ਪੜ੍ਹਾਈ ਕਰ ਚੁੱਕਿਆ ਹੈ ਤੇ ਉਸਨੇ ਆਪਣੀ ਪਹਿਲੀ ਵੈੱਬ ਸੀਰੀ ਯਾਰ ਡਿਗਰੀ ਕਸੂਤੀ ਡਿਗਰੀ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਸੀ।
“ਯਾਰ ਚੱਲੇ ਬਹਾਰ” ਨੇ ਆਪਣੇ ਟਰੇਲਰਾਂ ਅਤੇ ਹੁਣ ਤੱਕ ਦੀਆਂ ਕਿਸ਼ਤਾਂ ਵਿੱਚ ਦਰਸ਼ਕਾਂ ਦਾ ਧਿਆਨ  ਖਿੱਚਿਆ ਹੈ । ਕਹਾਣੀ ਅਤੇ ਡਾਇਲਾਗ ਆਮ ਲੋਕਾਂ ਦੇ ਮੇਚਦੇ ਹਨ। ਇਸ ਸੀਰੀ ਵਿੱਚ  ਕੰਮ ਕਰਨ ਵਾਲੇ ਕਲਾਕਾਰਾਂ ਦੀ ਐਕਟਿੰਗ, ਹਾਵਭਾਵ ਅਤੇ ਬੋਲ-ਚਾਲ ਕਮਾਲ ਦੀ ਹੈ।  ਕਲਾਕਾਰਾਂ ਵਿੱਚ ਜੱਸ ਢਿੱਲੋਂ, ਗੈਵੀ ਡਲਕਾ, ਯੁਵਰਾਜ ਟੁਰਨਾ, ਇੰਦਰਜੀਤ ਸਿੰਘ, ਬਿਨੈ ਜੌੜਾ ਬਿਲਾਸਪੁਰ , ਬੂੱਟਾ ਬਡਬਰ, ਅਰਸ਼ਦੀਪ ਭੱਟੀ, ਜੋਤ ਅਰੋੜਾ, ਨਵਕਿਰਨ ਭੱਠਲ, ਆਨੰਦ ਪ੍ਰਿਆ ਅਤੇ ਯੋਧ ਅੰਟਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਜਿੰਨਾ ਦੀ ਐਕਟਿੰਗ ਅਤੇ ਕੈਮਿਸਟਰੀ ਕਮਾਲ ਦੀ ਹੈ । ਗੁਰ ਸਿੱਧੂ, ਕੁਲਬੀਰ ਝਿੰਜਰ ਅਤੇ ਰਿਧਮ ਮਾਨਸਾ ਦੀ ਆਵਾਜ਼ ਵਿੱਚ ਗੀਤ ਵੀ ਇਸ ਕਹਾਣੀ ਨੂੰ ਚਾਰ-ਚੰਨ ਲਾਉਂਦੇ ਹਨ। ਯੁਵਰਾਜ ਟੁਰਨਾ ਦਾ ਲਿਖਿਆ ਅਤੇ ਸਾਰੰਗ  ਸਿਕੰਦਰ ਦਾ ਗਾਇਆ ਗੀਤ, “ ਆਈਲੈਟਸ ਕਰਨੀ , ਹਾਂ ਬਾਪੂ” ਜਿੱਥੇ ਇਸ ਵੈੱਬ ਸੀਰੀਜ਼ ਦੇ ਉਦੇਸ਼ ਨੂੰ ਸਪਸ਼ਟ ਕਰਦਾ ਹੈ ਉੱਥੇ ਇਹ ਗੀਤ ਆਇਲਟਸ ਸੈਂਟਰਾ ਦਾ ਥੀਮ ਸਾਂਗ ਵੀ ਬਣ ਗਿਆ ਹੈ । ਘਟਨਾਵਾਂ ਅਤੇ ਟਕਰਾਅ ਇਸ ਤਰੀਕੇ ਨਾਲ ਬੁਣੇ ਗਏ ਹਨ ਕਿ ਹੁਣ ਤੱਕ ਦੀਆਂ ਕਿਸ਼ਤਾਂ ਰਾਹੀਂ ਟੀਮ ਵੱਲੋਂ ਕੀਤੇ ਕੰਮ ਨੇ ਦਰਸ਼ਕਾਂ ਦੇ ਮਨਾਂ ਉੱਤੇ ਸ਼ਾਪ ਛੱਡੀ ਹੈ ਅਤੇ ਆਉਣ ਵਾਲੀਆਂ ਲੜੀਆਂ ਲਈ ਉਤਸੁੱਕਤਾ ਵਧਾਈ ਹੈ । ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਰੈਬੀ ਟਿਵਾਣਾ ਵੱਲੋਂ ਕੀਤੇ ਇਸ ਕੰਮ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂ ਕਿ ਉਸਨੇ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਦੀ ਪਰਵਾਜ਼ ਅਤੇ ਔਕੜਾਂ ਨੂੰ ਬਾਖੂਬੀ ਪਕੜਿਆ ਹੈ ਅਤੇ ਪੇਸ਼ ਕੀਤਾ ਹੈ।

  • ਨਿਰਮਲ ਜੌੜਾ

You must be logged in to post a comment Login