ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਗਿਆ ਸੀ ਜਸਵਿੰਦਰ, ਡੇਢ ਮਹੀਨੇ ਮਗਰੋਂ ਪਰਤਿਆ

ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਗਿਆ ਸੀ ਜਸਵਿੰਦਰ, ਡੇਢ ਮਹੀਨੇ ਮਗਰੋਂ ਪਰਤਿਆ

ਧਰਮਕੋਟ 16 ਫ਼ਰਵਰੀ- ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਵਾਪਸ ਆਏ ਇੱਥੋਂ ਨਜ਼ਦੀਕੀ ਪਿੰਡ ਪੰਡੋਰੀ ਅਰਾਈਆਂ ਦੇ 22 ਸਾਲਾ ਨੌਜਵਾਨ ਜਸਵਿੰਦਰ ਸਿੰਘ ਨੂੰ ਆਪਣਾ ਭਵਿੱਖ ਹੁਣ ਧੁੰਦਲਾ ਦਿਖਾਈ ਦੇ ਰਿਹਾ ਹੈ। ਡੇਢ ਮਹੀਨਾ ਪਹਿਲਾਂ ਇਹ ਨੌਜਵਾਨ 45 ਲੱਖ ਰੁਪਏ ਦੀ ਵੱਡੀ ਰਾਸ਼ੀ ਖਰਚ ਕਰਕੇ ਡੰਕੀ ਰੂਟ ਜ਼ਰੀਏ ਅਮਰੀਕਾ ਪੁੱਜਾ ਸੀ। ਆਪਣੀ ਸਾਰੀ ਡੇਢ ਏਕੜ ਜ਼ਮੀਨ ਵੇਚ ਅਤੇ ਘਰ ਗਹਿਣੇ ਰੱਖ ਕੇ ਉਹ ਆਪਣੇ ਅਤੇ ਪਰਿਵਾਰ ਦੇ ਚੰਗੇਰੇ ਭਵਿੱਖ ਲਈ ਵਿਦੇਸ਼ ਗਿਆ ਸੀ। ਆਪਣੇ ਪਰਿਵਾਰ ਵਿੱਚ ਉਹ ਸਭ ਤੋਂ ਵੱਡਾ ਹੈ ਅਤੇ ਉਸ ਦੇ ਚਾਰ ਹੋਰ ਭੈਣ ਭਰਾ ਹਨ। 27 ਜਨਵਰੀ ਨੂੰ ਉਹ ਬਾਰਡਰ ਟੱਪ ਅਮਰੀਕਾ ਦਾਖਲ ਹੋਇਆ ਸੀ ਜਿੱਥੇ ਉਹ ਅਮਰੀਕੀ ਪੁਲੀਸ ਦੇ ਹਿਰਾਸਤੀ ਕੈਂਪ ਵਿੱਚ ਰਿਹਾ ਅਤੇ ਮਹਿਜ਼ ਕੁਝ ਦਿਨਾਂ ਬਾਅਦ ਹੀ ਉਸ ਨੂੰ ਅਮਰੀਕੀ ਕਾਨੂੰਨ ਤਹਿਤ ਵਾਪਸ ਭੇਜ ਦਿੱਤਾ ਗਿਆ। ਵਿਦੇਸ਼ ਜਾਣ ਤੋਂ ਪਹਿਲਾਂ ਉਹ ਧਰਮਕੋਟ ਵਿਚ ਰੈਡੀਮੇਡ ਕੱਪੜੇ ਦੀ ਦੁਕਾਨ ’ਤੇ ਨੌਕਰੀ ਕਰਦਾ ਰਿਹਾ। ਅੱਜ ਤੜਕਸਾਰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਡੀਐਸਪੀ ਰਮਨਦੀਪ ਸਿੰਘ ਦਾ ਅਗਵਾਈ ਹੇਠ ਪੰਜਾਬ ਪੁਲੀਸ ਟੀਮ ਵਲੋਂ ਉਸ ਨੂੰ ਘਰ ਲਿਆਂਦਾ ਗਿਆ। ਪੁਲੀਸ ਨੇ ਰਸਤੇ ਵਿਚ ਹੀ ਉਸ ਦੇ ਬਿਆਨ ਦਰਜ ਕਰ ਲਏ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਪ੍ਰਸ਼ਾਸਨ ਵਲੋਂ ਉਸ ਨੂੰ ਮੀਡੀਆ ਤੋਂ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ। ਉਸ ਵੇਲੇ ਤੋਂ ਲੈ ਕੇ ਘਰ ਦਾ ਦਰਵਾਜ਼ਾ ਬੰਦ ਹੈ ਅਤੇ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਕਿਸੇ ਨਾਲ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ। ਪਿੰਡ ਦੇ ਸਰਪੰਚ ਅਮਨ ਪੰਡੋਰੀ ਨੇ ਦੱਸਿਆ ਕਿ ਜੱਟ ਸਿੱਖ ਬਰਾਦਰੀ ਨਾਲ ਸਬੰਧਤ ਸੁਖਦੇਵ ਸਿੰਘ ਦੇ ਪਰਿਵਾਰ ਵਿੱਚ ਅਤਿ ਦੀ ਗਰੀਬੀ ਹੈ। ਘਰ ਦੇ ਹਾਲਾਤ ਬੇਹੱਦ ਤਰਸਯੋਗ ਤੇ ਮਾੜੇ ਹਨ। ਇਸ ਦੇ ਚੱਲਦਿਆਂ ਹੀ ਪਰਿਵਾਰ ਨੇ ਆਪਣਾ ਸਭ ਕੁਝ ਦਾਅ ਉਤੇ ਲਗਾ ਕੇ ਚੰਗੇ ਭਵਿੱਖ ਲਈ ਆਪਣੇ ਪੁੱਤਰ ਜਸਵਿੰਦਰ ਸਿੰਘ ਨੂੰ ਅਮਰੀਕਾ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਨੂੰ ਹੌਸਲਾ ਦਿਲਾਸਾ ਦੇ ਕੇ ਆਏ ਹਨ।

You must be logged in to post a comment Login