ਜੇਸੀਬੀ ਮਸ਼ੀਨਾਂ ’ਚ ਭਰੀਆਂ ਗਈਆਂ ਲਾਸ਼ਾਂ : ਅਖਿਲੇਸ਼ ਯਾਦਵ

ਜੇਸੀਬੀ ਮਸ਼ੀਨਾਂ ’ਚ ਭਰੀਆਂ ਗਈਆਂ ਲਾਸ਼ਾਂ : ਅਖਿਲੇਸ਼ ਯਾਦਵ

ਨਵੀਂ ਦਿੱਲੀ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੇਂਦਰ ਤੇ ਯੂਪੀ ਸਰਕਾਰ ’ਤੇ ਪ੍ਰਯਾਗਰਾਜ ਮਹਾਂਕੁੰਭ ਵਿਚ ਮਚੀ ਭਗਦੜ ਦੌਰਾਨ ਮਾਰੇ ਗਏ ਲੋਕਾਂ ਦੇ ਅੰਕੜੇ ਲੁਕਾਉਣ ਦਾ ਦੋਸ਼ ਲਗਾਉਂਦਿਆਂ ਅੱਜ ਮੰਗ ਕੀਤੀ ਕਿ ਮਹਾਂਕੁੰਭ ਦੇ ਪ੍ਰਬੰਧਾਂ ਬਾਰੇ ਸਪਸ਼ਟੀਕਰਨ ਲਈ ਸਰਬ ਪਾਰਟੀ ਬੈਠਕ ਸੱਦੀ ਜਾਵੇ। ਯਾਦਵ ਨੇ ਕਿਹਾ ਕਿ ਮਹਾਂਕੁੰਭ ਵਿਚ ਪ੍ਰਬੰਧਾਂ ਦਾ ਕੰਮ ਫੌਜ ਦੇ ਹਵਾਲੇ ਕੀਤਾ ਜਾਵੇ। ਯਾਦਵ ਨੇ ਕਿਹਾ ਕਿ ਸਰਕਾਰ ਮ੍ਰਿਤਕਾਂ ਦੀ ਗਿਣਤੀ ਲੁਕਾ ਰਹੀ ਤੇ ਭਗਦੜ ਵਿਚ ਮੌਤ ਦੇ ਮੂੰਹ ਪਏ ਲੋਕਾਂ ਦੀਆਂ ਲਾਸ਼ਾਂ ਜੇਸੀਬੀ ਮਸ਼ੀਨਾਂ ਨਾਲ ਟਰੈਕਟਰਾਂ ਵਿਚ ਭਰ ਕੇ ਗਾਇਬ ਕਰ ਦਿੱਤੀਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਲੋਕ ਮਹਾਂਕੁੰਭ ਵਿਚ ਪੁੰਨ ਖੱਟਣ ਲਈ ਆਏ ਸਨ, ਪਰ ਆਪਣੇ ਸਕੇ ਸਬੰਧੀਆਂ ਦੀਆਂ ਲਾਸ਼ਾਂ ਲੈ ਕੇ ਮੁੜੇ।ਯਾਦਵ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਬਜਟ ਦੇ ਅੰਕੜੇ ਦੇ ਰਹੀ ਹੈ, ਮਹਾਂਕੁੰਭ ਵਿਚ ਮਰਨ ਵਾਲਿਆਂ ਦੇ ਅੰਕੜੇ ਵੀ ਉਸੇ ਤਰ੍ਹਾਂ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ, ਭੋਜਨ, ਆਵਾਜਾਈ ਆਦਿ ਦਾ ਅੰਕੜਾ ਸੰਸਦ ਵਿਚ ਪੇਸ਼ ਕੀਤਾ ਜਾਵੇ।

You must be logged in to post a comment Login