ਟਰੂਡੋ ਦੇ ਬਦਲ ਵਜੋਂ ਨਵੇਂ ਚਿਹਰੇ ਦੀ ਭਾਲ ਸ਼ੁਰੂ

ਟਰੂਡੋ ਦੇ ਬਦਲ ਵਜੋਂ ਨਵੇਂ ਚਿਹਰੇ ਦੀ ਭਾਲ ਸ਼ੁਰੂ

ਵੈਨਕੂਵਰ, 7 ਜਨਵਰੀ- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਲਿਬਰਲ ਪਾਰਟੀ ਵੱਲੋਂ ਉਨ੍ਹਾਂ ਦਾ ਉੱਤਰਾਧਿਕਾਰੀ ਚੁਣੇ ਜਾਣ ਮਗਰੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਜਸਟਿਨ ਟਰੂਡੋ 2013 ਵਿਚ ਲਿਬਰਲ ਆਗੂ ਬਣੇ ਸਨ ਅਤੇ 2015 ਵਿਚ ਉਨ੍ਹਾਂ ਮੁਲਕ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਮਗਰੋਂ ਅਜੇ ਤੱਕ ਕਿਸੇ ਨੇ ਵੀ ਅਧਿਕਾਰਤ ਤੌਰ ’ਤੇ ਉਨ੍ਹਾਂ ਦੇ ਬਦਲ ਵਜੋਂ ਆਪਣਾ ਨਾਂ ਪੇਸ਼ ਨਹੀਂ ਕੀਤਾ ਹੈ, ਪਰ ਲਿਬਰਲ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਲੀਡਰ ਬਣਨ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਪੈ ਗਏ ਹਨ। ਇਨ੍ਹਾਂ ਵਿੱਚ ਸਾਬਕ ਰੱਖਿਆ ਮੰਤਰੀ ਤੇ ਓਕਵਿਲ ਤੋਂ ਐੱਮਪੀ ਅਨੀਤਾ ਅਨੰਦ (57), ਅਰਥ ਸ਼ਾਸਤਰੀ ਤੇ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ (59), ਮੌਜੂਦਾ ਵਿੱਤ ਮੰਤਰੀ ਡੌਮਿਨਿਕ ਲੇਬਲਾਂ, ਆਲਮੀ ਸੂਝ ਬੂਝ ਵਾਲੇ ਮੰਨੇ ਪ੍ਰਮੰਨੇ ਵਕੀਲ ਫਰੈਂਕੋਜ ਫਿਲਿਪਸ ਚੰਪੈਂਜੀ (54), ਟੀਵੀ ਹੋਸਟ ਤੋਂ ਸਿਆਸਤ ਵਿੱਚ ਆਈ ਤੇ ਦੋ ਵਾਰ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਰਹੀ ਕ੍ਰਿਸਟੀ ਕਲਾਰਕ (59), ਪਿਛਲੇ ਮਹੀਨੇ ਵਜ਼ਾਰਤ ਤੋਂ ਅਸਤੀਫਾ ਦੇ ਕੇ ਟਰੂਡੋ ਵਿਰੁੱਧ ਬਗਾਵਤ ਦਾ ਬਿਗਲ ਵਜਾਉਣ ਵਾਲੇ ਸਿਆਨ ਫੇਰਜ਼ਰ (40), ਸਾਬਕਾ ਲਿਬਰਲ ਐਮਪੀ ਫ਼੍ਰੈਂਕ ਬੇਲਿਸ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ (59) ਪ੍ਰਮੁੱਖ ਹਨ। ਦੂਜੇ ਪਾਸੇ ਤਿੰਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਚੋਣਾਂ ਵਿੱਚ ਹੁਣ ਬਹੁਤੀ ਦੇਰ ਨਹੀਂ, ਕਿਉਂਕਿ ਉਹ ਸੰਸਦੀ ਕਾਰਵਾਈ ਦੇ ਪਹਿਲੇ ਦਿਨ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪਾਸ ਕਰਕੇ ਚੋਣਾਂ ਦਾ ਰਾਹ ਖੋਲ੍ਹ ਦੇਣਗੇ। ਹਾਲਾਂਕਿ ਪਾਰਲੀਮੈਂਟ 24 ਮਾਰਚ ਤੱਕ ਠੱਪ ਹੋਣ ਨਾਲ ਲਿਬਰਲਾਂ ਨੂੰ 2 ਮਹੀਨਿਆਂ ਦਾ ਸਮਾਂ ਮਿਲ ਗਿਆ ਹੈ, ਪਰ ਅਗਾਮੀ ਚੋਣਾਂ ਦੇ ਮੱਦੇਨਜ਼ਰ ਇਹ ਬਹੁਤ ਘੱਟ ਸਮਾਂ ਹੈ। ਉਧਰ ਕਿਉਬਿਕ ਤੋਂ ਲਿਬਰਲ ਐਮਪੀ ਸੋਫੀ ਚੇਟਲ ਨੇ ਇੱਕ ਈਮੇਲ ਵਿਚ ਜ਼ਿਕਰ ਕੀਤਾ ਕਿ 1990 ਵਿਚ ਜੌਨ ਟਰਨਰ ਦੇ ਅਸਤੀਫ਼ੇ ਤੋਂ ਬਾਅਦ ਲਿਬਰਲਾਂ ਨੇ 98 ਦਿਨਾਂ ਵਿਚ ਪਾਰਟੀ ਕਨਵੈਨਸ਼ਨ ਵਿਉਂਤ ਲਈ ਸੀ। ਚੇਟਲ ਨੇ ਕਿਹਾ ਕਿ ਪਾਰਟੀ ਦਾ ਨੈਸ਼ਨਲ ਬੋਰਡ ਲੀਡਰਸ਼ਿਪ ਦੀ ਉਮੀਦਵਾਰੀ ਦੀਆਂ ਅਰਜ਼ੀਆਂ ਹਫ਼ਤਿਆਂ ਵਿਚ ਪ੍ਰਾਪਤ ਕਰਨ ਦੀ ਬਜਾਏ ਦਿਨਾਂ ਵਿਚ ਪ੍ਰਾਪਤ ਕਰਨ ਲਈ ਆਖ ਸਕਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਲੰਬੇ ਪ੍ਰਚਾਰ ਟੂਰ ਦੀ ਬਜਾਏ ਡਿਬੇਟਾਂ ਅਤੇ ਵਰਚੂਅਲ ਸਮਾਗਮਾਂ ਰਾਹੀਂ ਮੈਂਬਰਾਂ ਨੂੰ ਸ਼ਾਮਲ ਕਰ ਸਕਦੇ ਹਨ। ਹੁਣ ਤੱਕ ਲਿਬਰਲ ਲੀਡਰ ਵਿਅਕਤੀਗਤ ਤੌਰ ’ਤੇ ਪਾਰਟੀ ਕਨਵੈਨਸ਼ਨ ਵਿਚ ਚੁਣੇ ਜਾਂਦੇ ਰਹੇ ਹਨ। ਚੇਟਲ ਨੇ ਵੋਟਾਂ ਵੀ ਇਲੈਕਟ੍ਰੋਨਿਕਲੀ ਪਾਉਣ ਦਾ ਸੁਝਾਅ ਦਿੱਤਾ ਹੈ, ਤਾਂ ਕਿ ਮੈਂਬਰ ਇਸ ਪ੍ਰਕਿਰਿਆ ਦੀ ਲੋਕਤੰਤਰੀ ਵਿਵਸਥਾ ਨੂੰ ਬਰਕਰਾਰ ਰੱਖਦਿਆਂ, ਕਿਤੋਂ ਮਰਜ਼ੀ ਵੋਟ ਪਾ ਸਕਣ।

You must be logged in to post a comment Login