ਵੈਨਕੂਵਰ, 26 ਅਕਤੂਬਰ- ਜਸਟਿਨ ਟਰੂਡੋ ਸਰਕਾਰ ਵੱਲੋਂ ਆਵਾਸ ਨੀਤੀਆਂ ਵਿੱਚ ਤਬਦੀਲੀ ਕੀਤੇ ਜਾਣ ਕਾਰਨ ਕੈਨੇਡਾ ’ਚ ਪੱਕੇ ਹੋਣ ਦੇ ਇੱਛੁਕ ਵਿਦੇਸ਼ੀਆਂ ਦੇ ਪੱਲੇ ਨਿਰਾਸ਼ਾ ਪਈ ਹੈ। ਲੰਘੇ 6 ਮਹੀਨਿਆਂ ਵਿੱਚ ਸਰਕਾਰ ਵੱਲੋਂ ਇੱਥੇ ਰਹਿੰਦੇ ਵਿਦੇਸ਼ੀਆਂ ਦੇ ਵੱਖ ਵੱਖ ਵਰਗਾਂ ਦੀ ਗਿਣਤੀ ਉੱਤੇ ਪੰਜਵੀਂ ਵਾਰ ਕੈਂਚੀ ਚਲਾਈ ਗਈ ਹੈ। ਇਸ ਤੋਂ ਪਹਿਲਾਂ ਸਟੱਡੀ ਵੀਜ਼ਿਆਂ ਦੀ ਗਿਣਤੀ ਤਿੰਨ ਵਾਰ ਘਟਾਈ ਜਾ ਚੁੱਕੀ ਹੈ ਅਤੇ ਉਸ ਮਗਰੋਂ ਪਿਛਲੇ ਮਹੀਨੇ ਵਰਕ ਪਰਮਿਟਧਾਰਕਾਂ ਦੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਤੇ ਹੁਣ ਪੱਕੇ ਹੋਣ ਵਾਲਿਆਂ ਦੀ ਗਿਣਤੀ 21 ਫ਼ੀਸਦੀ ਤੱਕ ਘਟਾਉਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਐਕਸ’ ਹੈਂਡਲ ’ਤੇ ਲਿਖਿਆ ਕਿ ਸਰਕਾਰ ਵਿਦੇਸ਼ੀ ਕਾਮਿਆਂ ’ਤੇ ਆਪਣੀ ਨਿਰਭਰਤਾ ਹੋਰ ਘਟਾ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਹੁਣ ਰੁਜ਼ਗਾਰ ਦਾਤਾ ਕੰਪਨੀਆਂ ਲਈ ਕੈਨੇਡੀਅਨ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਵਾਲੇ ਨਿਯਮ ਵਧੇਰੇ ਸਖਤ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਟਰੂਡੋ ਦੀ ਲਿਬਰਲ ਸਰਕਾਰ ਦੀ ਅਗਲੇ ਦੋ ਸਾਲਾਂ ਅੰਦਰ ਹਰ ਸਾਲ ਪੰਜ ਲੱਖ ਨਵੇਂ ਵਸਨੀਕਾਂ ਨੂੰ ਦੇਸ਼ ’ਚ ਇਜਾਜ਼ਤ ਦੇਣ ਦੀ ਯੋਜਨਾ ਲਈ ਆਲੋਚਨਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਕਾਲ ’ਚ ਵਿਗੜੇ ਅਬਾਦੀ ਸੰਤੁਲਨ ਨੂੰ ਠੀਕ ਕਰਨ ਲਈ ਇਸ ਸਾਲ ਸਿਰਫ਼ ਪੰਜ ਲੱਖ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ, ਜਦਕਿ 2025 ’ਚ ਇਹ ਗਿਣਤੀ 3 ਲੱਖ 95 ਹਜ਼ਾਰ ਹੋਵੇਗੀ। ਅਗਲੇ ਦੋ ਸਾਲਾਂ ’ਚ ਹਰ ਸਾਲ 15-15 ਹਜ਼ਾਰ ਹੋਰ ਕਟੌਤੀਆਂ ਹੋਣਗੀਆਂ ਤੇ 2027 ’ਚ ਗਿਣਤੀ ਘਟ ਕੇ 3 ਲੱਖ 65 ਹਜ਼ਾਰ ਰਹਿ ਜਾਵੇਗੀ। ਉਨ੍ਹਾਂ ਕਿਹਾ, ‘ਕੈਨੇਡਾ ਦੇ ਭਵਿੱਖ ਲਈ ਪਰਵਾਸ ਜ਼ਰੂਰੀ ਹੈ ਪਰ ਇਹ ਕੰਟਰੋਲ ਹੇਠ ਤੇ ਸਥਿਰ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਤਿੰਨ ਸਾਲ ਅੰਦਰ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਘਟਾਏਗੀ ਅਤੇ ਇਸ ਨਾਲ ਕੈਨੇਡਾ ’ਚ ਹੋ ਰਹੇ ਅਬਾਦੀ ਦੇ ਵਾਧੇ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਅਬਾਦੀ ’ਚ ਵਾਧੇ ਨੂੰ ਸਥਿਰ ਕਰਨ ਦੀ ਲੋੜ ਹੈ ਤਾਂ ਜੋ ਸਰਕਾਰ ਦੇ ਹਰ ਪੱਧਰ ’ਤੇ ਸਿਹਤ ਸੰਭਾਲ, ਰਿਹਾਇਸ਼ ਤੇ ਸਮਾਜਿਕ ਸੇਵਾਵਾਂ ’ਚ ਲੋੜੀਂਦੀ ਤਬਦੀਲੀ ਕਰਨ ਦੀ ਇਜਾਜ਼ਤ ਮਿਲ ਸਕੇ। ਆਵਾਸ ਮੰਤਰੀ ਮਾਈਕ ਮਿੱਲਰ ਨੇ ਕਿਹਾ ਕਿ ਵਿਦੇਸ਼ਾਂ ’ਚੋਂ ਕਾਮੇ ਸੱਦਣ ਦੀ ਥਾਂ ਹੁਣ ਇੱਥੇ ਵਸਦੇ ਅਸਥਾਈ ਲੋਕਾਂ ਨੂੰ ਪੱਕੇ ਕਰਨ ਨੂੰ ਪਹਿਲ ਦਿੱਤੀ ਜਾਏਗੀ, ਜੋ ਘਰਾਂ ਦੀ ਘਾਟ ਪੂਰੀ ਕਰਨ ਅਤੇ ਸਭ ਲਈ ਰੁਜ਼ਗਾਰ ਦੇ ਮੌਕੇ ਬਣਾਉਣ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਸਾਲਾਂ ਵਿੱਚ 6 ਲੱਖ 70 ਹਜ਼ਾਰ ਘਰ ਬਣਾਉਣੇ ਜ਼ਰੂਰੀ ਹਨ ਤਾਂ ਜੋ ਸਭ ਨੂੰ ਛੱਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੱਕੇ ਕਰਨ ਦੀ ਗਿਣਤੀ ’ਚੋਂ ਹੁਣ 40 ਫ਼ੀਸਦੀ ਕੋਟਾ ਅਸਥਾਈ ਲੋਕਾਂ ਲਈ ਰਾਖਵਾਂ ਹੋਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਇੱਕ ਖੁੱਲ੍ਹਾ ਦੇਸ਼ ਹੈ ਪਰ ਹਰ ਕੋਈ ਇਸ ਦੇਸ਼ ’ਚ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਕੈਨੇਡਾ ਬਾਹਰੀ ਲੋਕਾਂ ਦਾ ਸਵਾਗਤ ਕਰਨਾ ਜਾਰੀ ਰੱਖੇਗਾ। ਦੂਜੇ ਪਾਸੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਨੇ ਟਰੂਡੋ ’ਤੇ ਪਰਵਾਸ ਬਾਰੇ ਕੌਮੀ ਸਹਿਮਤੀ ਖਤਮ ਕਰਨ ਦਾ ਦੋਸ਼ ਲਾਇਆ।
You must be logged in to post a comment Login