ਟਰੰਪ ਨੂੰ ਜਮਹੂਰੀਅਤ ਲਈ ਖ਼ਤਰਾ ਦੱਸਣ ਵਾਲੇ ਅਸਲੀ ਖ਼ਤਰਾ: ਮਸਕ

ਟਰੰਪ ਨੂੰ ਜਮਹੂਰੀਅਤ ਲਈ ਖ਼ਤਰਾ ਦੱਸਣ ਵਾਲੇ ਅਸਲੀ ਖ਼ਤਰਾ: ਮਸਕ

ਲੈਂਕੈਸਟਰ(ਅਮਰੀਕਾ), 27 ਅਕਤੂਬਰ- ਵਿਸ਼ਵ ਦੇ ਸਭ ਤੋਂ ਅਮਰੀਰ ਕਾਰੋਬਾਰੀ ਐਲਨ ਮਸਕ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਸਾਬਕਾ ਰਾਸ਼ਟਰਪਤੀ ਨੂੰ ‘ਜਮਹੂਰੀਅਤ ਲਈ ਖ਼ਤਰਾ ਦੱਸਦੇ ਹਨ, ਉਹ ਖ਼ੁਦ ਜਮਹੂਰੀਅਤ ਲਈ ਖ਼ਤਰਾ ਹਨ।’’ ਮਸਕ ਨੇ ਸ਼ਨਿੱਚਰਵਾਰ ਰਾਤ ਨੂੰ ਪੈਨਸਿਲਵੇਨੀਆ ਵਿਚ ‘ਟਾਊਨ ਹਾਲ’ ਨੂੰ ਸੰਬੋਧਨ ਕਰਦਿਆਂ ਅਮਰੀਕੀ ਸੰਸਦ ‘ਯੂਐੱਸ ਕੈਪੀਟਲ’ ਵਿਚ 6 ਜਨਵਰੀ 2021 ਨੂੰ ਹੋਏ ਦੰਗਿਆਂ ਦੇ ਹਵਾਲੇ ਨਾਲ ਕਿਹਾ ਕਿ ਇਸ ਘਟਨਾ ਨੂੰ ‘ਇਕ ਤਰ੍ਹਾਂ ਦਾ ਹਿੰਸਕ ਵਿਦਰੋਹ ਕਿਹਾ ਗਿਆ, ਜਦੋਂਕਿ ਅਜਿਹਾ ਨਹੀਂ ਹੈ।’’ ਕਾਬਿਲੇਗੌਰ ਹੈ ਕਿ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ ਹਾਰ ਮਗਰੋਂ ਟਰੰਪ ਵੱਲੋਂ ਚੋਣ ਨਤੀਜਿਆਂ ਉੱਤੇ ਸਵਾਲ ਚੁੱਕਣ ਮਗਰੋਂ ਉਨ੍ਹਾਂ ਦੇ ਹਮਾਇਤੀਆਂ ਨੇ 6 ਜਨਵਰੀ 2021 ਨੂੰ ਅਮਰੀਕੀ ਸੰਸਦ ਉੱਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ ਸੌ ਤੋਂ ਵੱਧ ਸੁਰੱਖਿਆ ਅਧਿਕਾਰੀ ਜ਼ਖ਼ਮੀ ਹੋ ਗਏ ਸਨ। ਮਸਕ ਨੇ ਕਿਹਾ, ‘‘ਟਰੰਪ ਨੇ ਅਸਲ ਵਿਚ ਲੋਕਾਂ ਨੂੰ ਹਿੰਸਕ ਨਾ ਹੋਣ ਲਈ ਕਿਹਾ ਸੀ ਤੇ ਉਨ੍ਹਾਂ ਆਪਣੇ ਹਮਾਇਤੀਆਂ ਨੂੰ ਸ਼ਾਂਤੀਪੂਰਨ ਤੇ ਦੇਸ਼ਭਗਤੀ ਨੂੰ ਕਾਇਮ ਰੱਖਦਿਆਂ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਹਾ ਸੀ।’’ ਦੱਸ ਦੇਈਏ ਕਿ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇ ਉਹ ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਜਿੱਤਦੇ ਹਨ ਤਾਂ ਉਹ ਮਸਕ ਨੂੰ ਆਪਣੇ ਪ੍ਰਸ਼ਾਸਨ ਵਿਚ ਅਹਿਮ ਜ਼ਿੰਮੇਵਾਰੀ ਦੇਣਗੇ।

You must be logged in to post a comment Login