ਓਟਵਾ, 2 ਫਰਵਰੀ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸਿਕੋ, ਕੈਨੇਡਾ ਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਕਰੜੇ ਟੈਕਸ ਲਗਾਉਣ ਸਬੰਧੀ ਇਕ ਹੁਕਮ ’ਤੇ ਸ਼ਨਿਚਰਵਾਰ ਨੂੰ ਸਹੀ ਪਾਈ ਹੈ। ਉਧਰ ਉੱਤਰੀ ਅਮਰੀਕੀ ਗੁਆਂਢੀ ਮੁਲਕਾਂ (ਕੈਨੇਡਾ ਤੇ ਮੈਕਸਿਕੋ) ਵੱਲੋਂ ਵਾਰੀ ਦੇ ਵੱਟੇ ਤਹਿਤ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਨਾਲ ਵਪਾਰਕ ਜੰਗ ਦਾ ਖ਼ਦਸ਼ਾ ਵਧ ਗਿਆ ਹੈ। ਇਸ ਦੌਰਾਨ ਚੀਨ ਨੇ ਟਰੰਪ ਦੀ ਇਸ ਪੇਸ਼ਕਦਮੀ ਨੂੰ ਲੈ ਕੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਲਾਏ ਟੈਕਸਾਂ ਨੂੰ ‘ਅਮਰੀਕੀਆਂ ਦੀ ਸੁਰੱਖਿਆ ਲਈ’ ਜ਼ਰੂਰੀ ਦੱਸਿਆ ਹੈ। ਟਰੰਪ ਨੇ ਤਿੰਨਾਂ ਮੁਲਕਾਂ ’ਤੇ ‘ਫੇਂਟੇਨਾਈਲ’ (ਦਰਦ ਤੋਂ ਆਰਾਮ ਦੇਣ ਵਾਲੀ ਦਵਾਈ) ਦੇ ਗੈਰਕਾਨੂੰਨੀ ਨਿਰਮਾਣ ਤੇ ਬਰਾਮਦ ਉੱਤੇ ਪਾਬੰਦੀ ਲਾਉਣ ਅਤੇ ਕੈਨੇਡਾ ਤੇ ਮੈਕਸਿਕੋ ਉੱਤੇ ਅਮਰੀਕਾ ਵਿਚ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਦਬਾਅ ਪਾਇਆ ਹੈ।
ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ 155 ਅਰਬ ਡਾਲਰ ਤੱਕ ਦੀ ਅਮਰੀਕੀ ਦਰਾਮਦ ’ਤੇ 25 ਫੀਸਦ ਟੈਕਸ ਲਗਾਏਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਮਰੀਕੀ ਸ਼ਰਾਬ ਤੇ ਫ਼ਲਾਂ ਦੇ 30 ਅਰਬ ਡਾਲਰ ਦੇ ਵਪਾਰ ’ਤੇ ਕੈਨੇਡਿਆਈ ਟੈਕਸ ਮੰਗਲਵਾਰ ਨੂੰ ਉਸੇ ਵੇਲੇ ਲਾਗੂ ਹੋ ਜਾਵੇਗਾ, ਜਦੋਂ ਅਮਰੀਕੀ ਟੈਕਸ ਅਮਲ ਵਿਚ ਆਉਣਗੇ। ਉਨ੍ਹਾਂ ਕਿਹਾ, ‘‘ਇਸ ਦਾ ਅਮਰੀਕੀ ਲੋਕਾਂ ’ਤੇ ਹਕੀਕੀ ਰੂਪ ਵਿਚ ਅਸਰ ਪਏਗਾ।’’ ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਕਰਿਆਣੇ ਦਾ ਸਾਮਾਨ ਤੇ ਹੋਰ ਵਸਤਾਂ ਦੀਆਂ ਕੀਮਤਾਂ ਵਧਣਗੀਆਂ।
You must be logged in to post a comment Login