ਟੀ. ਵੀ. ਪੱਤਰਕਾਰੀ ਭਾਸ਼ਾ ਦੀ ਮਰਯਾਦਾ ਭੁੱਲੀ

ਟੀ. ਵੀ. ਪੱਤਰਕਾਰੀ ਭਾਸ਼ਾ ਦੀ ਮਰਯਾਦਾ ਭੁੱਲੀ

ਸਿੱਖਿਆ ਦਾ ਜੀਵਨ ਦੇ ਹਰ ਖੇਤਰ ਵਿਚ ਵੱਡਾ ਮੁੱਲ ਮਹੱਤਵ ਹੈ। ਪੱਤਰਕਾਰੀ ਵਿਚ ਇਸਦੀ ਭੂਮਿਕਾ ਹੋਰ ਜ਼ਿੰਮੇਵਾਰੀ ਵਾਲੀ ਹੋ ਜਾਂਦੀ ਹੈ। ਨਵੇਂ-ਨਵੇਂ ਚੈਨਲ ਆਰੰਭ ਹੋਣ ਨਾਲ ਟੀ.ਵੀ. ਪੱਤਰਕਾਰੀ ਨਿੱਤ ਨਵੇਂ ਨਿਘਾਰ ਵੱਲ ਜਾ ਰਹੀ ਹੈ। ਭਾਸ਼ਾ ਦਾ, ਸ਼ਬਦ-ਚੋਣ ਦਾ ਮਸਲਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ।  ਆਮ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ, ਯੂ-ਟਿਊਬ ʼਤੇ ਦਰਸ਼ਕਾਂ ਦੀ ਗਿਣਤੀ ਵਧਾਉਣ ਲਈ ਕਈ ਚੈਨਲ, ਕਈ ਐਂਕਰ, ਕਈ ਅਧਿਕਾਰੀ ਅਜਿਹੇ ਸਿਰਲੇਖ ਘੜਦੇ ਹਨ, ਅਜਿਹੇ ਸ਼ਬਦ ਜੜ੍ਹਦੇ ਹਨ ਜਿਹੜੇ ਪੱਤਰਕਾਰੀ ਦੀ ਮਰਯਾਦਾ ਦੇ ਦਾਇਰੇ ਵਿਚ ਨਹੀਂ ਆਉਂਦੇ। ਹੈਰਾਨੀ ਹੁੰਦੀ ਹੈ ਕਿ ਕੀ ਇਹ ਪੱਤਰਕਾਰੀ ਦੀ ਭਾਸ਼ਾ ਹੈ?

ਜਿਹੜੇ ਪੱਤਰਕਾਰ ਨੇ ਵਿਧੀਬਧ ਢੰਗ ਨਾਲ ਕਾਲਜ, ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਸਿੱਖਿਆ ਹਾਸਲ ਕੀਤੀ ਹੁੰਦੀ ਹੈ ਉਹ ਅਜਿਹੀ ਕੁਤਾਹੀ ਕਰਨ ਤੋਂ ਗੁਰੇਜ਼ ਕਰਦਾ ਹੈ ਕਿਉਂਕਿ ਉਸਨੂੰ ਉਸਦੇ ਅਧਿਆਪਕਾਂ ਨੇ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਅਤੇ ਮਰਯਾਦਾ ਦਾ ਪਾਠ ਪੜਾਇਆ ਹੁੰਦਾ ਹੈ। ਸਮਾਜ ਪ੍ਰਤੀ, ਲੋਕਾਂ ਪ੍ਰਤੀ ਪੱਤਰਕਾਰੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਹੁੰਦਾ ਹੈ। ਪੱਤਰਕਾਰੀ ਦੀ ਭਾਸ਼ਾ ਦੇ ਮਿਆਰੀਕਰਨ ਤੇ ਲਛਮਣ ਰੇਖਾ ਬਾਰੇ ਸਮਝਾਇਆ ਹੁੰਦਾ ਹੈ। ਅਸੀਂ ਸਿਆਸੀ ਨੇਤਾਵਾਂ, ਗਾਇਕ ਕਲਾਕਾਰਾਂ ਦੁਆਰਾ ਭਾਸ਼ਾ ਦੀ ਮਰਯਾਦਾ ਭੰਗ ਕਰਨ ਦੀਆਂ ਗੱਲਾਂ ਅਕਸਰ ਕਰਦੇ ਹਾਂ। ਜੇ ਉਹੀ ਗੈਰ ਮਿਆਰੀ ਸ਼ਬਦਾਵਲੀ ਟੀ.ਵੀ. ਪੱਤਰਕਾਰ ਵਰਤਣਗੇ ਤਾਂ ਸਵਾਲੀਆ ਚਿੰਨ੍ਹ ਲੱਗਣਾ ਸੁਭਾਵਕ ਹੈ। ਜੇਕਰ ਖ਼ਬਰਾਂ ਦੀਆਂ ਸੁਰਖੀਆਂ ਅਤੇ ਸਿਰਲੇਖਾਂ ਵਿਚ ਸਹੀ, ਢੁੱਕਵੀਂ ਤੇ ਮਿਆਰੀ ਭਾਸ਼ਾ ਦਾ ਪ੍ਰਯੋਗ ਹੋਵੇਗਾ ਤਾਂ ਹੀ ਕਿਸੇ ਚੈਨਲ, ਕਿਸੇ ਐਂਕਰ, ਕਿਸੇ ਖ਼ਬਰ ਬੁਲਿਟਨ ਦਾ ਚੰਗਾ ਪ੍ਰਭਾਵ ਪਵੇਗਾ। ਪਰੰਤੂ ਇੱਥੇ ਮਸਲਾ ਸਭਿਅਕ ਸ਼ਬਦਾਵਲੀ ਦਾ ਹੈ। ਸਭਿਅਕ ਸ਼ਬਦ-ਚੋਣ ਤੋਂ ਲਾਂਭੇ ਜਾ ਕੇ ਅਜਿਹੇ ਯੂ-ਟਿਊਬ ਚੈਨਲ ਵਕਤੀ ਤੌਰ ʼਤੇ ਤਾਂ ਦਰਸ਼ਕਾਂ ਦੇ ਇਕ ਵਰਗ-ਵਿਸ਼ੇਸ਼ ਨੂੰ ਆਕਰਸ਼ਿਤ ਕਰ ਸਕਦੇ ਹਨ ਪਰੰਤੂ ਪੱਤਰਕਾਰੀ ਦੇ ਖੇਤਰ ਵਿਚ ਨਿਵੇਕਲੀ ਪਛਾਣ ਸਥਾਪਿਤ ਨਹੀਂ ਕਰ ਸਕਦੇ। ਜਦ ਪੰਜਾਬੀ ਟੀ.ਵੀ. ਪੱਤਰਕਾਰੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਅਜਿਹੀ ਪੱਤਰਕਾਰੀ ਨੂੰ ਇਸੇ ਪ੍ਰਸੰਗ ਵਿਚ ਯਾਦ ਕੀਤਾ ਜਾਏਗਾ।

ਪਰਵਾਸੀ ਪੰਜਾਬੀ ਅਤੇ ਭਾਰਤੀ ਚੈਨਲ

ਪਰਵਾਸੀ ਪੰਜਾਬੀਆਂ ਨੂੰ ਪੰਜਾਬ ਬਾਰੇ ਸਹੀ ਖ਼ਬਰ ਲੱਭਣ ਲਈ ਵੱਖ-ਵੱਖ ਅਖ਼ਬਾਰਾਂ, ਵੱਖ-ਵੱਖ ਚੈਨਲਾਂ ʼਤੇ ਜਾਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬੀ ਚੈਨਲਾਂ ʼਤੇ ਵਿਸ਼ਵਾਸ ਨਹੀਂ ਰਿਹਾ। ਵਿਸ਼ਵਾਸ ਪਹਿਲਾਂ ਵੀ ਡਗਮਗਾਉਂਦਾ ਸੀ ਪਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਬਾਅਦ ਨਵੇਂ ਮੁੱਖ ਮੰਤਰੀ ਦੀ ਚੋਣ ਬਾਰੇ ਖ਼ਬਰ ਨੂੰ ਪੰਜਾਬੀ ਚੈਨਲਾਂ ਨੇ ਜਿਵੇਂ ਪ੍ਰਸਾਰਿਤ ਕੀਤਾ ਅਤੇ ਨਾਂ ਦੀ ਘੋਸ਼ਨਾ ਵਾਲੇ ਦਿਨ ਇਸ ਖ਼ਬਰ ਦਾ ਜੋ ਤਮਾਸ਼ਾ ਬਣਾਇਆ, ਭਾਰਤ ਤੋਂ ਦੂਰ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦਾ ਮਨ ਉਚਾਟ ਹੋ ਗਿਆ। ਵੱਖ-ਵੱਖ ਮੁਲਕਾਂ ਵਿਚ ਰਹਿੰਦੇ ਪੰਜਾਬੀ ਉਥੋਂ ਦੀਆਂ ਅਖ਼ਬਾਰਾਂ, ਉਥੋਂ ਦੇ ਚੈਨਲਾਂ ਦੀਆਂ ਉਦਾਹਰਨਾਂ ਦਿੰਦੇ ਦੱਸਦੇ ਹਨ ਕਿ ਉਨ੍ਹਾਂ ਦੇ ਭਰੋਸੇਯੋਗ ਸੂਤਰ, ਸੱਚਮੁੱਚ ਭਰੋਸੇਯੋਗ ਹੁੰਦੇ ਹਨ। ਮੀਡੀਆ ਦੀ ਜ਼ਿੰਮੇਵਾਰੀ ਖ਼ਬਰਾਂ ਪ੍ਰਸਾਰਿਤ ਤੇ ਪ੍ਰਕਾਸ਼ਿਤ ਕਰਨ ਦੀ ਹੁੰਦੀ ਹੈ, ਜੱਜਮੈਂਟ ਦੇਣ ਦੀ ਨਹੀਂ। ਭਾਰਤੀ ਮੀਡੀਆ ਆਪਣੀਆਂ ਸੀਮਾਵਾਂ ਵਿਚ ਰਹਿਣਾ ਪਸੰਦ ਨਹੀਂ ਕਰਦਾ। ਮੀਡੀਆ ਦੀ ਜ਼ਿੰਮੇਵਾਰੀ ਖ਼ਬਰ ਦੀ ਰਿਪੋਰਟਿੰਗ ਕਰਨਾ ਹੈ, ਖ਼ਬਰ ਘੜਨਾ ਨਹੀਂ। ਖ਼ਬਰ ਨੂੰ ਖ਼ਬਰ ਵਾਂਗ ਪੇਸ਼ ਕਰਨਾ ਹੈ, ਨਾਟਕੀ ਰੰਗ ਭਰ ਕੇ ਮਨੋਰੰਜਨ ਕਰਨਾ ਨਹੀਂ।

ਸ਼ੋਸ਼ਲ ਮੀਡੀਆ ਦੀ ਲੋਕਪ੍ਰਿਯਤਾ

ਕੀ ਸ਼ੋਸ਼ਲ ਮੀਡੀਆ ਦੀ ਲੋਕਪ੍ਰਿਯਤਾ ਘੱਟ ਰਹੀ ਹੈ? ਇਸਦੇ ਜਵਾਬ ਜੁਦਾ ਜੁਦਾ ਹੋ ਸਕਦੇ ਹਨ। ਹਰੇਕ ਦਾ ਆਪਣਾ ਆਪਣਾ ਤਜੁਰਬਾ ਹੈ। ਪਰੰਤੂ ਜ਼ਮੀਨੀ ਹਕੀਕਤ ਸਰਵੇ ਅਤੇ ਤੱਥ ਅੰਕੜਿਆਂ ਨਾਲ ਸਾਹਮਣੇ ਆਉਂਦੀ ਹੈ। ਮੈਂ ਅੱਜ ਵੀ ਅਖ਼ਬਾਰ ਦੀ ਹਾਰਡ ਕਾਪੀ ਹੀ ਪੜ੍ਹਦਾ ਹਾਂ। ਫੋਨ ʼਤੇ, ਆਈ ਪੈਡ ʼਤੇ, ਲੈਪਟਾਪ ʼਤੇ, ਕੰਪਿਊਟਰ ਸਕਰੀਨ ʼਤੇ, ਅਖ਼ਬਾਰ ਪੜ੍ਹ ਕੇ ਆਨੰਦ ਨਹੀਂ ਆਉਂਦਾ। ਐਤਵਾਰ ਮੇਰੇ ਕੋਲ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਕਈ ਅਖ਼ਬਾਰਾਂ ਆਉਂਦੀਆਂ ਹਨ। ਜਿਨ੍ਹਾਂ ਵਿਚੋਂ ਬਹੁਤ ਕੁਝ ਪੜ੍ਹਨ ਸਾਂਭਣ ਲਈ ਮਿਲ ਜਾਂਦਾ ਹੈ। ਭਾਵੇਂ ਕੁਝ ਸਰਵੇ ਅਤੇ ਖ਼ਬਰਾਂ ਇਸ ਕਿਸਮ ਦੇ ਸੰਕੇਤ ਕਰਦੀਆਂ ਹਨ ਕਿ ਸ਼ੋਸ਼ਲ ਮੀਡੀਆ ਦਾ ਆਕਰਸ਼ਨ ਘੱਟ ਰਿਹਾ ਹੈ ਪਰੰਤੂ ਸਾਲ 2022 ਦੇ ਤਾਜ਼ਾ ਅੰਕੜੇ ਅਲੱਗ ਕਹਾਣੀ ਕਹਿ ਰਹੇ ਹਨ। ਗਲੋਬਲ ਵੈੱਬ ਇੰਡੈਕਸ ਦੇ ਜਨਵਰੀ 2022 ਦੇ ਸਰਵੇ ਅਨੁਸਾਰ ਦੁਨੀਆਂ ਦੀ ਕੁਝ ਜਨ ਸੰਖਿਆ ਦਾ 58.4 ਫੀਸਦੀ ਹਿੱਸਾ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ। ਔਸਤਨ ਰੋਜ਼ਾਨਾ 2 ਘੰਟੇ 27 ਮਿੰਟ ਇਸਦੀ ਵਰਤੋਂ ਹੁੰਦੀ ਹੈ। ਪਿਛਲੇ 12-14 ਮਹੀਨਿਆਂ ਦੌਰਾਨ 424 ਮਿਲੀਅਨ ਨਵੇਂ ਲੋਕ ਸ਼ੋਸ਼ਲ ਮੀਡੀਆ ਨਾਲ ਜੁੜੇ ਹਨ।

ਦੁਨੀਆਂ ਦੀ 61.8 ਫੀਸਦੀ ਵਸੋ ਇੰਟਰਨੈਟ ਦੀ ਵਰਤੋਂ ਕਰਦੀ ਹੈ। ਇਨ੍ਹਾਂ ਵਿਚੋਂ 4.2 ਫੀਸਦੀ ਸ਼ੋਸ਼ਲ ਮੀਡੀਆ ʼਤੇ ਸਰਗਰਮ ਨਹੀਂ ਹਨ। ਉਪਰੋਕਤ ਵਿਚੋਂ ਵੱਖ-ਵੱਖ ਖਿੱਤਿਆਂ ਦੀ ਫੀਸਦੀ ਵੱਖ-ਵੱਖ ਹੈ। ਪੂਰਬੀ ਏਸ਼ੀਆ 69, ਉਤਰੀ ਅਮਰੀਕਾ 82, ਦੱਖਣੀ ਅਮਰੀਕਾ 79, ਉਤਰੀ ਯੂਰਪ 85 ਅਤੇ ਪੱਛਮੀ ਯੂਰਪ 84 ਫੀਸਦੀ। ਇਹ ਗਿਣਤੀ ਦੱਖਣੀ ਏਸ਼ੀਆ ਵਿਚ 45, ਪੱਛਮੀ ਅਫ਼ਰੀਕਾ ਵਿਚ 16 ਅਤੇ ਮੱਧ ਅਫ਼ਰੀਕਾ ਵਿਚ 8 ਫ਼ੀਸਦੀ ਰਹਿ ਜਾਂਦੀ ਹੈ। ਕੋਵਿਡ-19 ਲਾਕਡਾਊਨ ਦੌਰਾਨ ਇਹ ਗਿਣਤੀ ਤੇਜ਼ੀ ਨਾਲ ਵਧੀ ਸੀ। ਸ਼ੋਸ਼ਲ ਮੀਡੀਆ ਵਿਚੋਂ ਫੇਸਬੁੱਕ, ਯੂ ਟਿਊਬ ਤੇ ਵੱਟਸਐਪ ਨਾਲ ਸਭ ਤੋਂ ਵੱਧ ਲੋਕ ਜੁੜੇ ਹੋਏ ਹਨ। ਇਸਤੋਂ ਬਾਅਦ ਟਵਿੱਟਰ, ਇੰਸਟਾਗ੍ਰਾਮ, ਟਿਕ ਟਾਕ, ਵੂਈ ਚੈਟ ਦੀ ਵਾਰੀ ਆਉਂਦੀ ਹੈ। ਫੇਸਬੁੱਕ ਦੀ ਵਰਤੋਂ ਵਿਚ 25 ਤੋਂ 34 ਸਾਲ ਦੀ ਉਮਰ ਦੇ ਪੁਰਖ ਦੁਨੀਆਂ ਵਿਚ ਸਭ ਤੋਂ ਅੱਗੇ ਹਨ। ਦੂਸਰਾ ਨੰਬਰ ਇਸੇ ਉਮਰ ਵਰਗ ਦੀਆਂ ਔਰਤਾਂ ਦਾ ਹੈ। ਕੁਲ ਗਿਣਤੀ ਵਿਚੋਂ ਅੱਧੇ ਲੋਕ ਸ਼ੋਸ਼ਲ ਮੀਡੀਆ ʼਤੇ ਕੇਵਲ ਖ਼ਬਰਾਂ ਵੇਖਣ, ਪੜ੍ਹਨ, ਸੁਣਨ ਲਈ ਹੀ ਜਾਂਦੇ ਹਨ। ਅਮੀਰ ਦੇਸ਼ਾਂ ਵਿਚ ਲੱਗਭਗ ਸਾਰੇ ਨੌਜਵਾਨ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਸ਼ੋਸ਼ਲ ਮੀਡੀਆ ਦੀ ਵਰਤੋਂ ਦਾ ਗ੍ਰਾਫ਼ ਦੁਨੀਆਂ ਦੇ ਵਧੇਰੇ ਦੇਸ਼ਾਂ ਵਿਚ ਲਗਾਤਾਰ ਵਧ ਰਿਹਾ ਹੈ ਪਰੰਤੂ ਕੁਝ ਵਿਚ ਘੱਟ ਰਿਹਾ ਹੈ। ਦੁਨੀਆਂ ਦੇ ਲੋਕ ਇਕ ਦੂਸਰੇ ਨਾਲ ਜੁੜਨਾ ਚਾਹੁੰਦੇ ਹਨ, ਜਾਣਕਾਰੀ ਸ਼ੇਅਰ ਕਰਨੀ ਚਾਹੁੰਦੇ ਹਨ, ਇਸ ਲਈ ਸ਼ੋਸ਼ਲ ਮੀਡੀਆ ਦਿਨੋਂ ਦਿਨ ਹੋਰ ਪਾਪੂਲਰ ਹੋ ਰਿਹਾ ਹੈ।  ਪਰੰਤੂ ਇਸਦੇ ਬੁਰੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਤਣਾਅ, ਚਿੰਤਾ, ਇਕੱਲਤਾ, ਮਾਨਸਿਕ ਵਿਕਾਰ ਵਰਗੇ ਲੱਛਣ ਸ਼ੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਨਾਲ ਜੁੜੇ ਹਨ।

You must be logged in to post a comment Login