ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਸੈਮੀ ਫਾਈਨਲ ’ਚ, ਭਾਰਤ ਹੋਿੲਆ ਬਾਹਰ

ਆਬੂਧਾਬੀ, 8 ਨਵੰਬਰ : ਨਿਊਜ਼ੀਲੈਂਡ ਅੱਜ ਸੁਪਰ 12 ਦੇ ਆਪਣੇ ਆਖਰੀ ਮੁਕਾਬਲੇ ’ਚ ਅਫ਼ਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਪਹੁੰਚ ਗਿਆ ਹੈ, ਜਦਕਿ ਉਸ ਦੀ ਇਸ ਜਿੱਤ ਨਾਲ ਭਾਰਤੀ ਟੀਮ ਖ਼ਿਤਾਬ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਆਸਟਰੇਲੀਆ, ਇੰਗਲੈਂਡ ਅਤੇ ਪਾਕਿਸਤਾਨ ਦੀਆਂ ਟੀਮਾਂ ਪਹਿਲਾਂ ਹੀ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪਹੁੰਚ ਚੁੱਕੀਆਂ ਹਨ।

ਨਿਊਜ਼ੀਲੈਂਡ ਦੇ ਇਹ ਮੈਚ ਹਾਰਨ ਨਾਲ ਭਾਰਤ ਦੇ ਸੈਮੀ ਫਾਈਨਲ ’ਚ ਪਹੁੰਚਣ ਦੇ ਆਸਾਰ ਸਨ, ਕਿਉਂਕਿ ਗਰੁੱਪ ਵਿੱਚ ਭਾਰਤੀ ਟੀਮ ਦੀ ਨੈੱਟ ਰਨ ਰੇਟ ਸਭ ਤੋਂ ਵੱਧ ਹੈ ਅਤੇ ਉਸ ਨੂੰ ਆਪਣੇ ਆਖਰੀ ਮੈਚ ਵਿੱਚ ਨਾਮੀਬੀਆਂ ਖ਼ਿਲਾਫ਼ ਜਿੱਤ ਦੀ ਲੋੜ ਸੀ। ਪਰ ਹੁਣ ਭਲਕੇ 8 ਨਵੰਬਰ ਨੂੰ ਹੋਣ ਵਾਲੇ ਭਾਰਤ-ਨਾਮੀਬੀਆ ਮੈਚ ਦੇ ਨਤੀਜੇ ਦਾ ਭਾਰਤ ਦੀ ਸੈਮੀ ਫਾਈਨਲ ਦੌੜ ਲਈ ਕੋਈ ਅਰਥ ਨਹੀਂ ਰਹਿ ਜਾਵੇਗਾ। ਇਸ ਤੋਂ ਪਹਿਲਾਂ ਨਿਊੁਜ਼ੀਲੈਂਡ ਦੀ ਟੀਮ ਨੇ ਅਫ਼ਗਾਨਿਸਤਾਨ ਵੱਲੋਂ ਮਿਲਿਆ 125 ਦੌੜਾਂ ਦਾ ਟੀਚਾ ਸਿਰਫ਼ 18.1 ਓਵਰਾਂ ਵਿੱਚ ਸਿਰਫ ਦੋ ਵਿਕਟਾਂ ਗੁਆ ਕੇ ਹੀ ਪੂਰਾ ਕਰ ਲਿਆ। ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ 40 ਅਤੇ ਡੇਵੋਨ ਕੌਨਵੇ ਨਾਬਾਦ 36 ਦੌੜਾਂ ਬਣਾਉਂਂਦਿਆਂ ਟੀਮ ਨੂੰ ਜਿੱਤ ਦਿਵਾਈ। ਟੀਮ ਦੀ ਜਿੱਤ ਵਿੱਚ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 28 ਅਤੇ ਡੈਰਿਲ ਮਿਸ਼ੇਲ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਅਫ਼ਗਾਨਿਸਤਾਨ ਵੱੱਲੋਂ ਰਾਸ਼ਿਦ ਖਾਨ ਅਤੇ ਮੁਜੀਬ ਉਰ ਰਹਿਮਾਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 124 ਦੌੜਾਂ ਬਣਾਈਆਂ ਸਨ। ਟੀਮ ਵੱਲੋਂ ਨਜੀਬਉੱਲ੍ਹਾ ਨੇ ਸਭ ਤੋਂ ਵੱਧ 73 ਦੌੜਾਂ ਬਣਾਈਆਂ। ਗੁਲਬਦਿਨ ਨੇ 15 ਅਤੇ ਕਪਤਾਨ ਮੁਹੰਮਦ ਨਬੀ ਨੇ 14 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਬਾਕੀ ਕੋਈ ਬੱਲੇਬਾਜ਼ ਦਹਾਈ ਦਾ ਅੰਕੜਾ ਨਾ ਛੂਹ ਸਕਿਆ। ਨਿਊੁਜ਼ੀਲੈਂਡ ਵੱਲੋਂ ਟਰੈਂਟ ਬੋਲਟ ਨੇ ਤਿੰਨ ਅਤੇ ਟਿਮ ਸਾਊਥੀ ਨੇ ਦੋ ਵਿਕਟਾਂ ਲਈਆਂ।

You must be logged in to post a comment Login